ਰੌਨੀ ਸਿੰਘ ਨੇ ਬਾਡੀਬਿਲਡਿੰਗ 'ਚ ਆਸਟ੍ਰੇਲੀਅਨ "ਸਟ੍ਰੌਂਗ ਮੈਨ" ਬਣ ਕੇ ਪੰਜਾਬੀਆਂ ਨੂੰ ਦਿੱਤਾ ਵੱਡਾ ਨਾਮਣਾ.
ਮੇਰੀ ਆਸਟਰੇਲੀਆਈ ਫੇਰੀ
ਮੇਰੀ ਆਸਟ੍ਰੇਲੀਆਈ ਫੇਰੀ ਦੌਰਾਨ ਮੈਲਬੌਰਨ ਵਿਖੇ ਆਸਟ੍ਰੇਲੀਅਨ ਬਾਡੀਬਿਲਡਿੰਗ ਵੱਲੋਂ ਮੋਰਾਵੈੱਨ ਦੇ ਆਰਟ ਸੈਂਟਰ ਹਾਲ ਵਿਖੇ ਆਈ.ਐੱਫ.ਬੀ.ਬੀ. ਪ੍ਰੋ-ਲੀਗ ਵੇਖਣ ਦਾ ਮੌਕਾ ਮਿਲਿਆ। ਜਿਸ 'ਚ ਵੱਖ ਵੱਖ ਆਸਟ੍ਰੇਲੀਆ ਤੋਂ ਇਲਾਵਾ ਬਾਕੀ ਕੌਮਾਂ ਦੇ ਵੱਸਦੇ ਬਾਡੀ ਬਿਲਡਰਾਂ ਨੇ ਆਪਣੇ ਹੁਨਰ ਦਾ ਮੁਜਾਹਰਾ ਕੀਤਾ, ਜਿਸ 'ਚ ਸੈਂਕੜੇ ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਸਭ ਤੋਂ ਵੱਡੀ ਸਕੂਨ ਵਾਲੀ ਗੱਲ ਇਹ ਰਹੀ ਕਿ ਓਪਨ ਵਰਗ 'ਚ ਜ਼ਿਲ੍ਹਾ ਅੰਮ੍ਰਿਤਸਰ ਦੇ ਜਨਮੇ 2007 'ਚ ਮੈਲਬੌਰਨ ਵਿਖੇ ਵਸੇ ਗੁਲਾਬ ਸਿੰਘ ਤੋਂ ਬਣੇ ਰੌਨੀ ਸਿੰਘ ਨੇ ਸਟ੍ਰੌਂਗ ਮੈਨ ਦਾ ਖਿਤਾਬ ਜਿੱਤ ਕੇ ਪੰਜਾਬੀਆਂ ਨੂੰ ਇੱਕ ਵੱਡਾ ਨਾਮਣਾ ਦਿੱਤਾ। ਮੇਰਾ ਕੁਦਰਤੀ ਸਬੱਬ ਬਣਿਆ ਕਿ ਮੈਂ ਆਪਣੇ ਦੋਸਤ ਨਵਦੀਪ ਸਿੰਘ ਬੱਲ, ਵਿੱਕੀ ਦਹੇਲਾ, ਬਾਈ ਬਿੱਕਰ ਸਿੰਘ ਫੂਲ, ਬੌਬੀ ਗਿੱਲ, ਵਿਲੋੰਨ ਬਾਜਰਾ, ਨਰਾਇਣ ਸਿੰਘ ਗਰੇਵਾਲ
ਹੁਰਾਂ ਨਾਲ ਇਹ ਬਾਡੀਬਿਲਡਿੰਗ ਮੁਕਾਬਲਾ ਦੇਖਣ ਲਈ ਗਿਆ। ਜਿਸ 'ਚ ਦੋ ਘੰਟੇ ਦੇ ਕਰੀਬ ਲੜਕੀਆਂ ਦੇ ਬਾਡੀਬਿਲਡਿੰਗ ਮੁਕਾਬਲੇ ਦੇਖਣਯੋਗ ਸਨ,ਜਦਕਿ ਸਾਡੇ ਮੁਲਕ 'ਚ ਲੜਕੀਆਂ ਦੇ ਬਾਡੀਬਿਲਡਿੰਗ ਮੁਕਾਬਲੇ ਇੰਨੇ ਪ੍ਰਚਲਤ ਨਹੀਂ ਹਨ। ਪਰ ਆਸਟ੍ਰੇਲੀਅਨ ਮੂਲ ਦੀਆਂ ਲੜਕੀਆਂ ਇਸ ਖੇਡ 'ਚ ਜ਼ਿਆਦਾ ਦਿਲਚਸਪੀ ਲੈਂਦੀਆਂ ਹਨ। ਮੁਕਾਬਲਿਆਂ ਦੀ ਸਮਾਪਤੀ ਤੋਂ ਬਾਅਦ ਰੌਨੀ ਸਿੰਘ ਨਾਲ ਮੇਰੀ ਵਿਸ਼ੇਸ਼ ਮੁਲਾਕਾਤ ਹੋਈ। ਰੌਨੀ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਜ਼ਿੰਦਗੀ ਦਾ ਸਫ਼ਰ ਅੰਮ੍ਰਿਤਸਰ ਤੋਂ ਸ਼ੁਰੂ ਕਰਦਿਆਂ ਅਤੇ ਡੀ.ਏ.ਵੀ ਸਕੂਲ ਤੋਂ ਪੜ੍ਹਾਈ ਹਾਸਲ ਕੀਤੀ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਭਲਵਾਨੀ ਨਾਲ ਜੁੜਿਆ ਹੋਇਆ ਹੈ ਤੇ ਉਸਦਾ ਪਿਉ, ਦਾਦੇ, ਤਾਏ, ਚਾਚੇ ਸਭ ਭਲਵਾਨੀ ਕਰਦੇ ਨੇ, ਜਦਕਿ ਉਨ੍ਹਾਂ ਦੇ ਪਿਤਾ ਮੁਖਤਿਆਰ ਸਿੰਘ ਦੀ ਖਾੜਕੂਵਾਦ ਦੌਰਾਨ ਮੌਤ ਹੋ ਗਈ ਸੀ। ਉਸ ਤੋਂ ਬਾਅਦ ਜ਼ਿੰਦਗੀ ਦੀਆਂ ਤੰਗੀਆਂ ਤਰੁਟੀਆਂ ਦਾ ਸਾਹਮਣਾ ਕਰਦਿਆਂ ਗੁਲਾਬ ਸਿੰਘ ਨੇ ਪਹਿਲਾਂ ਕੁਸ਼ਤੀ ਤੋਂ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ। ਫੇਰ ਵੇਟਲਿਫਟਿੰਗ ਤੇ ਬਾਸਕਟਬਾਲ ਵੱਲ੍ਹ ਝੁਕਾਅ ਕੀਤਾ ਤਾਂ ਉਥੇ ਵੀ ਗੱਲ ਨਾ ਬਣੀ। ਉਸ ਤੋਂ ਬਾਅਦ ਉਨ੍ਹਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਅਤੇ ਉਹ ਕਬੱਡੀ ਦੇ ਵਧੀਆ ਜਾਫੀ ਬਣ ਚੱਲੇ ਸਨ ਪਰ ਉਨ੍ਹਾਂ ਦੇ ਮਨ ਦਾ ਟਿਕਾੳ ਨਹੀਂ ਸੀ ਬਣ ਰਿਹਾ। ਅਖ਼ੀਰ ਉਨ੍ਹਾਂ ਨੇ ਬਾਡੀ ਬਿਲਡਿੰਗ ਵੱਲ੍ਹ ਆਪਣਾ ਝੁਕਅ ਕੀਤਾ। ਕਾਫੀ ਮਿਹਨਤ ਮੁਸ਼ੱਕਤ ਬਾਅਦ ਉਨ੍ਹਾਂ ਨੇ ਮਿਸਟਰ ਇੰਡੀਆ ਦਾ ਬਾਡੀ ਬਿਲਡਿੰਗ ਦਾ ਖਿਤਾਬ ਜਿੱਤਿਆ, ਉਸ ਤੋਂ ਬਾਅਦ ਉਨ੍ਹਾਂ ਨੇ ਇਟਲੀ ਵਿਖੇ ਹੋਏ ਮਿਸਟਰ ਯੂਨੀਵਰਸ ਬਾਡੀਬਿਲਡਿੰਗ ਮੁਕਾਬਲਿਆਂ 'ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਦੁਨੀਆ ਦੇ 7 ਸਿਖਰਲੇ ਬਾਡੀ ਬਿਲਡਰਾਂ 'ਚ ਆਪਣੀ ਪਹਿਚਾਣ ਨੂੰ ਦਰਸਾਇਆ। ਇੰਡੀਆ 'ਚ ਸਟੇਟ ਲੈਵਲ ਤੋਂ ਲੈ ਕੇ ਕੌਮੀ ਪੱਧਰ ਦੇ ਕਈ ਮੁਕਾਬਲੇ ਉਸਨੇ ਆਪਣੇ ਨਾਮ ਕੀਤੇ। ਇਟਲੀ ਵਿਖੇ ਉਸਨੂੰ ਕਈ ਫੈਸ਼ਨ ਕੰਪਨੀਆਂ ਨੇ ਮਾਡਲਿੰਗ ਲਈ ਪਹੁੰਚ ਕੀਤੀ। ਸਾਲ 2007 'ਚ ਉਹ ਪਰਿਵਾਰਕ ਤੌਰ 'ਤੇ ਆਸਟ੍ਰੇਲੀਆ ਆ ਗਏ। ਜਿਥੇ ਉਨ੍ਹਾਂ ਨੇ ਕੋਚ ਸਟੈਫੀ ਲੌਕੀ ਤੋਂ ਬਾਡੀਬਿਲਡਿੰਗ ਦੇ ਆਧੁਨਿਕ ਗੁਣ ਸਿੱਖੇ। ਗੁਲਾਬ ਸਿੰਘ ਤੋਂ ਬਣੇ ਰੌਨੀ ਸਿੰਘ ਨੇ ਦੱਸਿਆ ਕਿ ਗੁਰੂ ਬਿਨਾ ਕਦੇ ਵੀ ਗਤਿ ਨਹੀਂ ਹੁੰਦੀ ਕਿ ਜੇਕਰ ਉਹ ਇਟਾਲੀਅਨ ਕੋਚ ਰੌਬਰਟ ਕਬਾਸ ਤੋਂ ਪ੍ਰੇਰਣਾ ਨਾ ਲੈਂਦਾ ਤੇ ਆਪਣੇ ਕੋਚ ਸਟੈਫੀ ਲੌਕੀ ਤੋਂ ਟ੍ਰੇਨਿੰਗ ਨਾ ਲੈਂਦਾ ਤਾਂ ਉਹ ਇਸ ਮੁਕਾਮ 'ਤੇ ਪਹੁੰਚ ਨਹੀਂ ਸਕਦਾ ਸੀ। ਉਨ੍ਹਾਂ ਨੇ ਕੋਚ ਸਟੈਫੀ ਲੌਕੀ ਦਾ ਉਚੇਚਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਅੱਜ ਬਾਡੀਬਿਲਡਿੰਗ 'ਚ ਜੋ ਵੀ ਮੁਕਾਮ ਹੈ ਉਹ ਉਸਦੇ ਕੋਚ ਦੀ ਬਦੌਲਤ ਹੈ। ਆਸਟ੍ਰੇਲੀਆ ਤੋਂ ਸਪੋਰਟਸ ਸਾਇੰਸ ਦੀ ਡਿਗਰੀ ਹਾਸਲ ਕਰਨ ਵਾਲਾੇ ਰੌਨੀ ਸਿੰਘ ਨੇ ਇਸ ਵੇਲੇ ਵਿਸ਼ਵ ਪੱਧਰ ਦੇ ਮੁਕਾਬਲਿਆਂ 'ਚ 15 ਦੇ ਕਰੀਬ ਮੈਡਲ ਜਿੱਤੇ ਹਨ। ਭਾਵੇਂ ਉਸਦਾ ਅਗਲਾ ਨਿਸ਼ਾਨਾ ਵਰਲਡ ਲੈਵਲ ਦੇ ਓਲੰਪੀਆ ਬਾਡੀਬਿਲਡਿੰਗ ਮੁਕਾਬਲਿਆਂ 'ਚ ਖਿਤਾਬ ਜਿੱਤਣਾ ਹੈ ਜੋ ਇਸ ਸਾਲ ਅਮਰੀਕਾ ਵਿਖੇ ਹੋਣੇ ਹਨ। ਉਸਨੇ ਆਖਿਆ, ਕਿ ਉਸਦਾ ਜੋ ਅਗਲਾ ਨਿਸ਼ਾਨਾ ਹੈ, ਉਹ ਬਾਡੀਬਿਲਡਿੰਗ ਜ਼ਰੀਏ ਬਾਲੀਵੁੱਡ 'ਚ ਜਾਣਾ ਹੈ। ਰੌਨੀ ਸਿੰਘ ਦੀਆਂ ਪ੍ਰਾਪਤੀਆਂ ਤੇ ਸਰੀਰਕ ਦਿੱਖ ਨੂੰ ਦੇਖਦਿਆਂ ਬਾਲੀਵੁੱਡ ਤੋਂ ਕਈ ਵੱਡੀਆਂ ਆਫ਼ਰਾਂ ਆਈਆਂ ਹਨ। ਆਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਨਵੰਬਰ ਮਹੀਨੇ ਤੋਂ ਮੁੰਬਈ ਦੀ ਫ਼ਿਲਮੀ ਦੁਨੀਆ 'ਚ ਡੇਰੇ ਲਾਏਗਾ। ਇਹ ਸਮਾਂ ਹੀ ਦੱਸੇਗਾ ਕਿ ਸਫ਼ਲਤਾ ਉਸਦੇ ਫਿਲਮੀ ਖੇਤਰ 'ਚ ਕਿੰਨੇ ਕੁ ਪੈਰ ਚੁੰਮਦੀ ਹੈ ਜਾਂ ਫੇਰ ਬਾਡੀਬਿਲਡਿੰਗ ਦੀ ਦੁਨੀਆ 'ਚ ਉਹ ਕਿੰਨੀ ਕੁ ਵੱਡੀ ਉਡਾਰੀ ਮਾਰਦਾ ਹੈ, ਪਰ ਅਜੇ ਵੀ 32 ਸਾਲ ਦੀ ਉਮਰ 'ਚ ਰੌਨੀ ਸਿੰਘ ਦਾ ਸੰਘਰਸ਼ ਜਾਰੀ ਹੈ। ਆਖ਼ਰ ਪੰਜਾਬੀ ਨੌਜਵਾਨਾਂ ਉਸਨੇ ਸੁਨੇਹਾ ਦਿੰਦਿਆਂ ਆਖਿਆ ਡਰੱਗ ਜਾਂ ਹੋਰ ਨਸ਼ੇ ਕਿਸੇ ਵੀ ਖੇਡ ਦਾ ਕੋਈ ਇਲਾਜ ਨਹੀਂ । ਕਿਸੇ ਵੀ ਖੇਡ 'ਚ ਆਪਣਾ ਨਿਸ਼ਾਨਾ ਮਿੱਥੋ, ਇਮਾਨਦਾਰੀ ਨਾਲ ਕੀਤੀ ਮਿਹਨਤ, ਵਾਰ ਵਾਰ ਦੀਆਂ ਹੋਈਆਂ ਅਸਫਲਤਾਵਾਂ ਇੱਕ ਨਾ ਇੱਕ ਦਿਨ ਬੰਦੇ ਨੂੰ ਸਫਲਤਾ ਦੇ ਨਿਸ਼ਾਨੇ 'ਤੇ ਪਹੁੰਚਾ ਦਿੰਦੀਆਂ ਹਨ, ਪਰ ਇਰਾਦਾ ਬਹੁਤ ਹੀ ਦ੍ਰਿੜ ਹੋਣਾ ਚਾਹੀਦਾ ਹੈ ਅਤੇ ਸਖ਼ਤ ਮਿਹਨਤ ਦਾ ਅਮਲੀ ਜਾਮਾ ਕਦੇ ਵੀ ਤਿਆਗਣਾ ਨਹੀਂ ਚਾਹੀਦਾ। ਸਮਰਪਤ ਭਾਵਨਾ ਤੇ ਇਮਾਨਦਾਰੀ ਬੰਦੇ ਨੂੰ ਉਸਦੀ ਮੰਜ਼ਿਲ 'ਤੇ ਪਹੁੰਚਾ ਦਿੰਦੀ ਹੈ। ਇਹ ਸਭ ਕੁਝ ਮੈਂ ਆਪਣੀ ਵੀ ਜ਼ਿੰਦਗੀ 'ਚ ਤਜ਼ਰਬਾ ਕਰਕੇ ਦੇਖਿਆ ਹੈ ਤੇ ਅੱਜ ਉਸ ਮਿੱਟੀ 'ਤੇ ਘੁਲਦਾ- ਘੁਲਦਾ ਦੁਨੀਆ ਦੇ ਇਸ ਮੁਕਾਮ 'ਤੇ ਪਹੁੰਚਿਆ ਹਾਂ। ਗੁੱਡ ਲੱਕ ਰੌਨੀ ਸਿੰਘ
ਜਗਰੂਪ ਸਿੰਘ ਜਰਖੜ
(ਲੇਖਕ ਖੇਡ ਮੈਗ਼ਜ਼ੀਨ "ਖੇਡ ਮੈਦਾਨ ਬੋਲਦਾ ਹੈ"
ਦਾ ਸੰਪਾਦਕ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਖੇਡ ਪੱਤਰਕਾਰ ਅਤੇ ਖੇਡ ਪ੍ਰਮੋਟਰ ਹੈ)