ਅਜੋਕੇ ਯੁੱਗ ਵਿਚ ਸਾਡੀ ਤਰਜ਼-ਏ-ਜ਼ਿੰਦਗੀ / ਡਾ. ਅਰਵਿੰਦਰ ਸਿੰਘ ਭੱਲਾ.
ਜ਼ਿੰਦਗ਼ੀ ਦੀਆਂ ਉਲਝਣਾਂ, ਪੇਚੀਦਗੀਆਂ ਤੇ ਸਮੀਕਰਨਾਂ ਨੂੰ ਸਮਝਣ ਅਤੇ ਸੁਲਝਾਉਣ ਵਿੱਚ ਇਨਸਾਨ ਦੀ ਤਮਾਮ ਉਮਰ ਬੀਤ ਜਾਂਦੀ ਹੈ। ਜੀਵਨ ਦੀਆਂ ਤੰਦਾਂ ਨੂੰ ਖੋਲ੍ਹਣ ਤੇ ਬੁਝਾਰਤਾਂ ਦੇ ਹੱਲ ਲੱਭਣ ਵਿੱਚ ਮਨੁੱਖ ਸੁਰਖ਼ਰੂ ਹੋਣ ਦੀ ਬਜਾਏ ਹੋਰ ਉਲਝਦਾ ਜਾਂਦਾ ਹੈ। ਕਦੇ ਉਹ ਇਕ ਮਾਹਿਰ ਖਿਡਾਰੀ ਬਣ ਕੇ ਜ਼ਿੰਦਗੀ ਦੇ ਮੈਦਾਨ ਵਿਚ ਉਤਰਦਾ ਹੈ ਅਤੇ ਕਦੇ ਉਹ ਇਕ ਖੂੰਜੇ ਲੱਗ ਕੇ ਤਮਾਸ਼ਬੀਣ ਬਣ ਕੇ ਹਾਲਾਤਾਂ ਵਲੋਂ ਕੀਤੇ ਜਾ ਰਹੇ ਖਿਲਵਾੜ ਨੂੰ ਬਸ ਦੇਖਦਾ ਰਹਿੰਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਨਸਾਨ ਲਈ ਜੀਊਣ ਦਾ ਮਕਸਦ ਕੇਵਲ ਜੀਵਨ ਵਿੱਚ ਹਰੇਕ ਮੈਦਾਨ ਨੂੰ ਫਤਿਹ ਕਰਨਾ ਹੁੰਦਾ ਹੈ? ਜੇਕਰ ਦੇਖਿਆ ਜਾਵੇ ਤਾਂ ਇਥੇ ਹੀ ਮਨੁੱਖ ਇਕ ਬੁਨਿਆਦੀ ਗਲਤੀ ਕਰਦਾ ਹੈ ਕਿ ਉਹ ਆਪਣੇ ਹਰ ਅਮਲ ਨੂੰ ਜਿੱਤ ਤੇ ਹਾਰ ਦੇ ਨਾਲ ਜੋੜ ਲੈਂਦਾ ਹੈ। ਜ਼ਿੰਦਗੀ ਕੇਵਲ ਤੇ ਕੇਵਲ ਜਿੱਤਣ ਲਈ ਨਹੀਂ ਮਿਲੀ ਹੈ ਅਤੇ ਨਾ ਹੀ ਜ਼ਿੰਦਗੀ ਹਾਰ ਦਾ ਹਰ ਵੇਲੇ ਮਾਤਮ ਮਨਾਉਣ ਦੇ ਲਈ ਮਿਲੀ ਹੈ। ਇਹ ਇਨਸਾਨੀ ਫ਼ਿਤਰਤ ਹੈ ਕਿ ਮਨੁੱਖ ਜਿੱਤ ਵਿੱਚੋਂ ਸੁੱਖ ਭਾਲਦਾ ਹੈ ਅਤੇ ਹਾਰ ਵਿੱਚੋਂ ਉਸ ਨੂੰ ਅਸਹਿ ਕਸ਼ਟ ਵੇਲੇ ਦੁੱਖ ਮਹਿਸੂਸ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਜੇਕਰ ਦੁੱਖ ਦੇ ਬਦਲ ਛਾਏ ਹਨ ਤਾਂ ਉਹ ਜਲਦੀ ਤੋਂ ਜਲਦੀ ਹੋਰ ਕਿਤੇ ਉੱਡ ਜਾਣ ਅਤੇ ਜੇਕਰ ਸੁੱਖਾਂ ਦੀ ਰਿਮਝਿਮ ਬਰਸਾਤ ਹੋ ਰਹੀ ਹੈ ਤਾਂ ਉਹ ਕਦੇ ਵੀ ਨਾ ਰੁਕੇ। ਮਨੁੱਖ ਲੋਚਦਾ ਹੈ ਕਿ ਜਿੰਦਗੀ ਦੀ ਕੈਨਵਸ ਉੱਪਰ ਸਤਰੰਗੀ ਪੀਂਘ ਦੇ ਸਾਰੇ ਰੰਗ ਮੌਜੂਦ ਰਹਿਣ ਅਤੇ ਕਦੇ ਫਿੱਕੇ ਵੀ ਨਾ ਪੈਣ। ਦਰਅਸਲ ਸੱਚੇ ਅਰਥਾਂ ਵਿੱਚ ਜੀਊਣ ਦੇ ਅਰਥ ਜਿੱਤ ਤੇ ਹਾਰ ਦੇ ਵਰਤਾਰੇ ਤੋਂ ਕੋਹਾਂ ਪਰੇ ਅਤੇ ਇਨਸਾਨ ਦੀ ਕਲਪਨਾ ਤੋਂ ਵੀ ਵਧੇਰੇ ਵਿਸ਼ਾਲ ਤੇ ਡੂੰਘੇ ਹੁੰਦੇ ਹਨ। ਇਨਸਾਨ ਦਾ ਕੰਮ ਹੈ ਕਿ ਉਹ ਖੇਡ ਦੇ ਨਿਯਮਾਂ ਅਨੁਸਾਰ ਜਿੰਦਗੀ ਦੀ ਖੇਡ ਨੂੰ ਖੇਡੇ, ਖੇਡ ਦਾ ਲੁਤਫ਼ ਲਵੇ, ਮਨ ਚਾਹੇ ਪਰਿਣਾਮ ਦੀ ਕਲਪਨਾ ਨਾ ਕਰੇ ਅਤੇ ਸਭ ਤੋਂ ਵੱਧ ਜ਼ਰੂਰੀ ਹੈ ਕਿ ਉਹ ਖ਼ੁਦ ਨੂੰ ਰੈਫ਼ਰੀ ਨਾ ਸਮਝੇ ਅਤੇ ਨਾਲ ਦੇ ਖਿਡਾਰੀਆਂ ਨੂੰ ਖਿਡਾਰੀ ਦੇ ਤੌਰ ’ਤੇ ਸਵੀਕਾਰ ਕਰੇ ਨਾ ਕਿ ਉਹਨਾਂ ਨੂੰ ਆਪਣਾ ਵਿਰੋਧੀ ਸਮਝੇ। ਯਾਦ ਰਹੇ ਜੀਵਨ ਦੀ ਦਾਤ ਕੇਵਲ ‘ਖ਼ੁਦ’ ਉੱਪਰ ਜਿੱਤ ਹਾਸਲ ਕਰਨ ਦੇ ਲਈ ਮਿਲੀ ਹੈ। ਜੇਕਰ ਤੁਸੀਂ ਹਰ ਪੜਾਅ ਉਤੇ ਜਿੱਤ ਹਾਸਲ ਕਰਨ ਦੇ ਖਾਇਸ਼ਮੰਦ ਹੋ ਤਾਂ ਆਪਣੀ ‘ਮੈਂ’ ’ਤੇ ਜਿੱਤ ਹਾਸਲ ਕਰੋ ਅਤੇ ਜੇਕਰ ਕਿਸੇ ਨੂੰ ਹਰਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਵੀ ਆਪਣੀ ‘ਮੈਂ’ ਨੂੰ ਹੀ ਪਹਿਲਾਂ ਹਰਾ ਦਿਉ। ਅੰਤ ਵਿੱਚ ਤੁਸੀਂ ਖ਼ੁਦ ਨੂੰ ਧੁਰ ਅੰਦਰੋਂ ਸੰਤਸ਼ੁਟ, ਸ਼ਾਂਤ, ਮੁੰਕਮਲ ਤੇ ਭਰਿਆ ਹੋਇਆ ਮਹਿਸੂਸ ਕਰੋਗੇ।
ਇਸ ਨੂੰ ਮਨੁੱਖੀ ਫ਼ਿਤਰਤ ਕਹਿ ਲਵੋ ਜਾਂ ਮਨੁੱਖ ਦੇ ਮੌਕਾਪ੍ਰਸਤ ਸੁਭਾਅ ਦਾ ਬੁਨਿਆਦੀ ਲੱਛਣ ਕਿ ਉਹ ਹਮੇਸ਼ਾ ਇਕ ਬੁਨਿਆਦੀ ਗਲਤੀ ਕਰਦਾ ਹੈ ਉਹ ਹਮੇਸ਼ਾ ਆਪਣੇ ਆਪ ਦਾ ਵਕੀਲ ਅਤੇ ਦੂਸਰਿਆਂ ਲਈ ਮੁਨਸਿਫ਼ ਬਣ ਕੇ ਆਪਣੇ ਆਪ ਨੂੰ ਹਰੇਕ ਗੁਨਾਹ ਤੋਂ ਬਰੀ ਕਰ ਲੈਂਦਾ ਹੈ ਅਤੇ ਤੇ ਦੂਸਰਿਆਂ ਦੀ ਗਲਤੀਆਂ ਲਈ ਕਠੋਰ ਤੋਂ ਕਠੋਰ ਸਜ਼ਾ ਦੇਣ ਲਈ ਉਤਾਵਲਾ ਰਹਿੰਦਾ ਹੈ। ਅਜਿਹੇ ਕਠੋਰ ਚਿੱਤ, ਦਇਆਹੀਣ ਅਤੇ ਤੰਗਦਿਲ ਲੋਕ ਆਪਣੇ ਆਸ-ਪਾਸ ਦੇ ਲੋਕਾਂ ਲਈ ਹਮੇਸ਼ਾ ਕਟਹਿਰੇ ਅਤੇ ਸੂਲੀ ਤਿਆਰ ਰੱਖਦੇ ਹਨ ਤਾਂ ਜੋ ਉਹਨਾਂ ਤੋਂ ਵੱਖਰੀ ਸੋਚ ਰੱਖਣ ਵਾਲਿਆਂ ਲਈ ਸਜ਼ਾਵਾਂ ਮੁਕੱਰਰ ਕੀਤੀਆਂ ਜਾ ਸਕਣ। ਇਸ ਨੂੰ ਮਨੁੱਖੀ ਸੁਭਾਅ ਦਾ ਕੋਝਾਪਣ ਜਾਂ ਬੌਧਿਕ ਕੰਗਾਲੀ ਜਾਂ ਫਿਰ ਖ਼ੁਦ ਨੂੰ ਸਭ ਤੋਂ ਸ੍ਰੇਸ਼ਟ ਸਮਝਣ ਦਾ ਭਰਮ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਮਨੁੱਖ ਧਰਮ ਦੇ ਰਸਤੇ ’ਤੇ ਤੁਰਨ ਦੇ ਨਾਲੋਂ ਧਾਰਮਿਕ ਦਿਖਣ ਤੇ ਧਾਰਮਿਕ ਕਹਿਲਾਉਣ ਨੂੰ ਪਹਿਲ ਦਿੰਦਾ ਹੈ। ਅਜੋਕਾ ਮਨੁੱਖ ਮਜ਼ਹਬੀ ਪਹਿਰਾਵੇ ਦੀ ਆੜ ਵਿੱਚ ਅਤੇ ਧਾਰਮਿਕ ਰਸਮਾਂ ਦੀ ਪਾਲਣਾ ਦੇ ਪਰਦੇ ਹੇਠ ਮਜ਼ਹਬ ਨੂੰ ਲਾਭਦਾਇਕ ਕਿੱਤੇ ਦੇ ਰੂਪ ਬੜਾਵਾ ਦੇਣ ਵਿੱਚ ਮਸ਼ਰੂਫ ਹੈ। ਉਸ ਵਿੱਚੋਂ ਦੂਸਰੇ ਨੂੰ ਬਰਦਾਸ਼ਤ ਕਰਨ ਦਾ ਮਾਦਾ ਖ਼ਤਮ ਹੋਣ ਦੇ ਕੰਢੇ ’ਤੇ ਪਹੁੰਚ ਚੁੱਕਾ ਹੈ। ਹਰੇਕ ਵਿਅਕਤੀ ਵਿੱਚ ਪਰਮਾਤਮਾ ਦੀ ਜੋਤ ਹੈ, ਲੇਕਿਨ ਖ਼ੁਦਗਰਜ਼ੀ ਦੇ ਆਲਮ ਵਿੱਚ ਕਿਸੇ ਸ਼ਖ਼ਸ ਵਲੋਂ ਖ਼ੁਦ ਨੂੰ ਖ਼ੁਦਾ ਸਮਝਣਾ ਹਰਗਿਜ਼ ਪ੍ਰਵਾਨਿਤ ਨਹੀਂ ਹੈ।
ਅਕਸਰ ਦੇਖਣ ਨੂੰ ਮਿਲਦਾ ਹੈ ਇਨਸਾਨੀਅਤ ਆਏ ਦਿਨ ਸ਼ਰਮਸਾਰ ਹੁੰਦੀ ਹੈ, ਆਮ ਲੋਕ ਲਾਚਾਰ ਹਨ, ਹੁਕਮਰਾਨ ਗਹਿਰੀ ਨੀਂਦ ਵਿੱਚ ਹਨ, ਪ੍ਰਭਾਵਸ਼ਾਲੀ-ਬਹੁਬਲੀ-ਸਰਮਾਏਦਾਰਾਂ-ਮੀਡੀਆ ਸਮੂਹਾਂ ਤੇ ਬਾਬੂਸ਼ਾਹੀ-ਮਾਫੀਆ ਸਰਗਨਿਆਂ ਨੇ ਸਮੁੱਚੇ ਨਿਜ਼ਾਮ ਨੂੰ ਆਪਣੀ ਗ੍ਰਿਫ਼ਤ ਵਿੱਚ ਜਕੜਿਆ ਹੋਇਆ ਹੈ। ਜ਼ਰਾਇਮ ਪੇਸ਼ਾ ਲੋਕਾਂ ਕੋਲ ਕਾਨੂੰਨ ਸਹਿਕਦਾ ਨਜ਼ਰ ਆਉਂਦਾ ਹੈ ਅਤੇ ਕਾਨੂੰਨ ਦੇ ਨਿਰਮਾਤਾ ਕਾਨੂੰਨ ਦੇ ਰਖਵਾਲਿਆਂ ਦੇ ਹੌਂਸਲੇ ਪਸਤ ਕਰਕੇ ਆਪਣੀਆਂ ਰਾਜਨੀਤਿਕ ਕੰਪਨੀਆਂ (ਪਾਰਟੀਆਂ) ਦੇ ਫਾਈਨੈਂਸਰਾਂ (ਕਾਰਪੋਰੇਟ ਸੈਕਟਰ) ਨੂੰ ਮੂਲ ਸਹਿਤ ਵਿਆਜ ਚੁਕਾਉਣ ਵਿੱਚ ਮਸ਼ਰੂਫ ਹਨ। ਦੇਸ਼ ਭਗਤੀ ਝੰਡੇ ਲਹਿਰਾਉਣ ਅਤੇ ਸ਼ਹੀਦਾਂ ਨੂੰ ਖੋਖਲੀਆਂ ਸ਼ਰਧਾਂਜਲੀਆਂ ਤੇ ‘ਕੈਂਡਲ ਮਾਰਚਾਂ’ ਤੱਕ ਸਿਮਟ ਕੇ ਰਹਿ ਗਈ ਹੈ। ਧਰਮ ਨੂੰ ਪੇਟੈਂਟ ਕਰਵਾ ਕੇ ਕਿੱਤੇ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਬਸ ਇਸ ਗੱਲ ਦੀ ਤਸੱਲੀ ਹੈ ਕਿ ਉਹਨਾਂ ਨੂੰ ਇਕ ਹੋਰ ਦਿਨ ਜੀਊੱਣ ਜਾਂ ਰੀਂਗਣ ਲਈ ਮਿਲ ਗਿਆ ਹੈ। ਫਿਰ ਵੀ ਭੋਲੇ-ਭਾਲੇ ਲੋਕਾਂ ਨੂੰ ਇਹ ਉਮੀਦ ਹੈ ਕਿ ਇਕ ਦਿਨ ਸਭ ਕੁਝ ਆਪਣੇ ਆਪ ਦਰੁਸੱਤ ਹੋ ਜਾਵੇਗਾ। ਲੋਕ ਇਹ ਲੋਚਦੇ ਹਨ ਕਿ ਯੁੱਗ ਤਾਂ ਬਦਲ
ਜਾਵੇ, ਲੇਕਿਨ ਬਦਲਾਅ ਦਾ ਸੇਕ ਉਹਨਾਂ ਨੂੰ ਨਾ ਲੱਗੇ ਅਤੇ ਉਹਨਾਂ ਦੇ ਆਸ-ਪਾਸ ਦੇ ਲੋਕ ਕੁਰਬਾਨੀ ਦੇਣ ਤੇ ਉਹਨਾਂ ਨੂੰ ਇਸੇ ਧਰਤੀ ਉੱਪਰ ਸਵਰਗ ਦੀ ਪ੍ਰਾਪਤੀ ਹੋ ਜਾਵੇ। ਰੱਬ ਨੇ ਮਨੁੱਖ ਬਣਾ ਕੇ ਸਾਨੂੰ ਨਿਵਾਜਿਆ। ਪਰ ਸਾਨੂੰ ਮਨੁੱਖ ਬਣ ਕੇ ਵਿਚਰਨਾ ਨਹੀਂ ਆਉਂਦਾ ਹੈ। ਲੱਖਾਂ ਸਾਲਾਂ ਬਾਅਦ ਵੀ ਸਾਡੇ ਵਿੱਚੋਂ ਪਸ਼ੂ ਬਿਰਤੀ ਅੱਜ ਤੱਕ ਸਮਾਪਤ ਨਹੀਂ ਹੋਈ ਹੈ।
ਵਿਚਾਰਨਯੋਗ ਨੁਕਤਾ ਇਹ ਵੀ ਹੈ ਕਿ ਹਊਮੈ ਵਿੱਚ ਗ੍ਰਸਤ ਅਧੂਰੇ ਲੋਕਾਂ ਦੀ ਦੂਸਰਿਆਂ ਦੇ ਪ੍ਰਤੀ ਰਾਇ ਅਤੇ ਦੂਸਰਿਆਂ ਦੇ ਬਾਰੇ ਕੀਤੇ ਗਏ ਫੈਸਲੇ ਵੀ ਅਧੂਰੇ ਹੁੰਦੇ ਹਨ। ਸਾਨੂੰ ਇਹ ਅਟੱਲ ਸਚਾਈ ਸਵੀਕਾਰ ਕਰਨ ਦੀ ਲੋੜ ਹੈ ਕਿ ਰਹਿਮ ਕਰਨਾ ਅਤੇ ਵੱਖਰਤਾ ਤੇ ਅਨੇਕਤਾ ਦਾ ਸਤਿਕਾਰ ਕਰਨਾ ਹੀ ਸੱਚੀ ਇਬਾਦਤ ਹੈ। ਸਿਜਦੇ ਵਿੱਚ ਝੁਕੇ ਸਿਰ ਵਿੱਚ ਜੇ ਗਰੂਰ ਅਜੇ ਤੱਕ ਬਾਕੀ ਹੈ ਤਾਂ ਸਮਝੋ ਦੇਹ ਹੀ ਝੁਕੀ ਹੈ, ਰੂਹ ਦਾ ਅਜੇ ਝੁੱਕਣਾ ਬਾਕੀ ਹੈ। ਅਫ਼ਸੋਸ ਹੁੰਦਾ ਹੈ
ਅਜਿਹੇ ਕਿਰਦਾਰ ਦੇਖ ਕੇ ਜਿਹਨਾਂ ਦੇ ਬੁੱਲ੍ਹਾਂ ਤੱਕ ਤਾਂ ਰੱਬੀ ਕਲਾਮ ਪਹੁੰਚਿਆ, ਲੇਕਿਨ ਬੁੱਲ੍ਹਾਂ ਤੋਂ ਨਾ ਇਹ ਦਿਲ ਤੱਕ ਪਹੁੰਚਿਆ ਤੇ ਨਾ ਹੀ ਇਹ ਦੇਹ ਵਿੱਚ ਉਤਰ ਸਕਿਆ। ਅਜਿਹੀਆਂ ਬਦਕਿਸਮਤ ਦੇਹਾਂ ਆਬ-ਏ-ਹਯਾਤ ਹੱਥ ਵਿਚ ਫੜ੍ਹ ਕੇ ਵੀ ਪਲ-ਪਲ ਮਰਦੀਆਂ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰਹਿਮ ਕਰਨਾ ਅਤੇ ਮਾਫ਼ ਕਰਨਾ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਅਤੇ ਇਲਾਹੀ ਬਖ਼ਸ਼ਿਸ਼ਾਂ ਹਾਸਲ ਕਰਨ ਦਾ ਇਕ ਮਾਤਰ ਰਸਤਾ ਹੈ।
ਅੱਜ ਲੋਕ ਆਪਣੀ ਵੱਖਰੀ ਪਛਾਣ ਖੋਹਣ ਮਗਰੋਂ ਭੀੜ ਦਾ ਹਿੱਸਾ ਬਣ ਕੇ ਵਿਚਰਨਾ ਪਸੰਦ ਕਰਦੇ ਹਨ। ਪਰ ਸਾਨੂੰ ਇਹ ਭੁੱਲ ਜਾਂਦਾ ਹੈ ਕਿ ਹਜ਼ੂਮ ਦਾ ਕਦੇ ਵੀ ਆਪਣਾ ਕੋਈ ਵਿਸ਼ੇਸ਼ ਰੂਪ, ਆਕਾਰ, ਖਿੱਤਾ, ਜਾਤ, ਧਰਮ, ਭਾਸ਼ਾ, ਰੰਗ, ਨਸਲ, ਅਤੇ ਫਿਰਕਾ ਨਹੀਂ ਹੁੰਦਾ ਹੈ। ਕਦੇ ਕਿਸੇ ਦੇ ਉਕਸਾਉਣ ਉੱਪਰ ਜਾਂ ਕਦੇ ਸਾਜਿਸ਼ ਜਾਂ ਸ਼ਰਾਰਤ ਹੇਠ ਅਤੇ ਜਾਂ ਫਿਰ ਕਦੇ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਕਿਸੇ ਕੋਝੇ, ਸੌੜੇ ਅਤੇ ਸਵਾਰਥੀ ਹਿੱਤ ਦੀ ਖ਼ਾਤਰ ਦਿਸ਼ਾਹੀਣ ਹੁੰਦੇ ਹੋਏ ਅਕਸਰ ਇਹ ਹਜ਼ੂਮ ਸ਼ਰਾਰਤੀ, ਤਰਕਹੀਣ, ਹੁੱਲੜਬਾਜ਼, ਆਪਹੁਦਰਾ ਅਤੇ ਹਿੰਸਕ ਹੋ ਜਾਂਦਾ ਹੈ। ਹਜ਼ੂਮ ਦਾ ਆਪਣੀਆਂ ਅੱਖਾਂ, ਕੰਨਾਂ, ਜ਼ਬਾਨ ਅਤੇ ਹੱਥਾਂ-ਪੈਰਾਂ ਉਪਰ ਨਿਯੰਤਰਣ ਨਹੀਂ ਹੁੰਦਾ। ਕਿਸੇ ਦੇ ਇਸ਼ਾਰਿਆਂ ਉੱਪਰ ਇਹ ਸੈਲਾਬ ਦੀ ਤਰ੍ਹਾਂ ਕਿਨਾਰਿਆਂ ਦੀ ਮਰਿਆਦਾ ਨੂੰ ਪਲਕ ਝਪਕਦਿਆਂ ਭੰਗ ਕਰਨ ਲਈ ਵੀ ਤਤਪਰ ਹੋ ਜਾਂਦਾ ਅਤੇ ਕਈ ਵਾਰ ਇਹ ਉਚਿਤ ਮੌਕੇ ਦੀ ਤਲਾਸ਼ ਵਿੱਚ ਇੰਤਜ਼ਾਰ ਕਰਦਾ ਹੋਇਆ ਸ਼ਰਾਰਤ ਭਰੀ ਖ਼ਾਮੋਸ਼ੀ ਤਹਿਤ ਸ਼ਾਂਤ ਹੋਣ ਦਾ ਢੌਂਗ ਰਚਦੇ ਹਨ । ਕਦੇ ਅਖੌਤੀ ਪਰੰਪਰਾ ਦੀ ਰਾਖੀ, ਕਦੇ ਅਖੌਤੀ ਬਦਲਾਅ ਦੀ ਖ਼ਾਤਰ, ਕਦੇ ਖ਼ੁਦ ਦੀ ਅਜ਼ਾਦੀ ਤੇ ਕਦੇ ਦੂਸਰਿਆਂ ਨੂੰ ਗੁਲਾਮ ਬਣਾਉਣ ਲਈ, ਕਦੇ ਮਜ਼੍ਹਬੀ ਜਨੂੰਨ ਤੇ ਸੱਤਾ ਦੀ ਭੁੱਖ, ਕਦੇ ਅਖੌਤੀ ਏਕਤਾ ਦੇ ਨਾਮ ਉੱਪਰ ਤੇ ਅਨੇਕਤਾ ਦਾ ਨਿਰਦਾਰ ਕਰਦੇ ਹੋਏ ਇਹ ਹਜ਼ੂਮ ਅਸ਼ਾਂਤੀ, ਅਸੁਰੱਖਿਆ, ਅਤੇ ਅਸਹਿਣਸ਼ੀਲਤਾ ਨੂੰ ਜਨਮ ਦਿੰਦੇ ਹੋਏ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰਦੇ ਹਨ। ਲੋਕਾਂ ਦੀ ਭੀੜ ਤਮਾਸ਼ਬੀਣ ਬਣ ਕੇ ਹਜ਼ੂਮ ਨੂੰ ਛੁਪੇ ਹੋਏ ਢੰਗ ਨਾਲ਼ ਆਪਣੀ ਸਹਿਮਤੀ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਅਰਾਜਕਤਾ ਤੇ ਬਰਬਾਦੀ ਦਾ ਨੰਗਾ ਨਾਚ ਦੇਖਦੀ ਹੈ। ਜੇਕਰ ਸਮਾਜ ਅਤੇ ਧਰਮ ਦੇ ਠੇਕੇਦਾਰਾਂ ਦੀ ਕਾਰਜਸ਼ੈਲੀ ਨੂੰ ਵਿਚਾਰਿਆ ਜਾਵੇ ਤਾਂ ਅਸੀਂ ਇਸ ਸਿੱਟੇ ਤੇ ਪੁੱਜ ਜਾਂਦੇ ਹਾਂ ਕਿ ਜਨ ਸਧਾਰਨ ਦੀ ਮੀਸਣੀ ਚੁੱਪ, ਸੰਵੇਦਨਹੀਣ ਮਾਨਸਿਕਤਾ ਅਤੇ ਗਲਿਆ-ਸੜਿਆ ਨਿਜ਼ਾਮ ਲੋਕਾਂ ਦੀ ਤਰਸਯੋਗ ਹਾਲਤ ਲਈ ਜ਼ਿੰਮੇਵਾਰ ਹੁੰਦਾ ਹੈ। ਅਜਿਹੇ ਲੋਕ ਸੂਲੀ ਉੱਪਰ ਢੰਗੇ ਜਾਣ ਵਾਲੇ ਬੇਕਸੂਰ ਲੋਕਾਂ ਦੇ ਹੱਕ ਵਿੱਚ ਆਵਾਜ਼ ਵੀ ਨਹੀਂ ਉਠਾਉਂਦੇ ਅਤੇ ਜ਼ੁਲਮ ਦੀ ਹਨ੍ਹੇਰੀ ਦੇ ਝਲ ਜਾਣ ਤੋਂ ਬਾਅਦ ਸ਼ਹੀਦਾਂ ਨੂੰ ਝੂਠੀ ਸ਼ਰਧਾ ਦਿੰਦੇ ਹੋਏ ਮਗਰਮੱਛ ਦੇ ਹੰਝੂ ਕੇਰਦੇ ਹਨ। ਅਜਿਹੇ ਮੌਕਾਪ੍ਰਸਤ ਲੋਕ ਅਸਲ ਵਿਚ ਅਸ਼ਾਂਤੀ ਅਤੇ ਅਸਹਿਣਸ਼ੀਲਤਾ ਫੈਲਾਉਣ ਵਾਲਿਆਂ ਸ਼ਰਾਰਤੀ ਲੋਕਾਂ ਦੀ ਤਾਕਤ ਬਣਦੇ ਹਨ।
ਅਸਲ ਵਿਚ ਸਾਨੂੰ ਸਭ ਨੂੰ ਅੰਤਰਝਾਤ ਮਾਰਨ ਦੀ ਲੋੜ ਹੈ ਕਿਉਂ ਕਿ ਸਾਨੂੰ ਤਹਿਜ਼ੀਬ ਯਾਫ਼ਤਾ ਕੇਵਲ ਉਸ ਸਮੇਂ ਹੀ ਮੰਨਿਆ ਜਾ ਸਕਦਾ ਹੈ, ਜਦੋਂ ਤਹਾਨੂੰ ਆਪਣੇ ਹਮਸਾਏ ਦੀ ਖੁਸ਼ੀ, ਸੁੱਖ ਜਾਂ ਤਰੱਕੀ ਤੋਂ ਜਲਣ ਨਾ ਹੋਵੇ, ਜਦੋਂ ਤੁਸੀਂ ਆਪਣੇ ਤੋਂ ਪਹਿਲਾਂ ਆਪਣੇ ਦੇਸ਼, ਨਗਰ ਜਾਂ ਗਰਾਂ ਦੀ ਖ਼ੈਰ ਮੰਗੋ, ਜਦੋਂ ਅਨੇਕਤਾ ਨੂੰ ਸਵੀਕਾਰ ਕਰਦੇ ਹੋਏ ਵੱਖਰਤਾ ਦਾ ਸਤਿਕਾਰ ਕਰੋ, ਜਦੋਂ ਤੁਸੀਂ ਖੁਸ਼ੀਆਂ ਤੇ ਖੇੜਿਆਂ ਦੀ ਆਬਸ਼ਾਰ ਬਣ ਕੇ ਆਪਸੀ ਮੁਹੱਬਤ ਤੋਂ ਸੱਖਣੀਆਂ ਦੇਹਾਂ ਨੂੰ ਕੋਮਲ ਇਨਸਾਨੀ ਜਜ਼ਬਾਤਾਂ ਨਾਲ ਸਰਸ਼ਾਰ ਕਰ ਦੇਵੋ ਅਤੇ ਜਦੋਂ ਤੁਹਾਨੂੰ ਕਿਸੇ ਦੀ ਮੁਸਕਰਾਹਟ ਸੁਖਦ ਅਹਿਸਾਸ ਦੇਵੇ ਤੇ ਕਿਸੇ ਦੇ ਹੰਝੂ ਤਹਾਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦੇਣ, ਤਦ ਸਮਝਣਾ ਕਿ ਤੁਸੀਂ ਸੱਭਿਅਕ ਹੋਣ ਦੀ ਦਿਸ਼ਾ ਵੱਲ ਅਗੇ ਵਧ ਰਹੇ ਹੋ। ਤੁਸੀਂ ਮਜ਼ਹਬ, ਦੁਨਿਆਵੀਂ ਵਿਦਵਤਾ, ਸੱਚ-ਝੂਠ, ਪਾਪ-ਪੁੰਨ, ਲਿਬਾਸ, ਤੇ ਇਖ਼ਲਾਕ ਦੇ ਸੰਕਰੀਣ ਸੰਕਲਪਾਂ ਨੂੰ ਛੱਡ ਕੇ ਲੋਕਾਂ ਦੇ ਦਿਲਾਂ ਵਿਚ ਝਾਂਕਣ, ਕਿਸੇ ਦੀ ਖ਼ਾਮੋਸ਼ੀ ਪਿੱਛੇ ਛੁਪੇ ਸ਼ੋਰ ਤੇ ਅਣਕਹੇ ਨੂੰ ਸੁਣਨ, ਪ੍ਰਤੱਖ ਪਿੱਛੇ ਛੁਪੀਆਂ ਗੁੱਝੀਆਂ ਰਮਜ਼ਾਂ ਨੂੰ ਸਮਝਣ ਅਤੇ ਇਤਰਾਜ਼ਯੋਗ ਬੋਲਾਂ ਨੂੰ ਮੂੰਹੋਂ ਕੱਢਣ ਨਾਲੋਂ ਖ਼ਾਮੋਸ਼ ਰਹਿਣ ਦੀ ਕਲਾ ਸਿੱਖੋ। ਤੁਸੀਂ ਆਧੁਨਿਕ ਬਣੋ ਲੇਕਿਨ ਬਾਹਰੋਂ ਨਹੀਂ ਅਤੇ ਪਰੰਪਰਾਵਾਂ ਦਾ ਵੀ ਸਤਿਕਾਰ ਕਰੋ ਲੇਕਿਨ ਦਿਖਾਵਾ ਨਹੀਂ। ਤੁਸੀਂ ਖ਼ੁਦ ਨੂੰ ਕਾਇਨਾਤ ਦਾ ਇਕ ਤੁੱਛ ਜਿਹਾ ਕਿਣਕਾ ਸਮਝੋ ਅਤੇ ਇਸ ਤਰ੍ਹਾਂ ਜੀਊਣ ਦਾ ਉਪਰਾਲਾ ਕਰੋ ਕਿ ਜਿਵੇਂ ਕਿ ਇਕ ਤਿੱਤਲੀ ਫੁੱਲਾਂ ਉੱਤੇ ਮੰਡਰਾਉਂਦੀ ਹੋਈ ਫੁੱਲਾਂ ਉੱਤੇ ਆਪਣਾ ਬੋਝ ਲੱਦੇ ਬਗੈਰ ਹਰ ਤਰਫ਼ ਆਪਣੀ ਉਡਾਣ ਨਾਲ ਵਿਸਮਾਦ ਪੈਦਾ ਕਰਦੀ ਹੈ। ਤੁਸੀਂ ਇਸ ਤਰ੍ਹਾਂ ਜੀਵਨ ਗੁਜ਼ਾਰਨ ਦਾ ਯਤਨ ਕਰੋ ਕਿ ਜਿਵੇਂ ਚਾਨਣ ਚਾਰੇ ਪਾਸੇ ਫਲੈ ਕਿ ਹਨਰ੍ਹੇ ਨੂੰ ਆਪਣੀ ਆਗੋਸ਼ ਵਿਚੱ ਸਮਾ ਲੈਂਦਾ ਹੈ, ਜਿਵੇਂ ਸੱਚ ਸੂਲੀ ਉੱਤੇ ਚੜ੍ਹ ਕੇ ਵੀ ਅਨਿਆਂ ਤੇ ਜ਼ਬਰ ਦੀ ਅਖੌਤੀ ਜਿੱਤ ਨੂੰ ਹਾਰ ਵਿਚੱ ਬਦਲ ਦਿੰਦਾ ਹੈ ਅਤੇ ਜਿਵੇਂ ਸਾਗਰ ਆਪਣੇ ਅੰਦਰ ਅਨੇਕਾਂ ਨਦੀਆਂ ਤੇ ਦਰਿਆਵਾਂ ਨੂੰ ਸਮਾ ਲੈਂਦਾ ਹੈ। ਬਸ ਇੰਨੀ ਕੁ ਕੋਸ਼ਿਸ਼ ਜ਼ਰਰੂ ਕਰੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਸੰਸਾਰ ਵਿਚ ਕਿਸੇ ਲਈ ਇਕ ਨਿੱਘੀ, ਮਿੱਠੀ, ਖੁਸ਼ਗਵਾਰ ਤੇ ਸਦੀਵੀਂ ਯਾਦ ਦੇ ਰੂਪ ਵਿੱਚ ਹਮੇਸ਼ਾ ਜਿੰਦਾ ਰਹੋ।
( ਲੇਖਕ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਹਨ।ਮੋਬਾ. 9463062603)
