*ਅਧਿਆਪਕਾਂ ਅਤੇ ਸਕੂਲਾਂ ਦੀਆਂ ਵਿੱਤੀ ਅਤੇ ਢਾਂਚਾਗਤ ਮੰਗਾਂ ਸਬੰਧੀ ਡੀ.ਟੀ.ਐੱਫ. ਨੇ ਧਰਨਾ ਲਾ ਕੇ ਦਿੱਤਾ ਮੰਗ ਪੱਤਰ*.
*ਕੱਚੇ ਪੱਕੇ ਮੁਲਾਜ਼ਮਾਂ ਦੀਆਂ ਪਰਿਭਾਸ਼ਾਵਾਂ ਦੇ ਸ਼ਬਦਜਾਲ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਉਲਝਾਉਣ ਦੇ ਕੁਚੱਕਰ ਵਿੱਚ ਪਈ ਹੋਈ ਹੈ ਸਰਕਾਰ
ਲੁਧਿਆਣਾ: 8 ਅਗਸਤ ( ਕੁਨਾਲ ਜੇਤਲੀ) - ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਲੁਧਿਆਣਾ ਵੱਲੋਂ ਅੱਜ ਅਧਿਆਪਕਾਂ ਅਤੇ ਸਕੂਲਾਂ ਦੇ ਵਿੱਤੀ ਅਤੇ ਢਾਂਚਾਗਤ ਮਸਲਿਆਂ ਨਾਲ ਸਬੰਧਤ ਭਖਵੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਲੁਧਿਆਣਾ ਦੇ ਅੱਗੇ ਧਰਨਾ ਲਾਇਆ ਗਿਆ ਅਤੇ ਇਸ ਉਪਰੰਤ ਡੀਸੀ ਸੁਰਭੀ ਮੱਲਿਕ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਹੋਈ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਈ ਗਏ ਫੈਸਲੇ ਅਨੁਸਾਰ ਅੱਜ ਦਾ ਪ੍ਰੋਗਰਾਮ ਕੀਤਾ ਗਿਆ। ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਪੇਂਡੂ ਭੱਤੇ, ਬਾਰਡਰ ਭੱਤੇ, ਸਾਇੰਸ ਪ੍ਰੈਕਟੀਕਲ ਭੱਤੇ ਸਮੇਤ ਬੰਦ ਕੀਤੇ 37 ਤਰ੍ਹਾਂ ਦੇ ਭੱਤੇ ਤੁਰੰਤ ਬਹਾਲ ਕਰਨ, ਏ.ਸੀ.ਪੀ. ਸਕੀਮ 3-7-11-15 ਸਾਲਾ ਪ੍ਰਬੀਨਤਾ ਦੇ ਅਧਾਰ 'ਤੇ ਲਾਗੂ ਕਰਨ, ਨਵੀਂ ਪੈਨਸ਼ਨ ਸਕੀਮ ਬੰਦ ਕਰਕੇ 01/01/2004 ਤੋਂ ਬਾਅਦ ਭਰਤੀ ਕੀਤੇ ਸਭਨਾਂ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਉਣ, ਨਵ-ਨਿਯੁਕਤ ਅਧਿਆਪਕਾਂ 'ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦਾ ਫੈਸਲਾ ਵਾਪਸ ਲੈ ਕੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ, ਹਰ ਤਰ੍ਹਾਂ ਦੇ ਕੱਚੇ ਅਧਿਆਪਕ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ, ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਾਰੇ ਲਾਭਾਂ ਸਹਿਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ,ਐੱਨ.ਐੱਸ. ਕਿਊ.ਐੱਫ. ਸਕੀਮ ਅਧੀਨ ਅਧਿਆਪਕਾਂ ਨੂੰ ਵਿਭਾਗ 'ਚ ਮਰਜ ਕਰਕੇ ਰੈਗੂਲਰ ਕਰਨ,ਛੇਵੇਂ ਤਨਖਾਹ ਕਮਿਸ਼ਨ ਦਾ 01/01/2016 ਤੋਂ ਰਹਿੰਦਾ ਬਕਾਇਆ ਤੁਰੰਤ ਜਾਰੀ ਕਰਨ,ਪੰਜਾਬ ਦੇ ਮੁਲਾਜਮਾਂ ਨੂੰ ਕੇਂਦਰ ਦੀ ਤਰਜ 'ਤੇ ਦਹਾਕਿਆਂ ਤੋਂ ਮਿਲਦੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ।ਧਰਨੇ ਵਿੱਚ ਜਿਲ੍ਹੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਏ। ਧਰਨੇ ਨੂੰ ਦਲਜੀਤ ਸਿੰਘ ਸਮਰਾਲਾ (ਜ਼ਿਲ੍ਹਾ ਪ੍ਰਧਾਨ) ਹਰਜੀਤ ਸਿੰਘ ਸੁਧਾਰ (ਜ਼ਿਲ੍ਹਾ ਜਨਰਲ ਸਕੱਤਰ), ਹਰਪਿੰਦਰ ਸਿੰਘ ਸ਼ਾਹੀ, ਸੁਖਜਿੰਦਰ ਸਿੰਘ (ਸਿੱਖਿਆ ਪ੍ਰੋਵਾਈਡਰ ਯੂਨੀਅਨ, ਅਰਵਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਹਠੂਰ, ਗੁਰਪ੍ਰੀਤ ਸਿੰਘ (ਜ਼ਿਲ੍ਹਾ ਜੱਥੇਬੰਦਕ ਸਕੱਤਰ) ਨੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਸਰਕਾਰ ਦੇ ਵਿੱਤ ਨੂੰ ਤਰਕਸੰਗਤ ਕਰਨ ਦੇ ਵਿਖਾਵੇਬਾਜ਼ ਪੈਂਤੜੇ ਤਹਿਤ ਅਸਲ ਵਿੱਚ ਜਨਤਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਉਜਰਤਾਂ ਵਿੱਚ ਵਿਆਪਕ ਸਰਕਾਰੀ ਅਪਨਿਵੇਸ਼ ਦੀ ਨੀਤੀ ਨੂੰ ਅੱਗੇ ਕੀਤਾ ਸੀ; ਜਿਸਨੂੰ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਧੜੱਲੇ ਨਾਲ ਜਾਰੀ ਰੱਖ ਰਹੀ ਹੈ। ਇਸ ਸਰਕਾਰ ਨੇ ਪਿੰਡਾਂ ਵਿੱਚ ਸਿੱਖਿਆ ਸਮੇਤ ਵੱਖ-ਵੱਖ ਸੇਵਾਵਾਂ ਲਈ ਗਰੰਟੀ ਕਰਦੇ ਪੇਂਡੂ ਭਤੇ ਸਮੇਤ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤੇ ਬੰਦ ਕਰਨ ਦੀ ਨੀਤੀ ਨੂੰ ਉਵੇਂ ਜਿਵੇਂ ਜਾਰੀ ਰੱਖ ਕੇ, ਏ.ਸੀ.ਪੀ. ਸਕੀਮ ਬੰਦ ਕਰਕੇ ਅਤੇ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਉਹਨਾਂ ਵਿਚਕਾਰ ਭੇਦਭਾਵ ਦੀ ਪ੍ਰਸਥਿਤੀ ਪੈਦਾ ਕਰਨ ਵਾਲਾ ਕੇਂਦਰ ਸਰਕਾਰ ਦਾ ਤਨਖਾਹ ਸਕੇਲ ਥੋਪ ਕੇ ਮੁਲਾਜ਼ਮ ਵਿਰੋਧੀ ਕਦਮ ਉਠਾਏ ਸਨ ਜਿਸ ਦਾ ਡੀ.ਟੀ.ਐੱਫ. ਸ਼ੁਰੂ ਤੋਂ ਵਿਰੋਧ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਹੈ; ਜਦੋਂ ਕਿ ਇਹਨਾਂ ਮੁਲਾਜ਼ਮਾਂ ਦੀ ਸਿਰਫ ਤਨਖਾਹ ਵਿੱਚ ਕੁਝ ਵਾਧਾ ਹੀ ਕੀਤਾ ਗਿਆ ਹੈ। ਉਹਨਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਲੀ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਅਸਲ ਵਿੱਚ ਕੱਚੇ ਪੱਕੇ ਮੁਲਾਜ਼ਮਾਂ ਦੀਆਂ ਪਰਿਭਾਸ਼ਾਵਾਂ ਦੇ ਸ਼ਬਦਜਾਲ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਉਲਝਾਉਣ ਦੇ ਕੁਚੱਕਰ ਵਿੱਚ ਪਈ ਹੋਈ ਹੈ। ਕੰਪਿਊਟਰ ਅਧਿਆਪਕਾਂ ਅਤੇ ਐੱਨ.ਐੱਸ.ਕਿਊ.ਐੱਫ. ਸਕੀਮ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ 'ਚ ਮਰਜ ਕਰਨ ਦੀ ਮੰਗ ਪ੍ਰਤੀ ਵੀ ਸਰਕਾਰ ਆਪਣੇ ਕਾਰਪੋਰੇਟ ਅਤੇ ਕੰਪਨੀਆਂ ਪੱਖੀ ਆਰਥਿਕ ਮਨਸੂਬਆਂ ਕਾਰਨ ਸੁਹਿਰਦ ਨਹੀਂ ਹੈ। ਮੁਲਾਜ਼ਮਾਂ ਦਾ ਛੇਵੇਂ ਤਨਖਾਹ ਕਮਿਸ਼ਨ ਦਾ ਜਨਵਰੀ 2016 ਤੋਂ ਬਣਦਾ ਬਕਾਇਆ ਦੇਣ ਸਬੰਧੀ ਵੀ ਸਰਕਾਰ ਵੱਲੋਂ ਚੁੱਪ ਧਾਰੀ ਗਈ ਹੈ। ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਨੂੰ ਕੇਂਦਰ ਸਰਕਾਰ ਨਾਲੋਂ ਡੀ ਲਿੰਕ ਕਰਨ ਉਪਰੰਤ ਹੁਣ ਕੇਂਦਰ ਸਰਕਾਰ ਦੀ ਤਰਜ਼ 'ਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ। ਲੰਮੇ-ਸਮੇਂ ਤੋਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜਦਕਿ ਮਹਿੰਗਾਈ ਛੜੱਪੇ ਮਾਰ ਕੇ ਵਧ ਰਹੀ ਹੈ ਜਿਸ ਦੇ ਸਨਮੁਖ 6ਵੇਂ ਪੇ ਕਮਿਸ਼ਨ ਦੇ ਤਨਖਾਹ ਵਾਧੇ ਤੁੱਛ ਅਤੇ ਅਨਿਆਂਪੂਰਵਕ ਜਾਪ ਰਹੇ ਹਨ। ਇਸ ਦੇ ਨਾਲ ਹੀ ਜੱਥੇਬੰਦੀ ਵੱਲੋਂ ਜ਼ਿਲ੍ਹੇ ਦੇ ਅਧਿਆਪਕਾਂ ਦੀਆਂ ਬੀ. ਐਲ. �". ਡਿਊਟੀਆਂ ਅਤੇ ਅਧਿਆਪਕਾਂ ਨੂੰ ਵਿਕਟਿਮਾਈਜ਼ ਕਰਨ ਵਾਲੀਆਂ ਨਾਕਾਰਾਤਮਕ ਸੁਰ ਵਾਲੀਆਂ ਬੇਨਿਯਮੀਆਂ ਸਿਕਾਇਤ ਪੜਤਾਲਾਂ ਸਬੰਧੀ ਇਕ ਵੱਖਰਾ ਮੰਗ ਪੱਤਰ ਵੀ ਸੌਂਪਿਆ। ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਨਾਲ ਸਿਰਫ ਉਹ ਘੋਲ ਦਾ ਆਗਾਜ਼ ਕਰ ਰਹੇ ਹਨ। ਜੇਕਰ ਪੰਜਾਬ ਸਰਕਾਰ ਅਤੇ ਉਸਦੇ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਭਵਿੱਖ ਵਿੱਚ ਸਰਕਾਰ ਨੂੰ ਸੰਘਰਸ਼ ਦੇ ਤਿੱਖੇ ਰੂਪਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਸਿੱਧੂ (ਸੀਨੀਅਰ ਮੀਤ ਪ੍ਰਧਾਨ), ਹਰਦੀਪ ਸਿੰਘ ਹੇਰਾਂ (ਮੀਤ ਪ੍ਰਧਾਨ), ਹੁਸ਼ਿਆਰ ਸਿੰਘ (ਜ਼ਿਲ੍ਹਾ ਪ੍ਰੈਸ ਸਕੱਤਰ, ਰਾਜਿੰਦਰ ਸਿੰਘ ਮਾਛੀਵਾੜਾ, ਦਵਿੰਦਰ ਸਿੰਘ ਸਲੌਦੀ, ਸੁਖਵਿੰਦਰ ਸਿੰਘ, ਕਿਰਨ ਸਿੰਘ, ਸੰਜੇ ਪੁਰੀ, ਪ੍ਰਦੀਪ ਸਿੰਘ, ਬਲਦੇਵ ਸਿੰਘ ਭੈਣੀ ਸਾਹਿਬ, ਲਾਲ ਸਿੰਘ ਮਾਂਗਟ, ਗੁਰਪ੍ਰੀਤ ਮਾਹੀ, ਮੈਡਮ ਨਵਜੋਤ ਕੌਰ, ਗਗਨਦੀਪ ਕੌਰ, ਦਵਿੰਦਰ ਕੌਰ, ਸਰਬਜੀਤ ਕੌਰ, ਰੁਪਿੰਦਰ ਕੌਰ, ਪੂਨਮ ਜੱਸੀ, ਕਮਲਜੀਤ ਕੌਰ, ਜਗਦੀਪ ਸਿੰਘ ਖੰਨਾ, ਜਸਕਰਨ ਸਮਰਾਲਾ, ਰਾਣਾ ਆਲਮਦੀਪ, ਹਰਦੇਵ ਸਿੰਘ (ਕੰਪਿਊਰਟਰ ਫੈਕਲਟੀ), ਸੋਨੀਆਂ ਵਰਮਾਂ, ਬੇਅੰਤ ਕੌਰ, ਬਲਜੀਤ ਸਿੰਘ ਮਾਛੀਵਾੜਾ, ਕਮਲਜੀਤ ਸਿੰਘ ਗੋਸਲਾਂ, ਜਸਵੀਰ ਸਿੰਘ, ਹਰਦੀਪ ਸਿੰਘ ਰਸੂਲਪੁਰ ਗੁਰਕਿਬਾਲ ਸਿੰਘ, ਮੇਜਰ ਸਿੰਘ, ਪਰਮਜੀਤ ਸਿੰਘ, ਕਰਮਜੀਤ ਸਿੰਘ, ਜਰਨੈਲ ਸਿੰਘ (ਸਾਬਕਾ ਵਿੱਤ ਸਕੱਤਰ), ਕੁਲਭੂਸ਼ਣ ਹਾਜ਼ਰ ਸਨ।