*'ਅਜ਼ਾਦੀ ਕਾ ਅੰਮ੍ਰਿਤ' ਮਹਾਂਉਤਸਵ ਤਹਿਤ ਕੌਮੀ ਸ਼ਾਹ ਮਾਰਗਾਂ ਦੇ ਨਾਲ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ*.

 


 ਵਾਤਾਵਰਣ ਪੱਖੀ ਹਾਈਵੇਅ ਵਿਕਸਤ ਕਰਨ ਲਈ ਲਗਾਏ 2080 ਬੂਟੇ : ਪੰਚਾਲ


 ਲੁਧਿਆਣਾ, 17 ਜੁਲਾਈ (ਲਲਿਤ ਬੇਰੀ)-

 'ਆਜਾਦੀ ਕਾ ਅੰਮ੍ਰਿਤ' ਮਹਾਂਉਤਸਵ ਦੇ ਤਹਿਤ 'ਲੈੱਟ'ਸ ਕਲੀਨ ਲੁਧਿਆਣਾ ਫਾਊਂਡੇਸ਼ਨ' ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ, ਲੁਧਿਆਣਾ ਵੱਲੋਂ ਐਤਵਾਰ ਨੂੰ ਜ਼ਿਲ੍ਹੇ ਵਿੱਚ ਹਾਈਵੇਅ ਦੇ ਨਾਲ-ਨਾਲ ਲਾਡੋਵਾਲ ਟੋਲ ਪਲਾਜ਼ਾ ਵਿਖੇ ਏ.ਡੀ.ਸੀ. (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਦੇ ਨਾਲ NHAI ਦੇ ਪ੍ਰੋਜੈਕਟ ਡਾਇਰੈਕਟਰ ਕੇ.ਐਲ ਸਚਦੇਵਾ ਅਤੇ 'ਲੈੱਟ'ਸ ਕਲੀਨ ਲੁਧਿਆਣਾ ਫਾਊਂਡੇਸ਼ਨ' ਦੀ ਚੇਅਰਪਰਸਨ ਮ੍ਰਿਦੁਲਾ ਜੈਨ ਨੇ ਵੀ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਬੂਟੇ ਲਗਾਏ।

ਸ੍ਰੀ ਪੰਚਾਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮਨਾਉਣ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦਾ ਇੱਕ ਹਿੱਸਾ ਸੀ, ਜਿਸ ਵਿੱਚ 2080 ਬੂਟੇ ਲਗਾਏ ਗਏ। ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਹਰਿਆਵਲ ਵਧਾਉਣ ਲਈ ਇਹ ਮੁਹਿੰਮ ਸਮੇਂ ਦੀ ਮੁੱਖ ਲੋੜ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜ਼ਿਲ੍ਹੇ ਵਿੱਚ ਇਸ ਮੌਨਸੂਨ ਦੌਰਾਨ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਕਾਰਜ ਵਿੱਚ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਅਤੇ ਆਪਣੇ ਇਲਾਕੇ ਵਿੱਚ ਬੂਟੇ ਲਗਾਉਣ ਲਈ ਕਿਹਾ।


 ਉਨ੍ਹਾਂ ਲੁਧਿਆਣਾ ਦੇ ਕਈ ਹਿੱਸਿਆਂ ਵਿੱਚ ਰੁੱਖ ਲਗਾਉਣ ਲਈ ਮ੍ਰਿਦੁਲਾ ਜੈਨ ਦਾ ਵੀ ਧੰਨਵਾਦ ਕੀਤਾ।


 NHAI ਲੁਧਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਕੇ.ਐੱਲ. ਸਚਦੇਵਾ ਨੇ ਕਿਹਾ ਕਿ ਇਹ ਮੁਹਿੰਮ ਦੇਸ਼ ਭਰ ਵਿੱਚ ਵਾਤਾਵਰਣ ਪੱਖੀ ਹਾਈਵੇਅ ਵਿਕਸਤ ਕਰਨ ਲਈ ਚਲਾਈ ਗਈ ਹੈ ਅਤੇ ਬੂਟਿਆਂ ਦੀ ਸੰਭਾਲ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ।