ਸਾਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ ਵਲੋਂ 'ਸਾਵਨ ਕਵੀ ਦਰਬਾਰ' .

ਧਰਮਿੰਦਰ ਸ਼ਾਹਿਦ ਰਚਿਤ ਗਜ਼ਲ ਸੰਗ੍ਰਹਿ "ਅਤਰਦਾਨੀ" ਦੀ ਘੁੰਡ ਚੁਕਾਈ 
ਲਲਿਤ ਬੇਰੀ
ਲੁਧਿਆਣਾ, ਅਗਸਤ 10 :
ਸਾਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ ਵਲੋਂ ਸਥਾਨਿਕ ਪੰਜਾਬੀ ਭਵਨ ਵਿਖੇ " ਸਾਵਨ ਕਵੀ ਦਰਬਾਰ" ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਘੇ ਸ਼ਾਇਰ ਧਰਮਿੰਦਰ ਸ਼ਾਹਿਦ ਖੰਨਾ ਦੇ ਨਵ ਪ੍ਰਕਾਸ਼ਤ ਗਜ਼ਲ ਸੰਗ੍ਰਹਿ " ਅਤਰਦਾਨੀ" ਦੀ ਘੁੰਡ ਚੁਕਾਈ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਮਸ਼ਹੂਰ ਉਰਦੂ ਸ਼ਾਇਰ ਸਰਦਾਰ ਪੰਛੀ ਅਤੇ ਹਰਬੰਸ ਸਿੰਘ ਅਕਸ ਨੇ ਕੀਤੀ ਜਦ ਕਿ ਪ੍ਰੋ ਮੁਹੰਮਦ ਰਫੀ ਅਤੇ ਡਾ ਰੁਬੀਨਾ ਸ਼ਬਨਮ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਗਤ ਰਾਮ ਜਲੰਧਰ ਵਲੋਂ ਮੰਚ ਦੀ ਕਾਰਵਾਈ ਸ਼ਾਨਦਾਰ ਤਰੀਕੇ ਨਾਲ ਨਿਭਾਈ ਗਈ। ਸਮਾਗਮ ਦੇ ਸ਼ੁਰੂ ਵਿੱਚ ਕਵਿਤਾ ਕਥਾ ਕਾਰਵਾਂ ਅਦਾਰੇ ਦੀ ਪ੍ਰਧਾਨ ਜਸਪ੍ਰੀਤ ਕੌਰ 'ਫਲਕ' ਵਲੋਂ ਹਾਜ਼ਰ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੰਚ ਤੇ ਬਿਰਾਜਮਾਨ ਪਤਵੰਤਿਆਂ ਦਾ ਧੰਨਵਾਦ ਕੀਤਾ। ਸ਼ਹਿਰ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਆਪਣੀਆਂ ਰਚਨਾਵਾਂ ਦੇ ਜਾਦੂ ਨਾਲ ਸਰੋਤਿਆਂ ਨੂੰ ਕੀਲ ਲਿਆ। ਉਭਰਦੇ ਕਵੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਫਲਕ ਨੇ ਕਿਹਾ ਕਿ ਕਵਿਤਾ ਕਥਾ ਕਾਰਵਾਂ ਵਲੋਂ ਬੱਚਿਆਂ  ਵਿੱਚ ਸਭਿਆਚਾਰ ਅਤੇ ਸਾਹਿਤ ਦੀ ਸਮਝ ਅਤੇ ਲੋੜੀਂਦੀ ਚੇਤਨਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜੇਕਰ ਨਵੀਂ ਪੀੜ੍ਹੀ ਸੁਚੱਜੇ ਢੰਗ ਨਾਲ ਸਾਹਿਤ ਸਿਰਜਣਾ ਕਰੇਗੀ ਤਾਂ ਅਜੋਕੇ ਸਮਾਜ ਨੂੰ ਫਾਇਦਾ ਹੋਵੇਗਾ। ਭਾਗ ਲੈ ਰਹੇ ਵਿਦਿਆਰਥੀਆਂ ਤੇ ਕਵੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਦਿੱਤੇ ਗਏ। ਅੰਤ ਵਿੱਚ ਸ਼ਾਹਿਦ ਨੇ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।