PCCTU ਵੱਲੋਂ ਸੈਕਟਰੀ, ਮੈਨੇਜਮੈਂਟ ਫ਼ੈਡਰੇਸ਼ਨ ਦੇ ਘਰ ਅੱਗੇ ਕੱਢਿਆ ਗਿਆ ਕੈਂਡਲ ਮਾਰਚ .

ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਅਗੁਵਾਈ ਹੇਠ ਪੰਜਾਬ ਸਰਕਾਰ ਦੁਆਰਾ ਐਲਾਨੇ ਯੂ.ਜੀ.ਸੀ. ਸੱਤਵੇਂ ਪੇਅ ਕਮਿਸ਼ਨ ਦੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਆਰੀਆ ਪ੍ਰਤੀਨਿਧੀ ਸਭਾ ਦੁਆਰਾ ਸੰਚਾਲਿਤ ਕਾਲਜਾਂ ਵਿੱਚ ਇਸਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਲੁਧਿਆਣਾ ਵਿਖੇ ਅਧਿਆਪਕਾਂ ਨੇ ਸੈਕਟਰੀ, ਮੈਨੇਜਮੈਂਟ ਫ਼ੈਡਰੇਸ਼ਨ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਦੇ ਘਰ ਦੇ ਬਾਹਰ ਕੈਂਡਲ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ ।  ਯੂਨੀਅਨ ਦੇ ਪ੍ਰਧਾਨ ਡਾ. ਵਿਨੈ ਸੋਫ਼ਤ ਨੇ ਦੱਸਿਆ ਕਿ ਇਸ ਤੋਂ ਵੱਧ ਸ਼ਰਮ ਦੀ ਗੱਲ ਕੀ ਹੋਵੋਗੀ ਕਿ ਪੰਜਾਬ ਦੇ ਜ਼ਿਆਦਾਤਰ ਕਾਲਜਾਂ ਵਿੱਚ ਮੈਨੇਜਮੈਂਟਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਤੇ ਪਾ ਕੇ ਡੀਪੀਆਈ ਆਫ਼ਿਸ ਨੂੰ ਭੇਜੇ ਜਾ ਚੁੱਕੇ ਹਨ ਇੱਥੋਂ ਤੱਕ ਕਿ ਪ੍ਰਧਾਨ, ਮੈਨੇਜਮੈਂਟ ਫ਼ੈਡਰੇਸ਼ਨ ਦੇ ਕਾਲਜ ਵੀ ਇਹ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ । ਇਸ ਬਦਨੀਅਤੀ ਦਾ ਵਿਰੋਧ ਕਰਦਿਆਂ ਉਨ੍ਹਾਂ ਕੈਂਡਲ ਮਾਰਚ ਕੱਢ ਕੇ ਆਰੀਆ ਪ੍ਰਤੀਨਿਧੀ ਸਭਾ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡਾ. ਵਿਨੈ ਸੋਫ਼ਤ ਨੇ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ 25 ਨਵੰਬਰ ਨੂੰ ਜਲੰਧਰ ਵਿਖੇ ਪ੍ਰਧਾਨ, ਆਰੀਆ ਪ੍ਰਤੀਨਿਧੀ ਸਭਾ ਸ਼੍ਰੀ ਸੁਦਰਸ਼ਨ ਸ਼ਰਮਾ ਦੇ ਘਰ ਦੇ ਬਾਹਰ ਕੈਂਡਲ ਮਾਰਚ ਰਾਹੀਂ ਪੂਰੇ ਜ਼ੋਰ-ਸ਼ੋਰ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । 

ਇਸਦੇ ਨਾਲ-ਨਾਲ ਉਹਨਾਂ ਨੇ ਆਰੀਆ ਪ੍ਰਤੀਨਿਧੀ ਸਭਾ ਦੁਆਰਾ ਸੰਚਾਲਿਤ ਕਾਲਜਾਂ ਵਿੱਚ ਹੋਰਨਾਂ ਮਸਲਿਆਂ ਜਿਵੇਂ ਕਿ ਆਰੀਆ ਕਾਲਜ ਵਿਖੇ ਪ੍ਰੋ. ਪੀ.ਐਸ.ਭੋਗਲ ਦੀ ਪਿਛਲੇ ਦੋ ਸਾਲਾਂ ਤੋਂ ਲਟਕ ਰਹੀ ਤਨਖ਼ਾਹ ਜਾਰੀ ਕਰਨਾ ਅਤੇ ਹੋਰਨਾਂ ਸਥਾਨਕ ਪ੍ਰਸ਼ਾਸਨਿਕ ਮਸਲਿਆਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਲਈ ਅਵਗਤ ਕੀਤਾ ਜਿਸ ਬਾਰੇ ਕਾਲਜ-ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਜੋ ਕਿ ਕਾਲਜ ਅੰਦਰ ਕਾਰਜਕਾਰੀ ਵਾਤਾਵਰਨ ਲਈ ਘਾਤਕ ਸਿੱਧ ਹੋਵੇਗਾ । ਇਸ ਮੌਕੇ ਆਰੀਆ ਕਾਲਜ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸ੍ਰੀ ਪੀ.ਐਸ ਭੋਗਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਕਾਲਜ ਪ੍ਰਸ਼ਾਸਨ ਵੱਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ। ਸਰਕਾਰ ਵੱਲੋਂ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਦੇ ਬਾਵਜੂਦ ਅਧਿਆਪਕਾਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਪਿਛਲੇ ਇੱਕ ਸਾਲ ਤੋਂ ਆਰੀਆ ਕਾਲਜ ਦੇ ਅਧਿਆਪਕ ਆਪਣੀਆਂ ਮੰਗਾਂ ਲਿਖਤੀ ਰੂਪ ਵਿੱਚ ਦਿੰਦੇ ਆ ਰਹੇ ਹਨ, ਕੁਝ ਮੀਟਿੰਗਾਂ ਵੀ ਹੋਈਆਂ, ਜਿਨ੍ਹਾਂ ਵਿੱਚ ਕੋਈ ਠੋਸ ਹੱਲ ਨਹੀਂ ਨਿਕਲਿਆ। ਸਕੱਤਰ ਡਾ: ਰਮਨ ਨਈਅਰ ਨੇ ਕਿਹਾ ਕਿ ਅਧਿਆਪਕ ਯੂਨੀਅਨ ਮੈਨੇਜਮੈਂਟ ਦੇ ਫੈਸਲੇ ਦੀ ਉਡੀਕ ਕਰ ਰਹੀ ਹੈ। ਅਧਿਕਾਰੀਆਂ ਦੀ ਲਾਪਰਵਾਹੀ ਵਾਲੇ ਪ੍ਰਸ਼ਾਸਨਿਕ ਵਤੀਰੇ ਨੂੰ ਲੈ ਕੇ ਅੰਦੋਲਨਕਾਰੀ ਅਧਿਆਪਕ ਰੋਹ ਨਾਲ ਭਰੇ ਹੋਏ ਹਨ ।