ਕੇਂਦਰ ਸਰਕਾਰ ਵੱਲੋਂ ਵਕਫ਼ ਐਕਟ 1995 ਨੂੰ ਬਦਲਣ ਦੀ ਕੋਸ਼ਿਸ਼ ਅਫਸੋਸਨਾਕ ਰਾਜ ਸਭਾ 'ਚ ਪੇਸ਼ ਕੀਤੇ ਗਏ ਨਿਜੀ ਬਿਲ ਨੂੰ ਰੱਦ ਕੀਤਾ ਜਾਵੇ : ਸ਼ਾਹੀ ਇਮਾਮ ਪੰਜਾਬ.
ਲੁਧਿਆਣਾ, 19 ਦਸੰਬਰ (ਇੰਦਰਜੀਤ) : ਬੀਤੇ ਦਿਨੀ ਰਾਜ ਸਭਾ 'ਚ ਭਾਜਪਾ ਦੇ ਰਾਜ ਸਭਾ ਦੇ ਮੈਂਬਰ ਸ਼੍ਰੀ ਹਰਨਾਥ ਯਾਦਵ ਵੱਲੋਂ ਵਕਫ ਐਕਟ 1995 ਦੇ ਖਿਲਾਫ ਪੇਸ਼ ਕੀਤੇ ਗਏ ਇੱਕ ਨਿੱਜੀ ਬਿਲ ਦਾ ਵਿਰੋਧ ਕਰਦੇ ਹੋਏ ਅੱਜ ਇੱਥੇ ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਸ਼ਾਮਲ ਰਹੀ ਮਸ਼ਹੂਰ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸ ਨੂੰ ਅਫਸੋਸਨਾਕ ਕਰਾਰ ਦਿੱਤਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਵਕਫ਼ ਐਕਟ 1995 ਦੇਸ਼ ਭਰ 'ਚ ਵਕਫ਼ ਜਾਇਦਾਦਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਇੱਕ ਕਾਨੂੰਨ ਹੈ। ਇਹ ਕਾਨੂੰਨ ਕਿਸੇ ਵੀ ਤਰ੍ਹਾਂ ਕਿਸੇ ਦੂਸਰੇ ਦੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਬਲਕਿ ਵਕਫ਼ ਜਾਇਦਾਦਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ 'ਚ ਲਾਮਵੰਦ ਸਾਬਤ ਹੁੰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਵਕਫ ਐਕਟ 1995 ਨੂੰ ਬਦਲਣ ਦਾ ਮਤਲਬ ਹੁਣ ਬੋਰਡ ਨੂੰ ਕਮਜ਼ੋਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੇਸ਼ ਭਰ 'ਚ ਲੱਖਾਂ ਵਕਫ਼ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ ਜਿਨ੍ਹਾਂ ਦੇ ਮੁਕੱਦਮੇ ਅਜੇ ਵੀ ਅਦਾਲਤਾਂ 'ਚ ਪੈਂਡਿੰਗ ਚਲ ਰਹੇ ਹਨ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਜ ਸਭਾ 'ਚ ਪੇਸ਼ ਕੀਤੇ ਗਏ ਇਸ ਨਿਜੀ ਬਿੱਲ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ 'ਚ ਵਕਫ਼ ਦੀਆਂ ਜਾਇਦਾਦਾਂ ਮੁਸਲਿਮ ਭਾਈਚਾਰੇ ਦੀ ਸਿੱਖਿਆ ਪ੍ਰਣਾਲੀ ਅਤੇ ਧਾਰਮਿਕ ਸੰਸਥਾਵਾਂ ਨੂੰ ਚਲਾਉਣ 'ਚ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੁੰਦੀਆਂ ਹਨ। ਇਨ੍ਹਾਂ ਜਾਈਦਾਦਾਂ ਨਾਲ ਛੇੜਛਾੜ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਮੁਸਲਮਾਨ ਵਕਫ਼ ਐਕਟ 1995 ਦੇ ਵਿਰੁੱਧ ਲਿਆਂਦੇ ਗਏ ਇਸ ਨਿੱਜੀ ਬਿੱਲ ਦਾ ਵਿਰੋਧ ਕਰਦੇ ਹਨ ਅਤੇ ਵਿਸ਼ੇਸ਼ ਤੌਰ 'ਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਂ ਮੰਗ ਕਰਦੇ ਹਨ ਕਿ ਇਸ ਐਕਟ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਭਾਰਤ 'ਚ 1964 'ਚ ਜਦੋਂ ਵਕਫ਼ ਜਾਈਦਾਦਾਂ ਦੀ ਦੇਖ-ਭਾਲ ਕਰਨ ਲਈ ਵਕਫ਼ ਬੋਰਡ ਦਾ ਗਠਨ ਕੀਤਾ ਗਿਆ ਸੀ ਜੋ ਕਿ ਹਰ ਇੱਕ ਸੂਬੇ 'ਚ ਬਣਾਇਆ ਗਿਆ ਸੀ ਅਤੇ ਵਕਫ਼ ਐਕਟ 1995 ਇਕ ਅਜਿਹਾ ਕਾਨੂੰਨ ਹੈ ਜਿਸ ਰਾਹੀਂ ਵਕਫ਼ ਬੋਰਡ ਆਪਣੀ ਕਿਸੇ ਵੀ ਜਾਇਦਾਦ 'ਤੇ ਕਾਨੂੰਨੀ ਤੌਰ 'ਤੇ ਆਪਣਾ ਅਧਿਕਾਰ ਜਤਾਉਂਦਾ ਹੈ। ਜੇਕਰ ਜਾਇਦਾਦ ਵਕਫ਼ ਦੀ ਨਹੀਂ ਹੁੰਦੀ ਤਾਂ ਜਾਇਦਾਦ ਦੇ ਮਾਲਕਾਂ ਨੂੰ ਅਦਾਲਤ 'ਚ ਇਹ ਸਾਬਤ ਕਰਨਾ ਪਵੇਗਾ ਕਿ ਇਹ ਜਾਇਦਾਦ ਉਨ੍ਹਾਂ ਦੀ ਹੈ। ਵਕਫ਼ ਐਕਟ 1995 ਨੂੰ ਹੁਣ ਕੁਝ ਤਾਕਤਾਂ ਇਸ ਲਈ ਵੀ ਬਦਲਣਾ ਚਾਹੁੰਦੀਆਂ ਹਨ ਕਿਉਂਕਿ ਵੱਡੀ ਗਿਣਤੀ 'ਚ ਵਕਫ਼ ਜਾਇਦਾਦਾਂ 'ਤੇ ਕਬਜ਼ੇ ਹਨ ਅਤੇ ਜੇਕਰ ਇਸ ਵਕਫ਼ ਐਕਟ ਨੂੰ ਬਦਲਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਕਬਜ਼ਾਧਾਰੀਆਂ ਨੂੰ ਉਨ੍ਹਾਂ ਸਾਰੀਆਂ ਜਾਇਦਾਦਾਂ 'ਤੇ ਹਮੇਸ਼ਾ ਲਈ ਆਪਣਾ ਕਬਜਾ ਮਿਲ ਜਾਵੇਗਾ।
ਫੋਟੋ ਕੈਪਸ਼ਨ: ਜਾਮਾ ਮਸਜਿਦ ਲੁਧਿਆਣਾ ਵਿਖੇ ਵਕਫ ਐਕਟ 1995 ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ।