ਪੀਸੀਸੀਟੀਯੂ ਦੀ ਜ਼ਿਲ੍ਹਾ ਇਕਾਈ ਦਾ ਕੈਂਡਲ ਮਾਰਚ ਸਕੱਤਰ ਦੇ ਭਰੋਸੇ ਉਪਰੰਤ ਕੱਲ੍ਹ ਤੱਕ ਮੁਲਤਵੀ.

 


ਲੁਧਿਆਣਾ (ਵਰਮਾ) -ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਐੱਸ. ਐੱਮ. ਸ਼ਰਮਾ ਨੇ ਕੱਲ੍ਹ ਜਲੰਧਰ ਵਿਖੇ ਆਰੀਆ ਪ੍ਰਤੀਨਿਧ ਸਭਾ ਦੀ ਹੰਗਾਮੀ ਮੀਟਿੰਗ ਦੌਰਾਨ ਮੰਗਾਂ ਮੰਨੇ ਜਾਣ ਦਾ ਦਿੱਤਾ ਭਰੋਸਾ


ਅੱਜ ਇੱਥੇ ਆਰੀਆ ਕਾਲਜ ਟੀਚਰਜ਼ ਯੂਨੀਅਨ ਵੱਲੋਂ ਪੀਸੀਸੀਟੀਯੂ ਦੀ ਜ਼ਿਲ੍ਹਾ ਇਕਾਈ ਦੇ ਸੱਦੇ ਉੱਤੇ ਕੱਢੇ ਜਾ ਰਹੇ ਕੈਂਡਲ ਨੂੰ ਸਕੱਤਰ ਐੱਸ. ਐੱਮ. ਸ਼ਰਮਾ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਕੱਲ੍ਹ ਲਈ ਮੁਲਤਵੀ ਕਰ ਦਿੱਤਾ ਗਿਆ। ਕਾਲਜ ਦੇ ਜਨਰਲ ਸਕੱਤਰ ਨੇ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਕੈਂਡਲ ਮਾਰਚ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਕਿ ਆਰੀਆ ਪ੍ਰਤੀਨਿਧ ਸਭਾ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਮੱਦੇਨਜ਼ਰ ਰੱਖਦਿਆਂ ਕੱਲ੍ਹ ਜਲੰਧਰ ਵਿਖੇ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਉੱਤੇ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ। ਇਸ ਮੌਕੇ ਆਰੀਆ ਕਾਲਜ ਟੀਚਰਜ਼ ਯੂਨੀਅਨ ਦੇ ਪ੍ਰਧਾਨ ਡਾ. ਪੀ. ਐੱਸ. ਭੋਗਲ ਨੇ ਕੈਂਡਲ ਮਾਰਚ ਲਈ ਇਕੱਤਰ ਹੋਏ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਆਰੀਆ ਪ੍ਰਤੀਨਿਧ ਸਭਾ ਆਪਣੀਆਂ ਰਿਵਾਇਤੀ ਪਰੰਪਰਾਵਾਂ ਨੂੰ ਬਰਕਰਾਰ ਰੱਖਦਿਆਂ ਸਾਡੀਆਂ ਸੱਤਵੇਂ ਪੇਅ ਕਮਿਸ਼ਨ ਸਮੇਤ ਸਾਰੀਆਂ ਜਾਇਜ਼ ਮੰਗਾਂ ਨੂੰ ਮੰਨ ਲਵੇਗੀ। ਪੀਸੀਸੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਡਾ. ਚਮਕੌਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕੈਂਡਲ ਮਾਰਚ ਕੱਲ੍ਹ ਤੱਕ ਲਈ ਮੁਲਤਵੀ ਕੀਤਾ ਗਿਆ ਹੈ। ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।