ਪ੍ਰਸਿੱਧ ਵਿਦਵਾਨ ਅਤੇ ਲੇਖਕ ਡਾਕਟਰ ਸਰੂਪ ਸਿੰਘ ਅਲੱਗ ਦਾ ਦੇਹਾਂਤ .
ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਸਰਦਾਰ-ਏ-ਕੌਮ' ਦੇ ਐਵਾਰਡ ਨਾਲ ਸਨਮਾਨਿਤ ਵੱਖ ਵੱਖ ਭਾਸ਼ਾਵਾਂ ਵਿੱਚ 110 ਦੇ ਕਰੀਬ ਧਾਰਮਿਕ ਪੁਸਤਕਾਂ ਦੇ ਲੇਖਕ ਅਤੇ ਵਿਦਵਾਨ ਡਾ: ਸਰੂਪ ਸਿੰਘ ਅਲੱਗ ਨਹੀਂ ਰਹੇ। ਉਹ 86 ਵਰ੍ਹਿਆਂ ਦੇ ਸਨ।
ਡਾ: ਅਲੱਗ ਪਿਛਲੇ ਲਗਪਗ ਡੇਢ ਮਹੀਨੇ ਤੋਂ ਸੀਐਮਸੀ ਹਸਪਤਾਲ ਵਿੱਚ ਇਲਾਜ ਅਧੀਨ ਸਨ ਜਿੱਥੇ ਅੱਜ ਸ਼ਾਮ ਉਨ੍ਹਾਂ ਅੰਤਮ ਸਾਹ ਲਿਆ। ਡਾ: ਸਰੂਪ ਸਿੰਘ ਅਲੱਗ ਵੱਲੋਂ ਅਲੱਗ ਸ਼ਬਦ ਯੱਗ ਟਰੱਸਟ ਦੀ ਸਥਾਪਨਾ ਕਰਕੇ ਕਰੋੜਾਂ ਰੁਪਏ ਦੇ ਮੁੱਲ ਦੀਆਂ ਇਹ ਪੁਸਤਕਾਂ ਲੰਗਰ ਦੇ ਰੂਪ ਵਿੱਚ ਲੋਕਾਂ ਨੂੰ ਵੰਡੀਆਂ ਗਈਆਂ ਹਨ। ਉਨ੍ਹਾਂ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਲਿਖੀ ਪੁਸਤਕ 'ਹਰਿਮੰਦਰ ਦਰਸ਼ਨ' ਦੇ 218 ਐਡੀਸ਼ਨ ਪ੍ਰਕਾਸ਼ਿਤ ਹੋਏ ਸਨ ਇਹ ਪੁਸਤਕ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਵੰਡੀ ਜਾ ਰਹੀ ਹੈ। ਇਹ ਪੁਸਤਕ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਪ੍ਰਕਾਸ਼ਤ ਕੀਤੀ ਗਈ ਹੈ। ਇਸ ਪੁਸਤਕ ਨੇ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਇਨਾਮ ਵੀ ਜਿੱਤਿਆ ਹੈ।
ਡਾ ਸਰੂਪ ਸਿੰਘ ਅਲੱਗ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਸੂਚਨਾ ਅਫ਼ਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ ਅਤੇ ਉਸਤੋਂ ਬਾਅਦ ਧਾਰਮਿਕ ਪੁਸਤਕਾਂ ਦੀ ਪ੍ਰਕਾਸ਼ਨਾ ਵਿੱਚ ਲੱਗ ਗਏ ਸਨ। ਉਨ੍ਹਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਇਹ ਪੁਸਤਕਾਂ ਮੁਫ਼ਤ ਵੰਡਕੇ ਇਕ ਰਿਕਾਰਡ ਬਣਾਇਆ ਗਿਆ ਹੈ। ਡਾ: ਅਲੱਗ ਨੂੰ ਦੇਸ਼ ਵਿਦੇਸ਼ ਵਿੱਚ ਸੈਂਕੜੇ ਐਵਾਰਡ ਹਾਸਲ ਹੋਏ ਸਨ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਿੰਸੀਪਲ ਗੰਗਾ ਸਿੰਘ ਯਾਦਗਾਰੀ ਐਵਾਰਡ ਨਾਲ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।