ਗ਼ਜ਼ਲ / ਅਸ਼ਵਨੀ ਜੇਤਲੀ 'ਪ੍ਰੇਮ'.

 

ਜ਼ਿੰਦਗੀ ਦਾ ਗੜਬੜਝਾਲਾ ਵੇਖਦਾ ਪਿਆਂ।

ਬਦਲਿਆ ਆਲਾ ਦੁਆਲਾ, ਵੇਖਦਾ ਪਿਆਂ।


ਰੌਲ਼ਾ ਹਨੇਰਾ ਪਾ ਰਿਹਾ ਚਾਨਣ ਹਾਂ ਮੈੰ,

ਖਾਮੋਸ਼ ਬੈਠਾ ਹੈ ਉਜਾਲਾ, ਵੇਖਦਾ ਪਿਆਂ।


ਮਿਹਨਤਾਂ ਦੀ ਕਦਰ ਕੌਡੀ ਦੀ ਨਹੀਂ, ਪਰ,

ਹੈ ਚਾਪਲੂਸ ਦਾ ਬੋਲਬਾਲਾ ਵੇਖਦਾ ਪਿਆਂ।


ਢਾਅ ਰਹੀ ਏਂ ਜ਼ਿੰਦਗੀ, ਢਾਹੀ ਜਾ ਹੁਣ,

ਹਰ ਸਿਤਮ ਤੇਰਾ ਨਿਰਾਲਾ ਵੇਖਦਾ ਪਿਆਂ।


ਆ ਗਿਆ ਹੈ ਕਹਿਣ ਨੂੰ ਬਦਲਾਅ ਮਗਰ,

ਹੈ ਅਜੇ ਓਥੇ ਪਰਨਾਲਾ, ਵੇਖਦਾ ਪਿਆਂ।


ਦੇ ਕੇ ਮੋੜ ਘੋੜ ਮੇਰੀ ਜ਼ਿੰਦਗੀ ਨੂੰ ਆਖਦੈਂ,

ਤੁਰੀ ਚੱਲ ਹੈ ਰਾਹ ਸੁਖਾਲਾ, ਵੇਖਦਾ ਪਿਆਂ।


ਆਪਣਿਆਂ ਦੇ ਜਾਮ ਸਾਕੀ ਭਰ ਰਿਹਾ, 

'ਪ੍ਰੇਮ' ਦਾ ਖਾਲੀ ਪਿਆਲਾ, ਵੇਖਦਾ ਪਿਆਂ।