*ਭਾਸ਼ਾ ਵਿਭਾਗ ਵੱਲੋਂ ਲੁਧਿਆਣਾ ਵਿਖੇ ਕਰਵਾਏ ਗਏ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ.
ਲੁਧਿਆਣਾ, 18 ਨਵੰਬਰ (ਵਰਮਾ) - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਹਰਜੋਤ ਬੈਂਸ ਦੀ ਸੁਯੋਗ ਅਗਵਾਈ ਵਿੱਚ ਸੂਬੇ ਅੰਦਰ ਪੰਜਾਬੀ ਭਾਸ਼ਾ ਦੀ ਚੜ੍ਹਦੀਕਲਾ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ। ਇਸੇ ਕੜੀ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਕਾਰਜਸ਼ੀਲ ਪੰਜਾਬ ਸਰਕਾਰ ਦਾ ਅਦਾਰਾ ਭਾਸ਼ਾ ਵਿਭਾਗ ਪੰਜਾਬ, ਡਾਇਰੈਕਟਰ ਡਾ. ਵੀਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾ ਰਿਹਾ ਹੈ।
ਇਸ ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਇਹਨਾਂ ਸਮਾਗਮਾਂ ਦੀ ਸ਼ੁਰੂਆਤ ਇਕ ਨਵੰਬਰ ਨੂੰ ਪਟਿਆਲ਼ਾ ਵਿਖੇ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਕਰਵਾਏ ਉਦਘਾਟਨੀ ਸਮਾਰੋਹ ਰਾਹੀਂ ਕੀਤੀ ਗਈ ਜਿਸ ਵਿੱਚ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਹਰਜੋਤ ਬੈਂਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸੇ ਕੜੀ ਵਿੱਚ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਉਤੇ ਅਧਾਰਤ ਪ੍ਰਸ਼ਨ ਪੁੱਛੇ ਜਾਂਦੇ ਹਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਵਰਗ ਛੇਵੀਂ ਤੋਂ ਅੱਠਵੀਂ, ਦੂਜਾ ਨੌਂਵੀਂ ਤੋਂ ਬਾਰ੍ਹਵੀਂ ਤੇ ਤੀਜੇ ਵਰਗ ਵਿੱਚ ਗਰੇਜੂਏਸ਼ਨ ਜਾਂ ਇਸਤੋਂ ਉਪਰਲੇ ਪੱਧਰ ਦੇ ਵਿਦਿਆਰਥੀ ਭਾਗ ਲੈਂਦੇ ਹਨ। ਅਗਸਤ ਮਹੀਨੇ ਵਿੱਚ ਸਮੂਹ ਜ਼ਿਲ੍ਹਿਆਂ ਵਿੱਚ ਇਹ ਮੁਕਾਬਲੇ ਜ਼ਿਲ੍ਹਾ ਪੱਧਰ ਉਤੇ ਕਰਵਾਏ ਗਏ ਅਤੇ ਜ਼ਿਲ੍ਹਾ ਪੱਧਰ ਉਤੇ ਹਰੇਕ ਵਰਗ ਵਿੱਚ ਪਹਿਲੇ ਸਥਾਨ ਉਤੇ ਆਏ ਵਿਦਿਆਰਥੀਆਂ ਨੇ ਇਸ ਰਾਜ ਪੱਧਰੀ ਸਮਾਗਮ ਵਿੱਚ ਭਾਗ ਗਿਆ।
ਇਸ ਸਮਾਗਮ ਵਿੱਚ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸ਼ਰਨਪਾਲ ਸਿੰਘ ਮੱਕੜ ਨੇ ਬਤੌਰ ਮੁੱਖ ਮਹਿਮਾਨ, ਉੱਘੇ ਕਵੀ ਅਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਬਤੌਰ ਪ੍ਰਧਾਨ, ਪ੍ਰੋਗਰਾਮ ਐਗਜ਼ੀਕਿਉਟਿਵ ਆਲ ਇੰਡੀਆ ਰੇਡੀਓ, ਜਲੰਧਰ ਸ੍ਰੀ ਮੁਹੰਮਦ ਇਮਤਿਆਜ਼ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਸਤਨਾਮ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਕਾਰਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਮੁਕਾਬਲਿਆਂ ਵਿੱਚ ਪਹਿਲੇ ਵਰਗ ਵਿੱਚ ਜੋਤਰੂਪ ਕੌਰ(ਅੰਮ੍ਰਿਤਸਰ), ਹੁਸਨਦੀਪ ਕੌਰ(ਫ਼ਾਜ਼ਿਲਕਾ), ਸੁਖਮਨ ਬਰਾੜ (ਫਰੀਦਕੋਟ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਹਾਸਿਲ ਕੀਤਾ। ਦੂਜੇ ਵਰਗ ਵਿੱਚ ਪੂਨਮਪ੍ਰੀਤ ਕੌਰ (ਲੁਧਿਆਣਾ), ਅਲੀਸ਼ਾ (ਫ਼ਾਜ਼ਿਲਕਾ) ਅਤੇ ਨਵਜੀਤ ਕੌਰ(ਹੁਸ਼ਿਆਰਪੁਰ) ਨੇ ਪਹਿਲਾ ਦੂਜਾ ਅਤੇ ਤੀਜਾ ਇਨਾਮ ਹਾਸਿਲ ਕੀਤਾ। ਤੀਜੇ ਵਰਗ ਵਿੱਚ ਨਿਕਿਤਾ (ਬਰਨਾਲਾ), ਕੰਚਨ (ਨਵਾਂਸ਼ਹਿਰ) ਅਤੇ ਸਾਹਿਬਜੀਤ ਸਿੰਘ (ਅੰਮ੍ਰਿਤਸਰ) ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਨਕਦ ਇਨਾਮ, ਮੈਡਲ ਅਤੇ ਸਰਟੀਫਿਕੇਟ ਨਾਲ਼ ਸਨਮਾਨਿਤ ਕੀਤਾ ਗਿਆ।
ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਤੂ ਵਿਦਿਆਰਥੀਆਂ ਦੇ ਨਾਲ਼-ਨਾਲ਼ ਮੁਕਾਬਲੇ ਵਿੱਚ ਭਾਗ ਲੈਣ ਵਾਲਾ ਹਰ ਇਕ ਵਿਦਿਆਰਥੀ ਵਧਾਈ ਦਾ ਪਾਤਰ ਹੈ।
ਸਵਰਨਜੀਤ ਸਵੀ ਨੇ ਵਿਚਾਰ ਸਾਂਝਿਆਂ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਸਵੈ-ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਸ਼੍ਰੀ ਮੁਹੰਮਦ ਇਮਤਿਆਜ਼ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ਼ ਸਾਂਝ ਪਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਅਤੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਸੁਰਿੰਦਰ ਕੌਰ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਸਮਾਗਮ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਲੋਟੇ ਅਤੇ ਆਮ ਆਦਮੀ ਪਾਰਟੀ ਆਗੂ ਸ਼੍ਰੀ ਜਸਵੀਰ ਸਿੰਘ ਜੱਸਲ ਨੇ ਵੀ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ। ਸ਼੍ਰੋਮਣੀ ਬਾਲ-ਸਾਹਿਤ ਲੇਖਕ ਸ਼੍ਰੀ ਦਰਸ਼ਨ ਸਿੰਘ ਆਸ਼ਟ ਨੇ ਕੁਇਜ ਮਾਸਟਰ ਦੀ ਭੂਮਿਕਾ ਨਿਭਾਈ। ਮੰਚ ਸੰਚਾਲਨ ਦਾ ਕਾਰਜ ਪੰਜਾਬੀ ਕਵਿਤ੍ਰੀ ਤੇ ਸਰਕਾਰੀ ਕਾਲਜ ਲੜਕੀਆਂ ਦੀ ਪੰਜਾਬੀ ਦੀ ਪ੍ਰਾਧਿਆਪਕਾ ਡਾ. ਜਸਲੀਨ ਕੌਰ ਨੇ ਬਹੁਤ ਜ਼ਿੰਮੇਵਾਰੀ ਅਤੇ ਸੰਜੀਦਗੀ ਨਾਲ਼ ਨਿਭਾਇਆ।
ਇਸ ਮੌਕੇ ਭਾਸ਼ਾ ਵਿਭਾਗ ਤੋਂ ਖੋਜ ਅਫ਼ਸਰ ਡਾ. ਸੰਤੋਖ ਸਿੰਘ, ਡਾ. ਸੱਤਪਾਲ ਸਿੰਘ, ਸ਼੍ਰੀ ਸੰਦੀਪ ਸਿੰਘ ਹਾਜ਼ਰ ਰਹੇ। ਕਾਲਜ ਸਟਾਫ਼ ਵਿੱਚੋਂ ਡਾ. ਸੁਮੀਤ ਬਰਾੜ, ਸ਼੍ਰੀਮਤੀ ਗੁਰਵਿੰਦਰ ਕੌਰ, ਸ਼੍ਰੀਮਤੀ ਮਨਦੀਪ ਕੌਰ ਆਦਿ ਹਾਜ਼ਰ ਸਨ। ਲੇਖਕ ਅਤੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਵੀ ਸ਼ਿਰਕਤ ਕੀਤੀ। ਸਿੱਖਿਆ ਵਿਭਾਗ ਵਿੱਚੋਂ ਸ਼੍ਰੀਮਤੀ ਰਵਨੀਤ ਕੌਰ, ਸੀਮਾ ਰਾਣੀ, ਸ਼੍ਰੀ ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਵਿਦਿਆਰਥੀਆਂ ਨੂੰ ਨਾਲ਼ ਲੈ ਕੇ ਆਏ ਅਧਿਆਪਕ ਸਾਹਿਬਾਨ ਹਾਜ਼ਰ ਸਨ।
ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ, ਵਿਦਿਆਰਥੀਆਂ, ਨਾਲ਼ ਆਏ ਅਧਿਆਪਕਾਂ ਅਤੇ ਕਾਲਜ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਸੀ ਸਹਿਯੋਗ ਨਾਲ਼ ਹੀ ਇਸ ਤਰ੍ਹਾਂ ਦੇ ਸਮਾਗਮਾਂ ਰਾਹੀਂ ਮਿੱਥੇ ਟੀਚੇ ਪ੍ਰਾਪਤ ਕਰਨੇ ਸੰਭਵ ਹੁੰਦੇ ਹਨ।