ਸੁਰਿੰਦਰ ਗੀਤ ਦੀ ਪੁਸਤਕ “ਮੇਰੀ ਚੋਣਵੀਂ ਕਵਿਤਾ” ਡਾ. ਸੁਰਜੀਤ ਪਾਤਰ , ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰ ਲੇਖਕਾਂ ਵੱਲੋਂ ਲੋਕ ਅਰਪਣ.

 

ਲੁਧਿਆਣਾ, 3ਨਵੰਬਰ (ਕੁਨਾਲ ਜੇਤਲੀ) - ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕੈਨੇਡਾ ਵੱਸਦੀ ਪੰਜਾਬੀ ਕਵਿੱਤਰੀ ਸੁਰਿੰਦਰ ਗੀਤ ਦੀ ਪੁਸਤਕ “ਮੇਰੀ ਚੋਣਵੀਂ ਕਵਿਤਾ” ਨੂੰ ਡਾ: ਸੁਰਜੀਤ ਪਾਤਰ ਚੇਅਰਮੈਨ ਪੰਜਾਬ ਆਰਟਸ ਕੌਂਸਲ, ਪ੍ਰੋ: ਗੁਰਭਜਨ ਸਿੰਘ ਗਿੱਲ, ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ। 

ਸੁਆਗਤੀ ਸ਼ਬਦ ਬੋਲਦਿਆਂ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਕੈਲਗਰੀ (ਕੈਨੇਡਾ) ਵੱਸਦੀ ਕਵਿੱਤਰੀ ਸੁਰਿੰਦਰ ਗੀਤ ਦੀ ਤੁਰੀ ਸਾਂ ਮੈਂ ਉੱਥੇ,ਸੁਣ ਨੀ ਜਿੰਦੇ, ਚੰਦ ਸਿਤਾਰੇ ਮੇਰੇ ਵੀ ਨੇ, ਮੋਹ ਦੀਆਂ ਛੱਲਾਂ, ਕਾਨੇ ਦੀਆਂ ਕਲਮਾਂ, ਰੁੱਖ ਤੇ ਪੰਛੀ,ਸ਼ਬਦ ਸੁਨੱਖੇ, ਗੁਸਤਾਖ਼ ਹਵਾ, ਖੇਤਾਂ ਦਾ ਸਫ਼ਰ,ਵਾਲਰੋਲਿਆਂ ਦੇ ਅੰਗ ਸੰਗ ਤੇ ਦਿਲ ਦੀ ਮਮਟੀ ਤੋਂ ਬਾਦ ਹੁਣ ਬਲਬੀਰ ਮਾਧੋਪੁਰੀ ਦੀ ਸੰਪਾਦਨਾ ਹੇਠ ਨਵਯੁਗ ਪਬਲਿ਼ਸ਼ਰਜ਼ ਵੱਲੋਂ “ਮੇਰੀ ਚੋਣਵੀਂ ਕਵਿਤਾ “ਪ੍ਰਕਾਸ਼ਿਤ ਹੋਈ ਹੈ।

ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ: ਗੁਰਇਕਬਾਲ ਸਿੰਘ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪੁਸਤਕ ਅਨੀਤੀਆਂ ਤੇ ਜਬਰ ਦੇ ਖਿਲਾਫ਼ ਖੌਲਦੇ ਖੂਨ ਵਾਂਗ ਹਥਿਆਰ ਬਣਦੀ ਪ੍ਰਤੀਤ ਹੁੰਦੀ ਹੈ। ਪ੍ਰੇਰਕ ਕਵਿਤਾ ਦੇ ਇਸ ਸੰਗ੍ਰਹਿ ਵਿੱਚ ਸਵੈ ਤੋਂ ਸਮਸ਼ਟੀ ਤੀਕ ਦੀ ਯਾਤਰਾ ਹੈ। 

ਸਮਾਗਮ ਦੇ ਮੁੱਖ ਮਹਿਮਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਰਿੰਦਰ ਗੀਤ ਦੀ ਸ਼ਾਇਰੀ ਚੁੱਪ ਧੀ ਦੀ ਬੋਲਦੀ ਕਵਿਤਾ ਹੈ। ਉਹ ਲਛਮਣ ਰੇਖਾ ਉਲੰਘ ਕੇ ਪਾਰ ਜਾਂਦੀ ਸ਼ਾਇਰਾ ਹੈ। ਕਿਸਾਨ ਸੰਘਰਸ਼ ਬਾਰੇ ਉਸ ਦੀਆਂ ਕਵਿਤਾਵਾਂ ਦਾ ਸੰਗ੍ਰਹਿ “ਖੇਤਾਂ ਦਾ ਸਫ਼ਰ” ਵਕਤ ਦਾ ਜੀਵੰਤ ਦਸਤਾਵੇਜ਼ ਬਣਨ ਦੇ ਸਮਰੱਥ ਹੈ। 

ਇਸ ਮੌਕੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਸੁਰਿੰਦਰ ਗੀਤ ਦੀ ਪੂਰੇ ਪੰਜਾਬੀ ਸਾਹਿੱਤ ਜਗਤ ਨਾਲ ਮਾਸੂਮੀਅਤ ਭਰੀ ਸਾਂਝ ਬਣਾਈ ਹੈ। ਉਨ੍ਹਾਂ ਕਿਹਾ ਕਿ ਮੇਰੀ ਨਾਦੀ ਭੈਣ ਸੁਰਿੰਦਰ ਗੀਤ ਦੀ ਇਹ ਪੁਸਤਕ ਪੰਜਾਬੀ ਕਵਿਤਾ ਵਿੱਚ ਮਹਿਕ ਵਾਂਗ ਸ਼ਾਮਿਲ ਹੋਵੇਗੀ। ਉਸ ਦੀ ਪਹਿਲੀ ਕਿਤਾਬ ਤੋਂ ਲੈ ਕੇ ਇਸ ਪੁਸਤਕ ਤੀਕ ਪੜ੍ਹਦਿਆਂ ਕਹਿ ਸਕਦਾ ਹਾਂ ਕਿ ਇਹ ਉਸ ਦੀ ਕਸ਼ੀਦ ਕੀਤੀ ਆਤਮ ਕਥਾ ਹੈ। ਇਸ ਵਿੱਚ ਉਸ ਦੇ ਸਵੈ, ਧਰਤੀ ਤੇ ਮੁਆਸ਼ਰੇ ਬਾਰੇ ਵਿਚਾਰ ਪਿਘਲ ਕੇ ਕਵਿਤਾ ਬਣੇ ਹਨ। ਸ਼ਿੱਦਤ, ਸ਼ਊਰ, ਸ਼ਿਲਪ ਤੇ ਸ਼ਬਦ ਸੰਵੇਦਨਾ ਦਾ ਸੁਮੇਲ ਹੈ ਸੁਰਿੰਦਰ ਗੀਤ ਦੀ ਕਵਿਤਾ। 

ਸਮਾਗਮ ਦੇ ਆਰੰਭ ਵਿੱਚ ਸੁਰਿੰਦਰ ਗੀਤ ਨੇ ਆਪਣੀ ਪਸੰਦ ਦੀਆਂ ਪੰਜ ਕਵਿਤਾਵਾਂ ਸੁਣਾਈਆਂ। ਉੱਘੇ ਕਵੀ ਤ੍ਰੈਲੋਚਨ ਲੋਚੀ ਨੇ ਸੁਰਿੰਦਰ ਗੀਤ ਦੀ ਇੱਕ ਰਚਨਾ ਤਰੰਨੁਮ ਵਿੱਚ ਸੁਣਾਈ। 

ਲੋਕ ਮੰਚ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਆਏ ਲੇਖਕ ਦੋਸਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਮੰਚ ਪੰਜਾਬ ਪੂਰੇ ਪੰਜਾਬ ਵਿੱਚ ਸਾਹਿੱਤਕ ਸਰਗਰਮੀਂਆਂ ਨੂੰ ਤੇਜ਼ ਗਤੀ ਪ੍ਰਦਾਨ ਕਰਨ ਲਈ ਯਤਨਸ਼ੀਲ ਰਹੇਗਾ। 

ਇਸ ਮੌਕੇ ਸੁਰਿੰਦਰ ਗੀਤ ਨੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਲਈ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਅਕਾਡਮੀ ਪ੍ਰਧਾਨ ਡਾ: ਲਖਵਿੰਦਰ ਜੌਹਲ ਤੇ ਬਾਕੀ ਅਹੁਦੇਦਾਰਾਂ ਨੂੰ ਸੌਂਪੀ। 

ਇਸ ਸਮਾਗਮ ਵਿੱਚ ਸ਼੍ਰੀਮਤੀ ਭੁਪਿੰਦਰ ਪਾਤਰ, ਗੁਰਚਰਨ ਕੌਰ ਕੋਚਰ,ਮਨਦੀਪ ਕੌਰ ਸੈਂਭੀ, ਡਾ: ਬੀਰਿੰਦਰ ਕੌਰ, ਡਾ: ਹਰਜਿੰਦਰ ਸਿੰਘ ਅਟਵਾਲ, ਸੁਰਿੰਦਰਦੀਪ ਕੌਰ,ਮਨਜਿੰਦਰ ਗੋਲ੍ਹੀ ਫ਼ਰੀਦਕੋਟ, ਕਮਲਜੀਤ ਨੀਲੋਂ, ਸੁਰਜੀਤ ਭਗਤ, ਅਮਰਜੀਤ ਸ਼ੇਰਪੁਰੀ, ਡਾ: ਗੁਲਜ਼ਾਰ ਸਿੰਘ ਪੰਧੇਰ, ਚਰਨਜੀਤ ਸਿੰਘ ਯੂ ਐੱਸ ਏ, ਪ੍ਰਸਿੱਧ ਗਾਇਕ ਡਾ: ਸੁਖਨੈਨ ਸਿੰਘ ਜਲੰਧਰ, ਸਰਬਜੀਤ ਵਿਰਦੀ, ਰਵਦੀਪ ਸਿੰਘ, ਮਲਕੀਤ ਸਿੰਘ ਮਾਲੜਾ ਨੇ ਭਾਗ ਲਿਆ।