Ghazal#pennedbyAshvaniJaitly.
ਗ਼ਜ਼ਲ / ਅਸ਼ਵਨੀ ਜੇਤਲੀ
ਖਾਬਾਂ 'ਚ ਰੋਜ਼ ਆਉਣ ਦਾ ਕਾਰਾ ਉਹ ਕਰ ਰਹੇ
ਇਉਂ ਹੀ ਮੇਰੇ ਜਿਊਣ ਦਾ ਚਾਰਾ ਉਹ ਕਰ ਰਹੇ
ਨਾਂਹ ਨਾਂਹ ਉਹ ਹੱਸ ਕੇ ਕਹਿ ਰਹੇ, ਮਟਕਾ ਕੇ ਅੱਖੀਆਂ
ਲੱਗਦੈ ਕੋਈ ਇਕਰਾਰ ਦਾ ਇਸ਼ਾਰਾ ਉਹ ਕਰ ਰਹੇ
ਜੋ ਆਖਦੇ ਸੀ ਡੁੱਬਣਾ ਇਸ਼ਕੇ ਦੀ ਮੈਂ ਝਨਾਂ ਵਿੱਚ
ਖੜ੍ਹ ਕੇ ਕਿਨਾਰੇ ਕੁੱਦਣੋੰ ਕਿਨਾਰਾ ਉਹ ਕਰ ਰਹੇ
ਦਾਅਵਾ ਸੀ ਕਲਮ ਆਜ਼ਾਦ ਦਾ, ਲਿਖਣੇ ਪਏ ਕਸੀਦੇ
ਦਰਬਾਰੀ ਹੋ ਜਾਣਾ ਵੀ ਹੁਣ, ਗਵਾਰਾ ਉਹ ਕਰ ਰਹੇ
ਮਾਇਆ ਦਾ ਮੋਹ ਤਿਆਗੋ, ਭਗਤਾਂ ਨੂੰ ਆਖਦੇ ਨੇ
ਚੜ੍ਹਾਵੇ ਦੇ ਪੈਸੇ ਨਾਲ ਖੀਸਾ ਭਾਰਾ ਉਹ ਕਰ ਰਹੇ
ਮੰਗਦੇ ਖਵਾਜਾ ਪੀਰ ਤੋਂ ਸੀ ਮੀਂਹ ਜੋ ਖੇਤ ਖਾਤਰ
ਚੋਂਦੀ ਪਈ ਛੱਤ ਹੇਠ ਨੇ, ਗੁਜ਼ਾਰਾ ਉਹ ਕਰ ਰਹੇ
ਜਿਗਰਾ ਬੜਾ ਸੀ ਤੇਰਾ, ਪਰ ਬੇਬਸ ਗ਼ਮਾਂ ਨੇ ਕੀਤਾ
ਤੈਨੂੰ ਵੀ ਯਾਰ 'ਜੇਤਲੀ', ਵਿਚਾਰਾ ਉਹ ਕਰ ਰਹੇ