ਸਰਕਾਰੀ ਸਕੂਲ (ਲੜਕੀਆਂ) ਜਵਾਹਰ ਨਗਰ ਦੀਆਂ ਬੱਚੀਆਂ ਨੇ ਪੜ੍ਹਾਈ ਖੇਡਾਂ ਦੇ ਨਾਲ ਮੋਹਲੇਧਾਰ ਮੀਂਹ ਦਾ ਆਨੰਦ ਵੀ ਮਾਣਿਆ.

ਸਾਉਣ ਦਾ ਮਹੀਨਾ ਜਵਾਹਰ ਨਗਰ ਸਕੂਲ ਵਿੱਚ 

ਕਰਨ ਜੇਤਲੀ

ਲੁਧਿਆਣਾ , 1 ਅਗਸਤ - ਅੱਜ ਸਵੇਰੇ ਮੌਨਸੂਨ ਦੀ ਪਹਿਲੀ ਭਰਵੀੰ ਬਾਰਿਸ਼ ਨੇ ਜਿਥੇ ਸ਼ਹਿਰ ਦਾ ਆਮ ਜਨਜੀਵਨ ਅਸਤ-ਵਿਅਸਥ ਕਰ ਕੇ ਰੱਖ ਦਿੱਤਾ ਅਤੇ ਹਰ ਪਾਸੇ ਚੰਦ ਪਲਾਂ ਵਿੱਚ ਹੀ ਗੋਡੇ-ਗੋਡੇ ਪਾਣੀ ਖੜ੍ਹ ਜਾਣ ਕਾਰਣ ਆਵਾਜਾਈ ਪ੍ਰਭਾਵਿਤ ਹੋਈ, ਉਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜਵਾਹਰ ਨਗਰ ਦੀਆਂ ਵਿਦਿਆਰਥਣਾਂ ਨੇਂ ਇਸ ਮੋਹਲੇਧਾਰ ਮੀੰਹ ਦਾ ਆਨੰਦ 'ਸਾਉਣ ਮਹੀਨਾ ਪਿੱਪਲੀਂ ਪੀਂਘਾਂ', 'ਰੱਬਾ ਰੱਬਾ ਮੀਂਹ ਵਰਸਾ', ' ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ', ਅਤੇ 'ਸਾਉਣ ਵੀਰਾ 'ਕੱਠੀਆਂ ਕਰੇ ਭਾਦਰੋਂ ਚੰਦਰੀ ਕਰੇ ਵਿਛੋੜਾ'  ਵਰਗੇ ਸਭਿਆਚਾਰ ਵਿਚ ਉਤਪੋਤ ਲੋਕ ਗੀਤਾਂ ਨਾਲ ਮਾਣਿਆਂ। ਸਵੇਰੇ ਸਕੂਲ ਆਉਣ ਤੇ ਕੁਝ ਦੇਰ ਪੜ੍ਹਾਈ ਅਤੇ ਖੇਡਾਂ ਪੀ.ਟੀ. ਉਪਰੰਤ ਮੀਂਹ ਦੇ ਛੱਰਾਟੇ ਸ਼ੁਰੂ ਹੋਣ ਸਾਰ ਬਾਰਿਸ਼ ਦਾ ਸਵਾਗਤ ਕਰਨ ਲਈ ਵਿਦਿਆਰਥਣਾਂ ਕਲਾਸ ਰੂਮਜ਼ ਦੇ ਬਾਹਰ ਵਰਾਂਡਿਆਂ ਵਿੱਚ ਆ ਖੜ੍ਹੀਆਂ ਅਤੇ ਗਿੱਧੇ ਅਤੇ ਗੀਤਾਂ ਨਾਲ ਰੰਗ ਬੰਨ੍ਹ ਦਿੱਤਾ । ਪ੍ਰਿੰਸੀਪਲ ਮੈਡਮ ਅਨੀਤਾ ਬੇਦੀ, ਟੀ.ਟੀ.ਆਈ. ਮੈਡਮ ਰੁਪਿੰਦਰ ਕੌਰ ਸੰਧੂ, ਮੈਡਮ ਨੀਲਮ ਰਾਣੀ, ਮੈਡਮ  ਜਸਵਿੰਦਰ ਕੌਰ, ਮੈਡਮ ਅੰਮ੍ਰਿਤਪਾਲ ਕੌਰ, ਮੈਡਮ ਮੀਨਾ, ਮੈਡਮ ਰਿਤੂ, ਮੈਡਮ ਰੁਪਿੰਦਰ ਕੌਰ, ਸ: ਮਨਮੋਹਨ ਸਿੰਘ, ਸ਼੍ਰੀ ਸੰਜੀਵ ਕੁਮਾਰ ਅਤੇ ਬਾਕੀ ਸਟਾਫ਼ ਨੇ ਬੱਚਿਆਂ ਦੀ ਖੁਸ਼ੀ ਵਿੱਚ ਸਾਥ ਦਿੰਦਿਆਂ ਉਨ੍ਹਾਂ ਨੂੰ ਸਭਿਆਚਾਰਕ ਰੰਗ ਵਿੱਚ ਰੰਗੇ ਗੀਤ-ਸੰਗੀਤ ਨਾਲ ਜੁੜਣ ਦੀ ਪ੍ਰੇਰਨਾ ਦਿੱਤੀ। ਵਿਦਿਆਰਥਣਾਂ ਨੇ ਅਧਿਆਪਕਾਂ ਨੂੰ ਯਕੀਨ ਦਿਵਾਇਆ ਕਿ ਉਹ ਮਾਤ-ਭਾਸ਼ਾ ਅਤੇ ਆਪਣੇ ਸਭਿਆਚਾਰ ਨਾਲ ਹਮੇਸ਼ਾ ਸਾਂਝ ਬਣਾਈ ਰੱਖਣਗੀਆਂ।