ਸ੍ਰੀ ਗੁਰੂ ਤੇਗ ਬਹਾਦਰ ਵਲੋਂ ਦਰਸਾਈ ਗਈ ਲੋਕਤੰਤਰੀ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਲੋੜ: ਬਨਵਾਰੀ ਲਾਲ ਪੁਰੋਹਿਤ.
ਲੁਧਿਆਣਾ, 29 ਦਸੰਬਰ (ਸਰਬਜੀਤ ਲੁਧਿਆਣਵੀ) : ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਫ਼ਲਸਫ਼ੇ, ਸਰਵ ਵਿਆਪੀ ਸਿੱਖਿਆਵਾਂ ਅਤੇ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਲਿਖੀ ਗਈ ਪੁਸਤਕ 'ਸ੍ਰੀ ਗੁਰੂ ਤੇਗ ਬਹਾਦਰ: ਦਿ ਸੇਵਯਰ ਆਫ ਡੈਮੋਕ੍ਰੇਟਿਕ ਵੈਲਯੁਜ਼' (ਸ੍ਰੀ ਗੁਰੂ ਤੇਗ ਬਹਾਦਰ: ਲੋਕਤੰਤਰੀ ਕਦਰਾਂ ਕੀਮਤਾਂ ਦੇ ਰੱਖਿਅਕ) ਨੂੰ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ
ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਉੱਪਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਭਾਰਤੀ ਸੰਸਕ੍ਰਿਤੀ, ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਦਿੱਤੇ ਗਏ ਬਲੀਦਾਨ ਨੂੰ ਯਾਦ ਕਰਦਿਆਂ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਦਰਸਾਈ ਗਈ ਲੋਕਤੰਤਰੀ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਹਰੇਕ ਮਨੁੱਖ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਲਾਹੀ ਬਾਣੀ, ਲੋਕਤੰਤਰੀ ਸਰੋਕਾਰਾਂ ਅਤੇ ਬੇਮਿਸਾਲ ਬਲੀਦਾਨ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਉਹਨਾਂ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦੇ ਹੋਏ ਡਾ. ਭੱਲਾ ਦੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਡਾ. ਭੱਲਾ ਵਲੋਂ ਲਿਖੀ ਗਈ ਪੁਸਤਕ ਨਿਸ਼ਚਿਤ ਤੌਰ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਸਿੱਖਿਆਵਾਂ ਅਤੇ ਯੋਗਦਾਨ ਦਾ ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਪੱਖ ਤੋਂ ਵਿਸ਼ਲੇਸ਼ਣ ਇਸ ਖੇਤਰ ਨਾਲ ਜੁੜੇ ਹੋਏ ਸਮੂਹ ਅਧਿਆਪਕਾਂ, ਸਿੱਖਿਆ ਸ਼ਾਸਤਰੀਆਂ ਅਤੇ ਖੋਜਾਰਥੀਆਂ ਲਈ ਬੇਹੱਦ ਉਪਯੋਗੀ ਅਤੇ ਸਾਰਥਕ ਸਿਧ ਹੋਵੇਗੀ।
ਇਸ ਅਵਸਰ ਉੱਪਰ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਐਡੀਸ਼ਨਲ ਸਾਲਿਸਟਰ ਜਨਰਲ ਆਫ਼ ਇੰਡੀਆ ਸ੍ਰੀ ਸਤਪਾਲ ਜੈਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਚਾਰ ਸੌ ਸਾਲ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਵੱਲੋਂ ਅਪਣਾਈ ਗਈ ਧਾਰਮਿਕ ਅਸਹਿਣਸ਼ੀਲਤਾ ਤੇ ਕੱਟੜਵਾਦ ਦੀ ਨੀਤੀ ਅਤੇ ਉਸ ਵਲੋਂ ਕੀਤੀ ਗਈ ਮਨੁੱਖੀ ਅਧਿਕਾਰਾਂ ਦੀ ਬੇਹੁਰਮਤੀ ਦਾ ਜ਼ੋਰਦਾਰ ਖੰਡਨ ਤੇ ਵਿਰੋਧ ਹੀ ਨਹੀਂ ਕੀਤਾ, ਸਗੋਂ ਲੋਕਾਂ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਲਈ ਆਪਣਾ ਆਪ ਕੁਰਬਾਨ ਕਰਕੇ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਰਾਖੀ ਖੁਦ ਆਪ ਕਰਨ ਲਈ ਲਾਮਬੰਦ ਵੀ ਕੀਤਾ। ਉਹਨਾਂ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵੱਲੋਂ ਲਿਖੀ ਗਈ ਪੁਸਤਕ ਨੂੰ ਅਜੋਕੇ ਸਮੇਂ ਦੀ ਲੋੜ ਦੱਸਦਿਆਂ ਕਿਹਾ ਡਾ. ਭੱਲਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿਕਾਸ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਨੂੰ ਇਸ ਪੁਸਤਕ ਵਿਚ ਬਾਖੂਬੀ ਕਲਮਬੱਧ ਕੀਤਾ ਹੈ।
ਆਪਣੀ ਪੁਸਤਕ ਬਾਰੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਸਤਾਰਵੀਂ ਸਦੀ ਵਿਚ ਮੁਗਲ ਹਾਕਮ ਔਰੰਗਜ਼ੇਬ ਦੀ ਧਾਰਮਿਕ ਅਸਹਿਣਸ਼ੀਲਤਾ ਦੀ ਨੀਤੀ ਅਤੇ ਉਸ ਦੇ ਜ਼ੁਲਮਾਂ ਦਾ ਡਟਵਾਂ ਮੁਕਾਬਲਾ ਕਰਦੇ ਹੋਏ ਸੁਤੰਤਰਤਾ, ਸਮਾਨਤਾ, ਭਰਾਤਰੀ ਭਾਵ, ਧਾਰਮਿਕ ਆਜ਼ਾਦੀ, ਨਿਆਂ, ਮਨੁੱਖੀ ਅਧਿਕਾਰ, ਬਹੁਸਭਿਆਚਾਰਕ ਸਮਾਜ, ਧਾਰਮਿਕ ਸਹਿਣਸ਼ੀਲਤਾ, ਰਾਸ਼ਟਰੀ ਗੌਰਵ ਅਤੇ ਰਾਸ਼ਟਰੀ ਏਕਤਾ ਦੀ ਰਾਖੀ ਲਈ ਲੋਕਾਈ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਅਪਣਾਉਣ, ਲੋਕਤੰਤਰੀ ਜੀਵਨ ਸ਼ੈਲੀ ਨੂੰ ਧਾਰਨ ਕਰਨ ਅਤੇ ਲੋਕਤੰਤਰੀ ਸਰੋਕਾਰਾਂ ਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦਾ ਜਜ਼ਬਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਅਜੋਕੇ ਸਮੇਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਬੇਹੱਦ ਪ੍ਰਾਸੰਗਿਕ ਹਨ ਅਤੇ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਸਮੁੱਚੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਸਮਝਣ, ਵਿਚਾਰਨ ਅਤੇ ਅਪਣਾਉਣ ਦੀ ਬੇਹੱਦ ਲੋੜ ਹੈ।
ਪਿ੍ੰਸੀਪਲ ਡਾ. ਭੱਲਾ ਨੇ ਪਦਮ ਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਅਤੇ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ,ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਉੱਪਰ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਵਿਦਵਾਨ ਸ਼ਖ਼ਸੀਅਤਾਂ ਦੇ ਸਹਿਯੋਗ ਅਤੇ ਮਾਰਗ ਦਰਸ਼ਨ ਲਈ ਉਹ ਇਨ੍ਹਾਂ ਦੇ ਬੇਹੱਦ ਧੰਨਵਾਦੀ ਹਨ। ਇਥੇ ਇਹ ਗੱਲ ਵਿਸ਼ੇਸ਼ ਤੌਰ ਉੱਪਰ ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਖੋਜ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਹੁਣ ਤੱਕ ਉਨ੍ਹਾਂ ਵੱਲੋਂ ਪੰਦਰਾਂ ਕਿਤਾਬਾਂ ਅਤੇ ਅੱਸੀਂ ਤੋਂ ਵੱਧ ਖੋਜ ਪਰਚੇ ਲਿਖੇ ਜਾਣ ਦੇ ਨਾਲ-ਨਾਲ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ, ਨਵੀਂ ਦਿੱਲੀ (ਆਈ.ਸੀ.ਐਸ.ਐਸ.ਆਰ) ਵਲੋਂ ਸਪਾਂਸਰਡ ਦੋ ਖੋਜ ਪ੍ਰਾਜੈਕਟ ਸਫਲਤਾਪੂਰਵਕ ਮੁਕੰਮਲ ਕੀਤੇ ਜਾ ਚੁੱਕੇ ਹਨ।