ਆਨੰਦਪੁਰ ਸਾਹਿਬ ਇਲਾਕੇ ਦੇ ਲੋਕ ਗੀਤ ਰਣਜੂਝਣੇ ਦਾ ਸੰਗ੍ਰਹਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਨੂੰ ਭੇਂਟ.

 


ਲੁਧਿਆਣਾ, 9 ਜਨਵਰੀ (ਕੁਨਾਲ ਜੇਤਲੀ)-


ਪੁਆਧ ਇਲਾਕੇ ਦੀ ਤਹਿਸੀਲ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਲੋਕ ਗੀਤ ਪੁਸਤਕ ਪ੍ਰਸਿੱਧ ਖੋਜੀ ਵਿਦਵਾਨ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਮੈਂਬਰ ਡਾਃਸੁਨੀਤਾ ਰਾਣੀ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਭੇਂਟ ਕੀਤੀ। 

ਪੁਆਧ ਖਿੱਤੇ ਦੇ ਲੋਕ ਗੀਤਾਂ ਨਾਲ ਭਰਪੂਰ ਇਸ ਪੁਸਤਕ ਵਿੱਚ  ਸ਼ਾਮਿਲ ਲੋਕ ਗੀਤਾਂ ਨੂੰ ਰਣਜੂਝਣੇ ਨਾਮ ਦਿੱਤਾ ਗਿਆ ਹੈ। ਇਸ ਮੌਕੇ ਡਾਃ ਸੁਨੀਤਾ ਰਾਣੀ ਨੇ ਦੱਸਿਆ ਕਿ ਰਣਜੂਝਣੇ ਨਾਮ ਨੂੰ ਰਣਭੂਮੀ ਵਿੱਚ ਉਪਜੇ ਗੀਤਾਂ ਦੇ ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ ਹੈ। ਇਸ ਕਾਰਜ ਵਿੱਚ ਉਸ  ਨਾਲ ਸੀਮਾ ਦੇਵੀ ਤੇ ਪ੍ਰਵੀਨ ਕੁਮਾਰ ਸੈਣੀ ਨੇ ਮਦਦ ਕੀਤੀ ਹੈ। ਇਹ ਸਾਂਝਾ ਯਤਨ  ਯਕੀਨਨ ਸਾਨੂੰ ਨਵੇਂ ਦਿਸਹੱਦਿਆਂ ਵੱਲ ਵੇਖਣ ਪਹੁੰਚਣ ਦੀ ਪ੍ਰੇਰਨਾ ਦੇਵੇਗਾ। 

ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਵਡਮੁੱਲੀ ਖੋਜ ਪੁਸਤਕ ਪ੍ਰਵਾਨ ਕਰਦਿਆਂ ਕਿਹਾ ਕਿ ਵੰਨ ਸੁਵੰਨਤਾ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਕਤੀ ਹੈ। ਲੋਕ ਗੀਤਾਂ ਵਿੱਚ ਵੀ ਇਹ ਵੰਨਸੁਵੰਨਤਾ ਮੇਰੇ ਲਈ ਲੱਭਤ ਵਾਂਗ ਹੈ। ਮੈਂ ਪਹਿਲੀ ਵਾਰ ਰਣਜੂਝਣੇ ਸ਼ਬਦ ਦੇ ਰੂਬਰੂ ਹੋਇਆ ਹਾਂ। 

ਉਨ੍ਹਾਂ ਡਾਃ ਸੁਨੀਤਾ ਰਾਣੀ ਤੇ ਸਹਿਯੋਗੀਆਂ ਨੂੰ ਇਸ ਨੇਕ ਖੋਜ ਕਾਰਜ ਲਈ ਸ਼ਲਾਘਾ ਕਰਦਿਆਂ ਸਪਤਰਿਸ਼ੀ ਪ੍ਰਕਾਸ਼ਨ ਨੂੰ  ਇਸ ਦੇ ਸੁੰਦਰ ਪ੍ਰਕਾਸ਼ਨ ਲਈ ਮੁਬਾਰਕ ਦਿੱਤੀ। 

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਹ ਲੋਕ ਗੀਤ ਪੰਜਾਬੀ ਪਾਠਕਾਂ ਲਈ ਲਈ ਵਡਮੁੱਲੇ ਪਵਿੱਤਰ ਖ਼ਜ਼ਾਨੇ ਵਾਂਗ ਹਨ ਕਿਉਂਕਿ ਇਨ੍ਹਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਇਲਾਕੇ ਦੇ ਲੋਕਾਂ ਦੀ ਕੰਠ ਛੋਹ ਪ੍ਰਾਪਤ ਰਹੀ ਹੈ। ਰਣਜੂਝਣੇ ਲੋਕ ਗੀਤ ਸਾਡੀ ਅਮਰ ਵਿਰਾਸਤ ਹਨ ਜੋ ਇਸ ਇਲਾਕੇ ਦੀਆਂ ਦੋ ਧੀਆਂ ਡਾਃ ਸੁਨੀਤਾ ਰਾਣੀ, ਸੀਮਾ ਦੇਵੀ ਤੇ ਪੁੱਤਰ ਪ੍ਰਵੀਨ ਕੁਮਾਰ ਸੈਣੀ ਨੇ ਸਾਨੂੰ ਭੇਂਟ ਕਰਕੇ ਆਪਣੇ ਇਸ ਖੋਜ ਕਾਰਜ ਰਾਹੀਂ ਧੰਨਵਾਦ ਦੇ ਪਾਤਰ ਬਣਾਇਆ ਹੈ। ਇਸ ਮੌਕੇ ਸਰਬਜੀਤ ਕੌਰ ਮਾਂਗਟ ਨੇ ਵੀ ਡਾਃ ਸੁਨੀਤਾ ਰਾਣੀ ਨੂੰ ਇਸ ਵਡਮੁੱਲੇ ਖੋਜ ਕਾਰਜ ਲਈ ਵਧਾਈ ਦਿੱਤੀ