ਅਰੋੜਾ ਵੱਲੋਂ ਹਰਪ੍ਰੀਤ ਸੰਧੂ ਦੀ ਆਉਣ ਵਾਲੀ ਫਿਲਮ 'ਅਟਾਰੀ ਜੰਕਸ਼ਨ' ਦਾ ਟ੍ਰੇਲਰ ਰਿਲੀਜ਼.

 

ਲੁਧਿਆਣਾ, 27 ਅਕਤੂਬਰ ( ਕੁਨਾਲ ਜੇਤਲੀ) : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਵੀਰਵਾਰ ਸ਼ਾਮ ਨੂੰ ਆਉਣ ਵਾਲੀ ਫਿਲਮ 'ਅਟਾਰੀ ਜੰਕਸ਼ਨ' ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ।



ਇਸ ਮੌਕੇ ਅਰੋੜਾ ਨੇ ਕਿਹਾ ਕਿ 161 ਸਾਲ ਪੁਰਾਣੇ ਇਤਿਹਾਸਕ ਅਟਾਰੀ ਰੇਲਵੇ ਸਟੇਸ਼ਨ ਨੂੰ ਪ੍ਰਫੁੱਲਤ ਕਰਨ ਲਈ ਇਹ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਨੇ ਵੀ ਇਸ ਰੇਲਵੇ ਸਟੇਸ਼ਨ 'ਤੇ ਇਤਿਹਾਸਕ ਤੱਥਾਂ ਨੂੰ ਫਿਲਮ ਦੇ ਰੂਪ 'ਚ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਇਹ ਸ਼ਲਾਘਾਯੋਗ ਗੱਲ ਹੈ ਕਿ ਪ੍ਰਸਿੱਧ ਕਲਾਕਾਰ ਅਤੇ ਪੰਜਾਬ ਸਰਕਾਰ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ (ਏ.ਏ.ਜੀ.) ਹਰਪ੍ਰੀਤ ਸੰਧੂ ਨੇ ਇਸ ਦਿਸ਼ਾ ਵਿੱਚ ਇੱਕ ਪਹਿਲ ਕੀਤੀ ਹੈ।



ਅਰੋੜਾ ਨੇ ਕਿਹਾ ਕਿ 'ਅਟਾਰੀ ਜੰਕਸ਼ਨ' ਸੱਚਮੁੱਚ ਇੱਕ ਵਿਰਾਸਤੀ ਫ਼ਿਲਮ ਹੈ, ਜੋ ਸੂਬੇ ਦੇ ਪੁਰਾਣੇ ਅਤੇ ਅਮੀਰ ਵਿਰਸੇ ਨੂੰ ਰੂਪਮਾਨ ਕਰਦੀ ਹੈ। ਉਨ੍ਹਾਂ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਬਾਰੇ ਜਾਣਨ ਲਈ ਇਹ ਫਿਲਮ ਦੇਖਣ ਲਈ ਪ੍ਰੇਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਟਾਰੀ ਰੇਲਵੇ ਸਟੇਸ਼ਨ ਨੂੰ ਵਿਰਾਸਤੀ ਰੇਲਵੇ ਸਟੇਸ਼ਨ ਘੋਸ਼ਿਤ ਕਰਨ ਅਤੇ ਸੈਲਾਨੀਆਂ ਲਈ ਉੱਥੇ ਇੱਕ ਮਿਊਜ਼ੀਅਮ ਬਣਾਉਣ ਲਈ ਰੇਲਵੇ ਮੰਤਰਾਲੇ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਰੇਲਵੇ ਸਟੇਸ਼ਨ ਸਾਰਿਆਂ ਨੂੰ 1947 ਦੀ ਦੁਖਦਾਈ ਵੰਡ ਦੀ ਯਾਦ ਦਿਵਾਉਂਦਾ ਹੈ।



ਅਰੋੜਾ ਨੇ ਕਿਹਾ ਕਿ ਅਟਾਰੀ ਰੇਲਵੇ ਸਟੇਸ਼ਨ ਸਾਲ 1947 ਦੀ ਵੰਡ ਦੌਰਾਨ ਨਵੇਂ ਘਰ ਦੀ ਭਾਲ ਵਿੱਚ ਆਪਣੇ ਘਰ ਛੱਡਣ ਵਾਲੇ ਲੋਕਾਂ ਲਈ ਲੰਘਣ ਦਾ ਆਖਰੀ ਪ੍ਰਵੇਸ਼ ਦੁਆਰ ਸੀ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਅਟਾਰੀ ਰੇਲਵੇ ਸਟੇਸ਼ਨ ਇਸ ਵੇਲੇ ਉਜਾੜ ਨਜ਼ਰ ਆਉਂਦਾ ਹੈ ਜਦਕਿ ਇਸ ਨੂੰ ਸੰਭਾਲਣ ਦੀ ਲੋੜ ਹੈ। ਅਰੋੜਾ ਨੇ ਦੱਸਿਆ ਕਿ ਇਸ ਸਮੇਂ ਅਟਾਰੀ ਰੇਲਵੇ ਸਟੇਸ਼ਨ 'ਤੇ ਮਾਲ ਗੱਡੀਆਂ ਆਦਿ ਲਈ ਅਸਥਾਈ ਤੌਰ 'ਤੇ ਜਗ੍ਹਾ ਬਣਾਈ ਗਈ ਹੈ।



ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਫਿਲਮ ''ਅਟਾਰੀ ਜੰਕਸ਼ਨ'' ਦਾ ਟ੍ਰੇਲਰ ਵਾਹਗਾ ਬਾਰਡਰ 'ਤੇ ਆਉਣ ਵਾਲੇ ਇਤਿਹਾਸਕ 161 ਸਾਲ ਪੁਰਾਣੇ ਅਟਾਰੀ ਰੇਲਵੇ ਸਟੇਸ਼ਨ ਦਾ ਅਨੁਭਵ ਕਰਨ ਲਈ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ 'ਚ ਉਸਾਰੂ ਭੂਮਿਕਾ ਨਿਭਾਏਗਾ ਅਤੇ ਫਿਲਮ ਦੇ ਨਿਰਦੇਸ਼ਕ ਹਰਪ੍ਰੀਤ ਸੰਧੂ ਨੂੰ ਵਧਾਈ ਦਿੱਤੀ।  ਉਨ੍ਹਾਂ ਨੇ ਉਸ ਸਮੇਂ ਦੀ ਸੇਵਾ ਦੇ ਤਜ਼ਰਬੇ ਵੀ ਬਿਆਨ ਕੀਤੇ ਜਦੋਂ ਅਟਾਰੀ ਸਟੇਸ਼ਨ ਉਨ੍ਹਾਂ ਦੇ ਅਧੀਨ ਸੀ। ਉਸ ਸਮੇਂ ਅੰਮ੍ਰਿਤਸਰ ਵਿੱਚ ਸੇਵਾ ਨਿਭਾਉਂਦੇ ਹੋਏ ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਟਾਰੀ ਸਟੇਸ਼ਨ 'ਤੇ ਪੋਰਟਰ ਵਜੋਂ ਕੰਮ ਕਰਨ ਲਈ ਟੋਕਨ ਪ੍ਰਾਪਤ ਕਰਨਾ ਉਨ੍ਹਾਂ ਦਿਨਾਂ ਵਿਚ ਮੁਸ਼ਕਲ ਸਮਾਂ ਸੀ।



ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਫਿਲਮ ਅਟਾਰੀ ਰੇਲਵੇ ਸਟੇਸ਼ਨ ਨੂੰ ਉਜਾਗਰ ਕਰਦੀ ਹੈ, ਜਿਸਦੀ ਇਤਿਹਾਸਕ ਮਹੱਤਤਾ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਵਾਹਗਾ-ਅਟਾਰੀ ਸਰਹੱਦ ਦੇ ਨੇੜੇ ਹੈ ਅਤੇ 1947 ਵਿੱਚ ਭਾਰਤ ਦੀ ਵੰਡ ਦਾ ਗਵਾਹ ਹੈ, ਜਿਸ ਕਾਰਨ ਦੋ ਵੱਖ ਰਾਸ਼ਟਰ ਹੋਂਦ ਵਿਚ ਆਏ।  


ਕਮਿਸ਼ਨਰ ਆਡਿਟ ਸੈਂਟਰਲ ਜੀਐਸਟੀ ਹਰਦੀਪ ਬੱਤਰਾ ਨੇ ਟਰੇਲਰ ਨੂੰ ਆਉਣ ਵਾਲੀ ਵਿਰਾਸਤੀ ਫਿਲਮ ਅਟਾਰੀ ਜੰਕਸ਼ਨ ਦੀ ਸ਼ਾਨਦਾਰ ਝਲਕ ਦੱਸਿਆ।



ਗਲਾਡਾ ਦੇ ਮੁਖੀ ਸਾਗਰ ਸੇਤੀਆ ਨੇ ਹੈਰੀਟੇਜ ਪ੍ਰਮੋਟਰ ਹਰਪ੍ਰੀਤ ਸੰਧੂ ਦੇ 161 ਸਾਲ ਪੁਰਾਣੇ ਅਟਾਰੀ ਰੇਲਵੇ ਸਟੇਸ਼ਨ ਨੂੰ ਖੂਬਸੂਰਤੀ ਨਾਲ ਪੇਸ਼ ਕਰਨ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਂਝੇ ਇਤਿਹਾਸ, ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਆਰਥਿਕ ਸਬੰਧਾਂ ਦਾ ਪ੍ਰਮਾਣ ਹੈ।



ਫਿਲਮ ਦੇ ਨਿਰਦੇਸ਼ਕ ਹਰਪ੍ਰੀਤ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਟ੍ਰੇਲਰ ਇਤਿਹਾਸਕ ਅਟਾਰੀ ਰੇਲਵੇ ਸਟੇਸ਼ਨ ਨੂੰ ਦਰਸਾਉਂਦਾ ਹੈ ਜੋ ਨਾ ਸਿਰਫ ਇੱਕ ਟ੍ਰਾੰਸਿਟ ਪੁਆਇੰਟ ਵਜੋਂ ਕੰਮ ਕਰਦਾ ਹੈ; ਪਰ ਇਹ ਸਰਹੱਦ ਪਾਰ ਸੰਪਰਕ ਅਤੇ ਸੱਭਿਆਚਾਰਕ ਵਟਾਂਦਰੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਫਿਲਮ ਇੱਕ ਸਦੀ ਤੋਂ ਵੱਧ ਪੁਰਾਣੇ ਅਟਾਰੀ ਰੇਲਵੇ ਸਟੇਸ਼ਨ ਦੀ ਇਤਿਹਾਸਕ ਆਰਕੀਟੈਕਚਰ 'ਤੇ ਕੇਂਦਰਿਤ ਹੈ, ਜੋ ਕਿ ਇੰਡੋ-ਇਸਲਾਮਿਕ ਅਤੇ ਵਿਕਟੋਰੀਆ ਦੀ ਆਰਕੀਟੈਕਚਰ ਸ਼ੈਲੀ ਦਾ ਸੁਮੇਲ ਹੈ। ਫਿਲਮ ਇੱਕ ਬੀਤ ਚੁੱਕੇ ਯੁੱਗ ਨੂੰ ਦਰਸਾਉਂਦੀ ਹੈ ਜਿਸ ਨੂੰ ਪਹਿਲਾਂ ਕਦੇ ਹੀ ਉਜਾਗਰ ਕੀਤਾ ਗਿਆ ਹੈ। ਇਹ ਫਿਲਮ ਸਰਹੱਦ ਪਾਰ ਵਪਾਰ, ਸੈਰ-ਸਪਾਟਾ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਸੁਖਾਲਾ ਬਣਾਉਣ ਵਿੱਚ ਅਟਾਰੀ ਰੇਲਵੇ ਸਟੇਸ਼ਨ ਦੀ ਵਿਲੱਖਣ ਇਤਿਹਾਸਕ ਮਹੱਤਤਾ ਅਤੇ ਅਹਿਮ ਭੂਮਿਕਾ ਨੂੰ ਵੀ ਉਜਾਗਰ ਕਰਦੀ ਹੈ, ਜਿਸ ਬਾਰੇ ਪੁਰਾਣੀ ਪੀੜ੍ਹੀ ਦੇ ਕੁਝ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕਾਂ ਨੂੰ ਇਸ ਵਿਰਾਸਤੀ ਰੇਲਵੇ ਸਟੇਸ਼ਨ ਦੀ ਮਹੱਤਤਾ ਬਾਰੇ ਨਹੀਂ ਜਾਣਦੇ।   



ਫਿਲਮ ਦੇ ਟ੍ਰੇਲਰ ਦੀ ਖਾਸੀਅਤ ਅਟਾਰੀ ਰੇਲਵੇ ਸਟੇਸ਼ਨ ਦੇ ਰੇਲਵੇ ਟ੍ਰੈਕ 'ਤੇ ਕੈਮਰੇ ਦਾ ਸਾਹਮਣਾ ਕਰ ਰਹੇ ਬੁੱਧੀਜੀਵੀਆਂ ਦਾ ਇੱਕ ਦੁਰਲੱਭ ਸਮੂਹ ਹੈ। ਫਿਲਮ ਦਾ ਟ੍ਰੇਲਰ ਉਹਨਾਂ ਤੱਤਾਂ 'ਤੇ ਕੇਂਦ੍ਰਤ ਕਰਦਾ ਹੈ ਜੋ ਮੁੱਖ ਹਨ, ਜਿਸ ਵਿੱਚ ਆਖਰੀ ਫਾਟਕ ਦੇ ਪਿੱਛੇ ਦੀ ਕਹਾਣੀ ਵੀ ਸ਼ਾਮਲ ਹੈ ਜੋ ਆਖਿਰਕਾਰ ਪਾਕਿਸਤਾਨ ਨੂੰ ਪਾਰ ਕਰਨ ਲਈ ਰੇਲਗੱਡੀ ਦਾ ਰਸਤਾ ਤਿਆਰ ਕਰਨ ਲਈ ਖੋਲ੍ਹਿਆ ਗਿਆ ਸੀ। ਇਹ ਫਿਲਮ ਦਸੰਬਰ 2023 ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਨਿਰਦੇਸ਼ਨ ਪੰਜਾਬ ਦੇ ਉੱਘੇ ਲੇਖਕ, ਹੇਰਿਟੇਜ ਪ੍ਰਮੋਟਰ ਅਤੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਨੇ ਕੀਤਾ ਹੈ, ਇਸ ਦੀ ਸਕ੍ਰਿਪਟ ਅਤੁਲ ਟਿਰਕੀ, ਡਿਪਟੀ ਕਮਿਸ਼ਨਰ ਕਸਟਮ, ਅਟਾਰੀ ਦੁਆਰਾ ਲਿਖੀ ਗਈ ਹੈ ਅਤੇ ਗੀਤ ਭਾਰਤ ਦੇ ਪ੍ਰਸਿੱਧ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੁਆਰਾ ਲਿਖੇ ਗਏ ਹਨ।



ਫਿਲਮ 'ਅਟਾਰੀ ਜੰਕਸ਼ਨ' ਦੇ ਟ੍ਰੇਲਰ ਨੂੰ ਰਿਲੀਜ਼ ਕਰਨ ਮੌਕੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਐਸ.ਪੀ.ਐਸ ਪਰਮਾਰ, ਹਰਦੀਪ ਬੱਤਰਾ, ਕਮਿਸ਼ਨਰ ਆਡਿਟ ਸੈਂਟਰਲ ਜੀਐਸਟੀ ਅਤੁਲ ਟਿਰਕੀ, ਡੀਸੀ ਕਸਟਮ, ਉੱਘੇ ਉਦਯੋਗਪਤੀ ਕਮਲ ਓਸਵਾਲ, ਗਗਨ ਖੰਨਾ ਅਤੇ ਸੰਜੀਵ ਗਰਗ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।