ਪੰਜਾਬ ਦੀ ਨਵੀਂ ਖੇਡ ਨੀਤੀ ਤੋਂ ਉਮੀਦਾਂ.
-ਕਰਨ ਜੇਤਲੀ
ਪੰਜਾਬ ਦੇ ਖੇਡਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿਛਲੇ ਦਿਨ ਖੇਡਾਂ ਨੂੰ ਲੈਕੇ ਇੱਕ ਵੱਡਾ ਐਲਾਨ ਕੀਤਾ ਹੈ। ਐਲਾਨ ਇਹ ਕਿ ਪੰਜਾਬ ਦੀ ਨਵੀਂ ਖੇਡ ਨੀਤੀ ਯਾਨੀ ਸਪੋਰਟਸ ਪਾਲਿਸੀ ਦਾ ਖਾਕਾ ਤਿਆਰ ਹੋ ਰਿਹਾ ਹੈ ਤੇ ਜਲਦੀ ਹੀ ਇਸਦਾ ਐਲਾਨ ਕਰ ਦਿੱਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਇੱਕ ਚੰਗੀ ਖਬਰ ਹੈ। ਪਰ ਜੇ ਅਮਲ ਵੀ ਹੋਵੇ। ਹੁਣ ਤਕ ਤਾਂ ਐਲਾਨ ਵੱਡੇ ਵੱਡੇ ਹੁੰਦੇ ਆਏ ਹਨ ਪਰ ਅਮਲ ਜ਼ੀਰੋ। ਅਕਸਰ ਏਦਾਂ ਹੀ ਹੁੰਦਾ ਹੈ। ਇੱਥੇ ਸਿਰਫ ਇੱਕ ਮਿਸਾਲ ਹੀ ਕਾਫ਼ੀ ਹੈ। ਕਾਮਨਵੈਲਥ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਲੁਧਿਆਣਾ ਦੇ ਇੱਕ ਲਾਗਲੇ ਪਿੰਡ ਦੀ ਰਮਨਦੀਪ ਕੌਰ ਗੁਰਬਤ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੈ। ਰਮਨਦੀਪ ਕੌਰ ਕਾਮਨਵੈਲਥ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਦੇ ਬਾਵਜੂਦ ਮਾੜੇ ਦੌਰ 'ਚੋਂ ਲੰਘ ਰਹੀ ਹੈ। ਲੋਕਾਂ ਦੇ ਕੱਪੜੇ ਸਿਉਂ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਲੁਧਿਆਣਾ ਦੇ ਵਿੱਚ ਇੱਕ ਪਿੰਡ ਦੇ ਅੰਦਰ ਛੋਟੇ ਜਿਹੇ ਮਕਾਨ ਵਿੱਚ ਰਹਿ ਰਹੀ ਰਮਨਦੀਪ ਕੌਰ ਖੇਡ ਦੀ ਦੁਨੀਆ ਦੀ ਚੈਂਪੀਅਨ ਹੈ। ਯੋਗਤਾ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਦਿੱਤੀ ਗਈ। ਉਸ ਦੇ ਘਰ ਮੈਡਲਾਂ ਦੇ ਢੇਰ ਲੱਗੇ ਹੋਏ ਨੇ ਜਿਨ੍ਹਾਂ ਨਾਲ ਹੁਣ ਉਸ ਦੇ ਬੱਚੇ ਖੇਡਦੇ ਨੇ। ਕਦੇ ਕਿਸੇ ਖਿਡਾਰੀ ਤੋਂ ਹਾਰ ਨਾ ਮੰਨਣ ਵਾਲੀ ਰਮਨਦੀਪ ਹੁਣ ਆਪਣੀ ਹੀ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਚੁੱਕੀ ਹੈ ਅਤੇ ਨੌਕਰੀ ਲਈ ਸਰਕਾਰਾਂ ਦੇ ਦਰਬਾਰਾਂ ਦੇ ਵਿਚ ਜਾ ਜਾ ਕੇ ਥੱਕ ਚੁੱਕੀ ਹੈ। ਉਹ ਆਖਦੀ ਹੈ ਕਿ ਸਰਕਾਰ ਜੇਕਰ ਉਸ ਨੂੰ ਨੌਕਰੀ ਨਹੀਂ ਦੇ ਸਕਦੀ ਤਾਂ ਉਸ ਨੂੰ ਐਨ ਓ ਸੀ ਦੇ ਦੇਵੇ ਤਾਂ ਜੋ ਓਹ ਆਪਣੇ ਪਰਿਵਾਰ ਨੂੰ ਲੈਕੇ ਹਰਿਆਣਾ ਜਾਂ ਕਿਸੇ ਹੋਰ ਸੂਬੇ ਵਿੱਚ ਜਾ ਕੇ ਖੇਡ ਸਕੇ।
ਇਹ ਤਾਂ ਹੈ ਸਿਰਫ਼ ਇੱਕ ਮਿਸਾਲ ਹੈ। ਏਦਾਂ ਦੇ ਅਨੇਕਾਂ ਹੋਰ ਵੀ ਕਿੱਸੇ ਬਿਆਨ ਕੀਤੇ ਜਾ ਸਕਦੇ ਹਨ। ਚੰਗੀ ਗੱਲ ਹੈ ਕਿ ਸਰਕਾਰ ਨਵੀਂ ਖੇਡ ਨੀਤੀ ਬਨਾਉਣ ਸਮੇਂ ਖਿਡਾਰੀਆਂ ਦੇ ਰੁਜ਼ਗਾਰ ਦਾ ਖਿਆਲ ਰੱਖਣ ਜਾ ਰਹੀ ਹੈ। ਪਰ ਇਹ ਮਹਿਜ਼ ਕਾਗ਼ਜ਼ੀ ਐਲਾਨ ਨਾ ਹੋਵੇ ਸਗੋਂ ਅਮਲੀ ਐਲਾਨ ਹੋਵੇ ਤਾਂ ਜੋ ਦੇਸ਼ ਹੀ ਨਹੀਂ ਵਿਸ਼ਵ ਭਰ ਵਿੱਚ ਪੰਜਾਬ ਦੇ ਖਿਡਾਰੀ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰ ਸਕਣ।