ਧਰਮ ਸਿੰਘ ਗੋਰਾਇਆ ਦੀ 1857 ਗਦਰ ਨਾਇਕ ਰਾਏ ਅਹਿਮਦ ਖਾਨ ਖਰਲ ਬਾਰੇ ਖੋਜ ਪੁਸਤਕ “ਰਾਵੀ ਦਾ ਰਾਠ” ਡਾ: ਸੁਰਜੀਤ ਪਾਤਰ,ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ.

 


ਲੁਧਿਆਣਾ, 11ਨਵੰਬਰ :


ਰੂਸੀ ਨਾਵਲਕਾਰ  ਫਿਉਡੋਰ ਦੋਸਤੋਵਸਕੀ ਦੇ ਜਨਮ ਦਿਹਾੜੇ ਮੌਕੇ ਪੰਜਾਬੀ ਭਵਨ ਲੁਧਿਆਣਾ ਵਿੱਚ ਅੱਜ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਮੈਰੀਲੈਂਡ (ਅਮਰੀਕਾ) ਵੱਸਦੇ ਖੋਜੀ ਪੰਜਾਬੀ ਲੇਖਕ ਧਰਮ ਸਿੰਘ ਗੋਰਾਇਆ ਦੀ 1857 ਗਦਰ ਨਾਇਕ ਰਾਏ ਅਹਿਮਦ ਖਾਨ ਖਰਲ ਬਾਰੇ ਲਿਖੀ ਖੋਜ ਪੁਸਤਕ “ਰਾਵੀ ਦਾ ਰਾਠ” ਡਾਃ ਸੁਰਜੀਤ ਪਾਤਰ,ਪ੍ਰੋਃ ਗੁਰਭਜਨ ਸਿੰਘ ਗਿੱਲ ਪ੍ਰੋਃ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ, ਪੁਨੀਤ ਸਹਿਗਲ,ਬੂਟਾ ਸਿੰਘ ਚੌਹਾਨ, ਡਾਃ ਲਖਵਿੰਦਰ ਜੌਹਲ ਤੇ ਸਾਥੀਆਂ ਨੇ ਲੋਕ  ਅਰਪਣ ਕੀਤੀ ਗਈ। 

ਇਸ ਮੌਕੇ ਰਾਏ ਅਹਿਮਦ ਖ਼ਾਂ ਖਰਲ ਨੂੰ ਚੇਤੇ ਕਰਦਿਆਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਸਰਬ ਸਾਂਝੀ ਵਿਰਾਸਤ ਦੇ ਨਾਇਕ ਚੇਤਿਆਂ ਚ ਵਸਾਉਣ ਲਈ ਅਜਿਹੀਆਂ ਲਿਖਤਾਂ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਬਦੇਸ਼ ਚ ਵੱਸਦਿਆਂ ਖੋਜ ਆਧਾਰਿਤ ਪੁਸਤਕ ਦੀ ਸਿਰਜਣਾ ਕਰਨਾ ਧਰਮ ਸਿੰਘ ਗੋਰਾਇਆ ਦੇ ਅਦਬੀ ਕੱਦ ਬੁੱਤ ਵਿੱਚ ਵਾਧਾ ਕਰਦੀ ਹੈ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਬਾਰੇ  ਜਾਣਕਾਰੀ ਦੇਂਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਸੂਰਮਿਆਂ ਦੀਆਂ ਵਾਰਾਂ ਸੂਰਮੇ ਹੀ ਲਿਖਦੇ ਨੇ। 1857 ਗਦਰ ਦੇ ਪੰਜਾਬੀ ਸੂਰਮੇ ਰਾਏ ਅਹਿਮਦ ਖਾਂ ਖਰਲ ਦੀ ਸੂਰਮਗਤੀ ਦੀ ਬਾਤ ਛੋਹ ਕੇ ਧਰਮ ਸਿੰਘ ਗੋਰਾਇਆ ਜੀ ਨੇ ਸੂਰਮਿਆਂ ਵਾਲਾ ਕਾਰਜ ਕੀਤਾ ਹੈ। 

ਧਰਤੀ ਦੀ ਮਰਯਾਦਾ ਤੇ ਅਣਖ਼ੀਲੀ ਵਿਰਾਸਤ ਦੀਆਂ ਸੋਨ-ਕਣੀਆਂ ਪਛਾਨਣ, ਲੱਭਣ ਤੇ ਬਣਾ ਸੰਵਾਰ ਕੇ ਪੇਸ਼ ਕਰਨ ਵਿੱਚ ਉਸਦਾ ਕੋਈ ਮੁਕਾਬਲਾ ਨਹੀਂ। 

ਧਰਮ ਸਿੰਘ ਗੋਰਾਇਆ ਬਾਰੇ ਗੱਲ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਰਾਏ ਅਹਿਮਦ ਖ਼ਾਂ ਖਰਲ ਵਰਗੇ ਨਾਇਕ ਸਿਰਫ਼ ਸਾਂਝੇ ਪੰਜਾਬ ਦੇ ਹੀ ਨਹੀਂ ਸਗੋਂ  ਅੰਤਰ ਰਾਸ਼ਟਰੀ ਪਛਾਣ ਵਾਲੇ “ਚੀ ਗੁਏਰਾ” ਵਰਗੇ ਗੁਰੀਲਾ ਯੁੱਧ ਦੇ ਮੋਢੀ ਸੂਰਮੇ ਵੀ ਹਨ।  “ਅਣਖ਼ੀਲਾ ਧਰਤੀ ਪੁੱਤਰ “ਦੁੱਲਾ ਭੱਟੀ ਹੋਵੇ ਜਾਂ “ਰਾਵੀ ਦਾ ਰਾਠ”ਰਾਏ ਅਹਿਮਦ ਖਾਂ ਖ਼ਰਲ, ਜੱਗਾ ਸੂਰਮਾ ਹੋਵੇ ਜਾਂ ਕਾਮਰੇਡ ਤੇਜਾ ਸਿੰਘ ਸੁਤੰਤਰ, ਸਭ ਧਰਮ ਸਿੰਘ ਗੋਰਾਇਆ ਨੂੰ ਆਪਣੇ ਘਰ ਦੇ ਹੀ ਜੀਆਂ ਵਰਗੇ ਲੱਗਦੇ ਹਨ। ਇਹ ਉਸਦੀਆਂ ਲਿਖਤਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ। 

ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਅਮਰੀਕਾ ਵੱਸਣ ਦੇ ਬਾਵਜੂਦ ਧਰਮ ਸਿੰਘ ਨੂੰ ਭਾਰਤ - ਪਾਕਿਸਤਾਨ ਦੀ ਸਰਬ ਸਾਂਝੀ ਇਨਕਲਾਬੀ ਵਿਰਾਸਤ ਦਾ ਕਣ ਕਣ ਸਾਂਭਣ ਯੋਗ ਜਾਪਦਾ ਹੈ।  ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਰਾਏ ਅਹਿਮਦ ਖ਼ਾਂ ਖਰਲ ਬਾਰੇ “ਰਾਵੀ ਦਾ ਰਾਠ” ਪੁਸਤਕ ਲਿਖ ਕੇ ਗੋਰਾਇਆ ਸਾਹਿਬ ਨੇ ਸਾਬਤ ਕਰ ਦਿੱਤਾ ਹੈ ਕਿ ਸਤਰੰਗੀ ਪੀਂਘ ਦੇ ਅੰਬਰ ‘ਚ ਗੁਲੇਲ ਵਾਂਗ ਤਣੇ ਸੱਤ ਰੰਗ ਜੇ ਸਹਿ-ਹੋਂਦ ਨਾਲ ਸਾਨੂੰ ਆਪਣੇ ਦਰਸ਼ਨ ਦੀਦਾਰ ਦੇ ਕੇ ਸਰਸ਼ਾਰ ਕਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਅਣਖ਼ਾਂ ਮੱਤੀ ਵਿਰਾਸਤੀ ਯਾਤਰਾ ਵਿੱਚ ਸਹਿਯਾਤਰੀ ਬਣ ਸਕਦੇ। 

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਨੇ ਕਿਹਾ ਕਿ ਧਰਮ ਸਿੰਘ ਗੋਰਾਇਆ ਦੀਆਂ ਤਿੰਨ ਪੁਸਤਕਾਂ “ਜੱਗਾ ਸੂਰਮਾ”  “ਅਣਖ਼ੀਲਾ ਧਰਤੀ ਪੁੱਤਰ” ਦੁੱਲਾ ਭੱਟੀ ਤੇ “ਰਾਵੀ ਦਾ ਰਾਠ” ਰਾਏ ਅਹਿਮਦ ਖ਼ਾਂ ਖਰਲ ਸਿਰਫ਼ ਗੁਰਮੁਖੀ ਵਿੱਚ ਹੀ ਨਹੀਂ ਸਗੋਂ ਮੁਹੰਮਦ ਆਸਿਫ਼ ਰਜ਼ਾ ਵੱਲੋਂ ਲਿਪੀਅੰਤਰ  ਹੋ ਕੇ ਸ਼ਾਹਮੁਖੀ ਵਿੱਚ ਵੀ ਛਪ ਚੁਕੀਆਂ ਹਨ। ਪੰਜਾਬ ਖੇਤੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾਃ ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਸਮਰੱਥ ਇਤਿਹਾਸਕਾਰ ਧਰਮ ਸਿੰਘ ਗੋਰਾਇਆ ਨੇ ਰਾਏ ਅਹਿਮਦ ਖ਼ਾਂ ਖਰਲ ਬਾਰੇ ਇਹ ਪੁਸਤਕ ਲਿਖ ਕੇ ਸਾਨੂੰ ਪੰਜਾਬੀ ਮਿੱਟੀ ਦੇ ਲੱਜਪਾਲ ਵਿਰਸੇ ਦੇ ਸਨਮੁਖ ਖੜ੍ਹਾ ਕੀਤਾ  ਹੈ। ਇਹ ਲਿਖਤ ਸਾਨੂੰ ਇਸ ਸੂਰਮੇ ਬਾਰੇ ਹੋਰ ਵੱਧ ਜਾਨਣ ਲਈ ਆਧਾਰ ਪੁਸਤਕ ਬਣੇਗੀ। ਇਸ ਮੌਕੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਪੁਨੀਤ ਸਹਿਗਲ,ਆਪਣੀ ਆਵਾਜ਼ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ,ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ,ਪੰਜਾਬੀ ਨਾਵਲਕਾਰ ਯਾਦਵਿੰਦਰ ਭੁੱਲਰ ਬਰਨਾਲਾ, ਬ੍ਰਿਜ ਭੂਸ਼ਨ ਗੋਇਲ ਤੇ ਅਮਰਜੀਤ ਸ਼ੇਰਪੁਰੀ ਵੀ ਹਾਜ਼ਰ ਸਨ।