ਸਕੂਲਾਂ ਅਤੇ ਅਧਿਆਪਕਾਂ ਦੇ ਵਿੱਤੀ ਅਤੇ ਢਾਂਚਾਗਤ ਮਸਲਿਆਂ ਉੱਪਰ ਡੀ.ਟੀ.ਐੱਫ਼. ਦੀ 8 ਅਗਸਤ ਦੀ ਜ਼ਿਲ੍ਹਾ ਪੱਧਰੀ ਰੈਲੀ ਲਈ ਤਿਆਰੀਆਂ ਮੁਕੰਮਲ*.
*ਲੁਧਿਆਣਾ*: 6 ਅਗਸਤ (ਕੁਨਾਲ ਜੇਤਲੀ) ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ, ਅਧਿਆਪਕਾਂ ਅਤੇ ਸਕੂਲਾਂ ਦੇ ਵਿੱਤੀ ਅਤੇ ਢਾਂਚਾਗਤ ਮਸਲਿਆਂ ਸੰਬੰਧੀ 8 ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਡੀ.ਸੀ. ਦਫ਼ਤਰਾਂ ਅੱਗੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਜਾਣੇ ਹਨ। ਇਸ ਦੀਆਂ ਤਿਆਰੀਆਂ ਜੱਥੇਬੰਦੀ ਦੀ ਜ਼ਿਲ੍ਹਾ ਲੁਧਿਆਣਾ ਕਮੇਟੀ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਪਿਛਲੇ ਦਿਨੀਂ ਜੱਥੇਬੰਦੀ ਦੀਆਂ ਬਲਾਕ ਪੱਧਰੀ ਇਕਾਈਆਂ ਦੀਆਂ ਸਥਾਨਕ ਮੀਟਿੰਗਾਂ ਦੇ ਸਿਲਸਿਲੇ ਉਪਰੰਤ ਡੀ. ਟੀ. ਐਫ਼. ਦੀ ਜ਼ਿਲ੍ਹਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਮੀਟੰਗ 8 ਅਗਸਤ ਦੀ ਜ਼ਿਲ੍ਹਾ ਪੱਧਰੀ ਰੈਲੀ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਵਿਚਾਰ ਵਿਮਰਸ਼ ਕਰਦਿਆਂ ਹਾਜ਼ਰ ਆਗੂਆਂ ਨੇ ਕਿਹਾ ਕਾਂਗਰਸ ਸਰਕਾਰ ਸਮੇਂ ਕੱਟੇ ਗਏ 37 ਤਰ੍ਹਾਂ ਦੇ ਭੱਤਿਆਂ, ਪੁਰਾਣੀ ਪੈਨਸ਼ਨ ਅਤੇ ਬੰਦ ਕੀਤੀ ਏ.ਸੀ.ਪੀ. ਸਕੀਮ ਬਹਾਲ ਕਰਵਾਉਣ, ਕਰਮਚਾਰੀਆਂ ਤੇ ਜਬਰੀ ਥੋਪੇ ਕੇਂਦਰੀ ਪੇ-ਸਕੇਲ, ਸਕੂਲ ਆਫ਼ ਐਮੀਨੈਂਸ ਰਾਹੀਂ ਵਿਦਿਆਰਥੀਆਂ 'ਚ ਪੈਦਾ ਕੀਤੇ ਭੇਦਭਾਵ ਅਤੇ ਅਧਿਆਪਕਾਂ ਦੀਆਂ ਜਬਰੀ ਬੀ.ਐੱਲ.ਓ. ਅਤੇ ਹੋਰ ਗੈਰਵਿੱਦਿਅਕ ਡਿਊਟੀਆਂ ਰੱਦ ਕਰਵਾਉਣ ਤੇ ਸਕੂਲਾਂ ਦੇ ਹੋਰ ਢਾਂਚਾਗਤ ਮਸਲਿਆਂ ਉੱਤੇ ਸਮੁੱਚੇ ਪੰਜਾਬ ਦੇ ਨਾਲ ਨਾਲ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਫੈਲ ਚੁੱਕੀ ਹੈ। ਇਸ ਰੋਸ ਨੂੰ ਪ੍ਰਗਟ ਕਰਦਿਆਂ ਡੀ.ਸੀ. ਦਫ਼ਤਰ ਲੁਧਿਆਣਾ ਵਿਖੇ 8 ਅਗਸਤ ਨੂੰ, ਸਕੂਲ ਸਮੇਂ ਤੋਂ ਬਾਅਦ ਸਮਾਂ 3 ਵਜੇ ਤੋਂ 5 ਵਜੇ ਦਰਮਿਆਨ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਰੈਲੀ ਉਪਰੰਤ ਡੀ. ਸੀ. ਲੁਧਿਆਣਾ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਭੇਜੇ ਜਾਣਗੇ। ਇਸ ਰੈਲੀ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰੀ ਲਗਾਉਣਗੇ। ਆਗੂਆਂ ਨੇ ਦੱਸਿਆ ਕਿ ਇਸ ਰੈਲੀ ਵਿੱਚ ਮਾਂਗਟ-2 ਬਲਾਕ ਦੀ ਬੀ.ਪੀ.ਈ.ਓ. ਇੰਦੂ ਸੂਦ ਦੀ ਤਰਜ਼ ਦੇ, ਅਧਿਆਪਕ ਵਿਰੋਧੀ, ਭ੍ਰਿਸ਼ਟ ਅਤੇ ਦਮਨਕਾਰੀ ਅਖੌਤੀ ਸਿੱਖਿਆ ਅਧਿਕਾਰੀਆਂ ਦੇ, ਸਕੂਲਾਂ ਦੀ ਸਿੱਖਿਆ ਪ੍ਰਤੀ ਨਾਕਾਰਾਤਮਕ ਵਤੀਰੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸਦੇ ਨਾਲ ਨਾਲ ਬੇਨਾਮੀ ਸ਼ਿਕਾਇਤਾਂ ਉੱਤੇ ਅਧਾਰਤ ਅਧਿਆਪਕਾਂ ਨੂੰ ਦਮਨ ਦਾ ਸ਼ਿਕਾਰ ਬਣਾਉਣ, ਬਲੈਕਮੇਲ ਕਰਨ ਵਾਲੀਆਂ ਅਤੇ ਪੱਖਪਾਤ ਕਰਨ ਵਾਲੀਆਂ ਸਾਜ਼ਿਸ਼ੀ ਪੜਤਾਲਾਂ ਦਾ ਮੁੱਦਾ ਵੀ ਉਕਤ ਰੈਲੀ ਵਿੱਚ ਜ਼ੋਰ-ਸ਼ੋਰ ਨਾਲ ਉਭਾਰਨ ਦੀ ਤਿਆਰੀ ਜੱਥੇਬੰਦੀ ਦੀ ਜ਼ਿਲ੍ਹਾ ਇਕਾਈ ਨੇ ਮੁਕੰਮਲ ਕਰ ਲਈ ਹੈ। ਜੱਥੇਬੰਦੀ ਦੀ ਜ਼ਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੱਧੂ ਨੇ ਕਿਹਾ ਕਿ ਜਗਰਾਉਂ ਬਲਾਕ 'ਚ ਕੁਝ ਲੋਕਾਂ ਵੱਲੋਂ ਪੱਤਰਕਾਰ ਬਣ ਕੇ ਇੱਕ ਸਕੂਲ ਚ ਮਿੱਡ-ਡੇ-ਮੀਲ ਸੰਬੰਧੀ ਬਣਾਣੀ ਗਈ ਵੀਡੀਓ ਕਾਰਨ ਵੀ ਅਧਿਆਪਕਾਂ 'ਚ ਬਹੁਤ ਰੋਸ ਹੈ, ਜਿਸਨੂੰ ਜੱਥੇਬੰਦੀ ਵੱਲੋਂ ਰੈਲੀ ਰਾਹੀਂ ਪ੍ਰਚੰਡ ਰੂਪ ਵਿੱਚ ਪ੍ਰਗਟ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਦੀਪ ਸਿੰਘ ਹੇਰਾਂ, ਜੱਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ, ਵਿੱਤ ਸਕੱਤਰ ਗੁਰਬਚਨ ਸਿੰਘ ਖੰਨਾ, ਬਲਾਕ ਸਕੱਤਰ ਖੰਨਾ 1 ਪਰਮਜੀਤ ਸਿੰਘ, ਬਲਾਕ ਖੰਨਾ 2 ਦੇ ਪ੍ਰਧਾਨ ਹਰਪਿੰਦਰ ਸਿੰਘ ਸ਼ਾਹੀ, ਬਲਾਕ ਪ੍ਰਧਾਨ ਸੁਖਦੇਵ ਸਿੰਘ ਹਠੂਰ, ਸਮਰਾਲਾ ਬਲਾਕ ਦੇ ਪ੍ਰਧਾਨ ਜਸਕਰਨ ਸਿੰਘ, ਬਲਾਕ ਦੋਰਾਹਾ ਦੇ ਪ੍ਰਧਾਨ ਅਮਨਦੀਪ ਸਿੰਘ ਅਤੇ ਬਲਾਕ ਮਾਛੀਵਾੜਾ ਦੇ ਪ੍ਰਧਾਨ ਰਾਜਿੰਦਰ ਸਿੰਘ ਸ਼ਾਮਲ ਸਨ।