*ਮੁੱਖ ਖੇਤੀਬਾੜੀ ਅਫ਼ਸਰ ਡਾ. ਬੈਨੀਪਾਲ ਦੀ ਅਗਵਾਈ ਵਾਲੀ ਟੀਮ ਵਲੋਂ ਸਿੱਧਵਾਂ ਬੇਟ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ.

 

*- ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਸਾਂਭਣ ਲਈ ਕੀਤਾ ਪ੍ਰੇਰਿਤ*

ਲੁਧਿਆਣਾ,  6 ਨਵੰਬਰ (ਦਿਵਿਆਂਸ਼ੂ ਸ਼ਰਮਾ) - ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬੀਤੇ ਕੱਲ੍ਹ ਐਤਵਾਰ ਨੂੰ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਵਲੋਂ ਆਪਣੀ ਟੀਮ ਨਾਲ ਸਿੱਧਵਾਂ ਬੇਟ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰੇ ਦਾ ਮੰਤਵ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਸੰਭਾਲਣ ਲਈ ਜਾਗਰੁਕ ਕਰਨਾ ਅਤੇ ਪਰਾਲੀ ਸਾੜ ਰਹੇ ਕਿਸਾਨਾਂ ਨੂੰਂ ਮਿਲ ਕੇ ਸਮਝਾਉਣਾ ਸੀ।


ਡਾ. ਬੈਨੀਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਟੀਮ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਗਿੱਦੜਵਿੰਡੀ, ਜਨੇਤਪੁਰਾ, ਭੈਣੀ ਅਰਾਈਆਂ, ਸ਼ਫ਼ੀਪੁਰਾ, ਕੀੜੀ, ਭੁਮਾਲ, ਸਿੱਧਵਾਂ ਬੇਟ ਸ਼ਾਮਲ ਹਨ। ਉਨ੍ਹਾਂ ਅਜਿਹੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਗਿਆ ਜੋਕਿ ਇਸ ਨੂੰ ਸਾੜਨ ਦੀ ਤਿਆਰੀ ਕਰ ਰਹੇ ਸਨ। ਇਸ ਸਾਲ ਕਿਸਾਨਾਂ ਵਿੱਚ ਪਰਾਲੀ ਦੀਆਂ ਗੰਢਾਂ ਬਣਾਉਣ ਦਾ ਰੁਝਾਨ ਬਹੁਤ ਜ਼ਿਆਦਾ ਹੈ ਪ੍ਰੰਤੂ ਸਮੇਂ ਦੀ ਘਾਟ ਕਾਰਨ ਕੁਝ ਕਿਸਾਨ ਬੇਲਰ ਮਸ਼ੀਨ ਦੀ ਉਡੀਕ ਕਰਨ ਦੀ ਬਜਾਏ ਅੱਗ ਲਗਾ ਰਹੇ ਹਨ। ਕੁਝ ਅਜਿਹੇ ਕਿਸਾਨ ਵੀ ਮਿਲੇ ਜੋ ਕਿ ਪਰਾਲੀ ਦੀਆਂ ਗੰਢਾਂ ਬਣਾਉਣ ਤੋਂ ਬਾਅਦ ਹੇਠਾਂ ਬਚੀ ਬਹੁਤ ਥੋੜੀ ਪਰਾਲੀ ਨੂੰ ਵੀ ਅੱਗ ਲਗਾਉਣ ਦੀ ਤਿਆਰੀ ਵਿੱਚ ਸਨ। ਅਜਿਹੇ ਕਿਸਾਨਾਂ ਨੂੰ ਇਸ ਦੇ ਨੁਕਸਾਨ ਦੱਸਦੇ ਹੋਏ ਮੌਕੇ 'ਤੇ ਹੀ ਰੋਕਿਆ ਗਿਆ ਅਤੇ ਬਹੁਤੇ ਕਿਸਾਨਾਂ ਨੇ ਇਸ ਨੂੰ ਆਪਣੀ ਗਲਤੀ ਮੰਨਦੇ ਹੋਏ ਅੱਗ ਨਾ ਲਗਾਉਣ ਦਾ ਭਰੋਸਾ ਦਿੱਤਾ।


ਉਨ੍ਹਾਂ ਅੱਗੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਸਮੂਹ ਤਹਿਸੀਲਾਂ ਦੇ ਐਸ.ਡੀ.ਐਮ. ਸਾਹਿਬਾਨ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ, ਖੇਤੀਬਾੜੀ ਵਿਭਾਗ ਦੇ ਨੋਡਲ ਅਫ਼ਸਰ, ਕਲੱਸਟਰ ਅਫ਼ਸਰ ਵੱਖ ਵੱਖ ਪਿੰਡਾਂ ਵਿੱਚ ਹੀ ਰਹੇ ਅਤੇ ਕਿਸਾਨਾਂ ਨੂੰਂ ਮਿਲ ਕੇ ਪਰਾਲੀ ਨਾ ਸਾੜਨ ਬਾਰੇ ਸਲਾਹ ਦਿੰਦੇ ਰਹੇ। ਡਾ. ਬੈਨੀਪਾਲ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਪੈਦਾ ਹੁੰਦੀਆਂ ਖਤਰਨਾਕ ਗੈਸਾਂ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਜਿੰਨ੍ਹਾਂ ਦਾ ਮਾੜਾ ਪ੍ਰਭਾਵ ਸਾਰੀ ਜਿੰਦਗੀ ਵਿਖਾਈ ਦਿੰਦਾ ਰਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਗ ਨਾਲ ਵਾਤਾਵਰਣ ਤਾਂ ਖਰਾਬ ਹੁੰਦਾ ਹੀ ਹੈ, ਪ੍ਰੰਤੂ ਨਾਲ ਹੀ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।


ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਵਿਆਪਕ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਸਾਰਥਕ ਨਤੀਜੇ ਪ੍ਰਾਪਤ ਹੋ ਰਹੇ ਹਨ। ਇਸ ਨਾਲ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਸਾਂਭਣ ਦੇ ਫਾਇਦਿਆਂ ਬਾਰੇ ਕਿਸਾਨਾਂ ਵਿੱਚ ਵੱਡੇ ਪੱਧਰ ਤੇ ਜਾਗਰੁਕਤਾ ਪੈਦਾ ਹੋਈ ਹੈ। ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੀਆਂ ਸਮੂਹ ਪੰਚਾਇਤਾਂ ਅਤੇ ਸਰਪੰਚਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਰੋਜ਼ਾਨਾਂ ਗੁਰਦੁਆਰਿਆਂ ਵਿੱਚ ਪਰਾਲੀ ਨਾ ਸਾੜਨ ਬਾਰੇ ਅਨਾਊਂਸਮੈਂਟ ਕਰਵਾਉਣ।


ਉਨ੍ਹਾਂ ਸਮੂਹ ਕੋਆਪਰੇਟਿਵ ਸੁਸਾਇਟੀਆਂ ਦੇ ਸੈਕਟਰੀ ਅਤੇ ਪ੍ਰਧਾਨਾਂ ਨੂੰਂ ਅਪੀਲ ਕੀਤੀ ਕਿ ਉਹ ਸੁਸਾਇਟੀਆਂ ਵਿੱਚ ਉਪਲਭਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਯਕੀਨੀ ਬਣਾਉਣ ਅਤੇ ਇਨ੍ਹਾਂ ਨੂੰ ਘੱਟ ਤੋਂ ਘੱਟ ਕਿਰਾਏ 'ਤੇ ਛੋਟੇ ਕਿਸਾਨਾਂ ਨੂੰ ਵਰਤਣ ਲਈ ਦੇਣ। ਡਾ.ਬੈਨੀਪਾਲ ਨਾਲ ਉਨ੍ਹਾਂ ਦੀ ਟੀਮ ਵਿੱਚ ਡਾ.ਜਗਦੇਵ ਸਿੰਘ, ਇੰਜੀਨਿਅਰ ਅਮਨਪ੍ਰੀਤ ਸਿੰਘ ਘੇਈ, ਇੰਜ.ਹਰਮਨਪ੍ਰੀਤ ਸਿੰਘ, ਡਾ.ਗਿਰਜੇਸ਼ ਭਾਰਗਵ, ਡਾ.ਪ੍ਰਦੀਪ ਟਿਵਾਣਾ, ਡਾ. ਗੌਰਵ ਧੀਰ ਆਦਿ ਸ਼ਾਮਿਲ ਸਨ।