*ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ*.
*-ਕਿਹਾ! ਅਜਿਹੇ ਸਮਾਗਮ ਹਰ ਬਲਾਕ ਵਿੱਚ ਕੀਤੇ ਜਾ ਰਹੇ ਹਨ ਤਾਂ ਜੋ ਪਰਾਲੀ ਸਾਂਭਣ ਵਾਲੇ ਵੱਧ ਤੋਂ ਵੱਧ ਕਿਸਾਨ ਅੱਗੇ ਆਉਣ*
ਲੁਧਿਆਣਾ, 4 ਨਵੰਬਰ (ਕੁਨਾਲ ਜੇਤਲੀ) - ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ ਤਹਿਤ ਬੀਤੇ ਕੱਲ੍ਹ ਪਰਾਲੀ ਨੂੰਂ ਬਿਨ੍ਹਾਂ ਸਾੜੇ ਸੰਭਾਲਣ ਵਿੱਚ ਯੋਗਦਾਨ ਪਾ ਰਹੇ ਕਿਸਾਨਾਂ ਦਾ ਸਨਮਾਨ ਕਰਨ ਲਈ ਪਿੰਡ ਨੂਰਪੁਰ ਬੇਟ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਮਲਿਕ ਵਲੋਂ ਸਮਾਗਮ ਦੌਰਾਨ 30 ਤੋਂ ਵੱਧ ਅਜਿਹੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਜਿੰਨ੍ਹਾਂ ਨੇ ਪਰਾਲੀ ਨੂੰਂ ਸਾੜਨ ਨਾਲੋਂ ਉਸ ਨੂੰਂ ਸੰਭਾਲਣ ਨੂੰਂ ਪਹਿਲ ਦਿੱਤੀ ਅਤੇ ਆਪਣੇ ਪਿੰਡਾਂ ਨੂੰਂ ਸਟਰਾਅ ਬਰਨਿੰਗ ਤੋਂ ਮੁਕਤੀ ਦਵਾਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਅਜਿਹੇ ਸਮਾਗਮ ਹਰ ਬਲਾਕ ਵਿੱਚ ਕੀਤੇ ਜਾ ਰਹੇ ਹਨ ਤਾਂ ਜੋ ਪਰਾਲੀ ਸੰਭਾਲਣ ਵਾਲੇ ਕਿਸਾਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾ ਸਕੇ ਜਿਸ ਤੋਂ ਪਰਾਲੀ ਸਾੜਨ ਵਾਲੇ ਕਿਸਾਨ ਸੇਧ ਲੈ ਕੇ ਅੱਗੇ ਤੋਂ ਪਰਾਲੀ ਨਾ ਸਾੜਨ ਲਈ ਅੱਗੇ ਆਉਣ।
ਇਸ ਮੌਕੇ ਡਾ.ਹਰਜਿੰਦਰ ਸਿੰਘ, ਐਸ.ਡੀ.ਐਮ ਲੁਧਿਆਣਾ ਪੱਛਮੀ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਪੈਦਾ ਹੁੰਦੀਆਂ ਖਤਰਨਾਕ ਗੈਸਾਂ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਜਿੰਨ੍ਹਾਂ ਦਾ ਮਾੜਾ ਪ੍ਰਭਾਵ ਸਾਰੀ ਜਿੰਦਗੀ ਵਿਖਾਈ ਦਿੰਦਾ ਰਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਗ ਨਾਲ ਵਾਤਾਵਰਣ ਤਾਂ ਖਰਾਬ ਹੁੰਦਾ ਹੀ ਹੈ ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਪਰਾਲੀ ਨੂੰਂ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰਂ ਜਾਗਰੁਕ ਕਰਨ ਲਈ ਵਿਆਪਕ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈੈ, ਜਿਸਦੇ ਸਾਰਥਕ ਨਤੀਜੇ ਪ੍ਰਾਪਤ ਹੋ ਰਹੇ ਹਨ। ਇਸ ਨਾਲ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਸਾਂਭਣ ਦੇ ਫਾਇਦਿਆਂ ਬਾਰੇ ਕਿਸਾਨਾਂ ਵਿੱਚ ਵੱਡੇ ਪੱਧਰ ਤੇ ਜਾਗਰੁਕਤਾ ਪੈਦਾ ਹੋਈ ਹੈ। ਵਿਭਾਗ ਵਲੋਂ ਕੈਂਪਾਂ, ਸਕੂਲੀ ਗਤੀਵਿਧੀਆਂ, ਲਿਟਰੇਚਰ, ਗੁਰਦੁਆਰਿਆਂ ਵਿੱਚ ਅਨਾਊਂਸਮੈਂਟਾਂ ਆਦਿ ਵਰਗੀਆਂ ਜਾਗਰੁਕਤਾ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੀਆਂ ਸਮੂਹ ਪੰਚਾਇਤਾਂ ਅਤੇ ਸਰਪੰਚਾਂ ਨੂੰਂ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਰੋਜ਼ਾਨਾਂ ਗੁਰਦੁਆਰਿਆਂ ਵਿੱਚ ਪਰਾਲੀ ਨਾ ਸਾੜਨ ਬਾਰੇ ਅਨਾਊਂਸਮੈਂਟ ਕਰਵਾਉਣ।
ਖੇਤੀਬਾੜੀ ਵਿਭਾਗ ਤੋਂ ਇੰਜੀਨਿਅਰ ਅਮਨਪ੍ਰੀਤ ਸਿੰਘ ਘੇਈ ਅਤੇ ਇੰਜ.ਹਰਮਨਪ੍ਰੀਤ ਸਿੰਘ ਵਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀਆਂ ਤਕਰੀਬਨ 8000 ਪਰਾਲੀ ਸੰਭਾਲਣ ਵਾਲੀਆਂ ਖੇਤੀ ਮਸ਼ੀਨਾਂ ਵਰਤ ਕੇ ਪਰਾਲੀ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਮਸ਼ੀਨਾਂ ਤੇ ਉਪਲਭਧ ਸਬਸਿਡੀ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਕੋਆਪਰੇਟਿਵ ਸੁਸਾਇਟੀਆਂ ਦੇ ਸੈਕਟਰੀ ਅਤੇ ਪ੍ਰਧਾਨਾਂ ਨੂੰਂ ਅਪੀਲ ਕੀਤੀ ਕਿ ਉਹ ਸੁਸਾਇਟੀਆਂ ਵਿੱਚ ਉਪਲਭਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਯਕੀਨੀ ਬਣਾਉਣ ਅਤੇ ਇਨ੍ਹਾਂ ਨੂੰਂ ਘੱਟ ਤੋਂ ਘੱਟ ਕਿਰਾਏ ਤੇ ਛੋਟੇ ਕਿਸਾਨਾਂ ਨੂੰਂ ਵਰਤਣ ਲਈ ਦੇਣ।
ਡਾ.ਗਿਰਜੇਸ਼ ਭਾਰਗਵ ਏ.ਡੀ.ੳ. ਨੇ ਕਿਸਾਨਾਂ ਨੂੰਂ ਬੀਜ ਸੋਧਣ ਦੀ ਪ੍ਰਕ੍ਰਿਆ ਅਤੇ ਇਸ ਦੇ ਫਾਇਦਿਆਂ ਬਾਰੇ ਦੱਸਿਆ।
ਜਸਕੀਰਤ ਸਿੰਘ ਏ.ਐਸ.ਆਈ ਨੇ ਕਿਸਾਨਾਂ ਨੂੰਂ ਕਣਕ ਦੀ ਬਿਜਾਈ ਤੇ ਤਕਨੀਕੀ ਪੱਖਾਂ ਬਾਰੇ ਜਾਣੂ ਕਰਵਾਇਆ।
ਡਾ.ਸ਼ੇਰਅਜੀਤ ਸਿੰਘ ਏ.ਈ.ੳ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਉਂਦੇ ਹੋਏ ਕਿਸਾਨਾਂ ਨੂੰਂ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ।
ਇਸ ਮੌਕੇ ਨੂਰਪੁਰ ਬੇਟ, ਖਹਿਰਾ ਬੇਟ ਤੋਂ ਇਲਾਵਾ ਨੇੜੇ ਦੇ ਪਿੰਡਾਂ ਦੇ ਤਕਰੀਬਨ 100 ਤੋਂ ਵੱਧ ਕਿਸਾਨ, ਸਰਪੰਚ ਅਤੇ ਸਹਿਕਾਰੀ ਸਭਾ ਦੇ ਮੈਂਬਰ ਹਾਜਰ ਸਨ। ਸਮਾਗਮ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਨੇੜੇ ਦੇ ਖੇਤ ਵਿੱਚ ਬੇਲਰ ਮਸ਼ੀਨ ਦੀ ਖੇਤ ਪ੍ਰਦਰਸ਼ਨੀ ਵੀ ਵੇਖੀ ਗਈ।