ਡਾ. ਸੁਰਜੀਤ ਸਿੰਘ ਭਦੌੜ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਨਿਯੁਕਤ.
ਸਾਹਿਤਕ ਸਖਸ਼ੀਅਤ ਡਾ. ਭਦੌੜ ਦੀ ਸਹਿਕਾਰਤਾ ਅਧਾਰਿਤ ਇੱਕ ਪੁਸਤਕ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ
ਲੁਧਿਆਣਾ, 12 ਦਸੰਬਰ (ਕੁਨਾਲ ਜੇਤਲੀ) -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ ਸੁਰਜੀਤ ਸਿੰਘ ਭਦੌੜ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਦਾ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਡਾ ਭਦੌੜ ਕੋਲ ਸਹਿਕਾਰਤਾ ਵਿਭਾਗ ਦੇ ਤਹਿਤ ਚਲ ਰਹੇ ਵੇਰਕਾ ਮਿਲਕ ਪਲਾਂਟਾਂ ਵਿੱਚ ਉੱਚ ਅਹੁਦਿਆਂ ਤੇ ਕੰਮ ਕਰਨ ਦਾ ਵੀਹ ਸਾਲ ਤੋਂ ਵੱਧ ਸਮੇਂ ਦਾ ਤਜਰਬਾ ਹੈ । ਉਹ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਡਿਪਟੀ ਮੈਨੇਜਰ ਵਜੋਂ ਭਰਤੀ ਹੋਣ ਤੋਂ ਬਾਅਦ ਖੰਨਾ, ਮੋਹਾਲੀ ਅਤੇ ਫਰੀਦਕੋਟ ਸਮੇਤ kਈ ਜਿਲ੍ਹਿਆਂ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਵੈਟਰਨਰੀ ਸਾਇੰਸ ਚ ਗ੍ਰੈਜੂਏਸ਼ਨ ਤੋਂ ਇਲਾਵਾ ਡਾ ਭਦੌੜ ਐਮ ਬੀ ਏ ਅਤੇ ਜਰਨਲਿਜ਼ਮ ਵਿੱਚ ਪੋਸਟ ਗਰੇਜੂਏਟ ਡਿਗਰੀ ਧਾਰਕ ਹਨ। ਸਹਿਕਾਰਤਾ ਵਿਭਾਗ ਵਿੱਚ ਸੇਵਾਵਾਂ ਤੋਂ ਪਹਿਲਾ ਉਹ ਲੰਬਾ ਸਮਾਂ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਰਹੇ ਅਤੇ ਪੰਜਾਬੀ ਟ੍ਰਿਬਿਊਨ ਅਤੇ ਜੱਗ ਬਾਣੀ ਵਰਗੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਨਾਲ ਪੱਤਰਕਾਰ ਵਜੋਂ ਕੰਮ ਕਰਦੇ ਰਹੇ ਹਨ।
ਉਹ ਹੁਣ ਵੀ ਪੰਜਾਬੀ ਸਾਹਿਤਕ ਤੇ ਸਭਿਆਚਾਰਕ ਖੇਤਰ ਨਾਲ ਲਗਾਤਾਰ ਜੁੜੇ ਹੋਏ ਹਨ।
ਸਹਿਕਾਰਤਾ ਵਿਭਾਗ ਦੇ ਆਪਣੇ ਤਜਰਬੇ ਦੇ ਅਧਾਰਿਤ ਉਹਨਾਂ ਦੀ ਇੱਕ ਮੌਲਿਕ ਪੁਸਤਕ "ਘਾਲ ਖਾਏ ਕਿਛੁ ਹਥਹੁ ਦੇਇ" ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਉਹਨਾਂ ਨੇ ਇੱਕ ਸਾਂਝੇ ਕਾਵਿ ਸੰਗ੍ਰਹਿ "ਸੱਜਰੇ ਸੁਫ਼ਨੇ" ਦਾ ਵੀ ਸੰਪਾਦਨ ਕੀਤਾ ਹੈ। ਉਹਨਾਂ ਅੱਜ ਮਿਲਕ ਪਲਾਂਟ ਲੁਧਿਆਣਾ ਵਿਖੇ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਲੁਧਿਆਣਾ ਮਿਲਕ ਪਲਾਂਟ ਨਾਲ ਸੰਬੰਧਿਤ ਖੇਤਰ ਵਿੱਚ ਡੇਅਰੀ ਕਿਸਾਨਾਂ ਦੇ ਸਰਬ ਪੱਖੀ ਵਿਕਾਸ ਦੇ ਨਾਲ ਉਪ ਭੋਗਤਾਂਵਾਂ ਨੂੰ ਉਚ ਗੁਣਵੱਤਾ ਦੇ ਦੁੱਧ ਪਦਾਰਥ ਉਪਲਬਧ ਕਰਵਾਉਣਾ ਪ੍ਰਮੁੱਖਤਾ ਰਹੇਗੀ।