ਵਿਧਾਇਕ ਪਰਾਸ਼ਰ ਨੇ ਵਾਰਡ ਨੰਬਰ 30 ਅਤੇ 75 ਵਿੱਚ ਜਲ ਸਪਲਾਈ ਲਾਈਨ ਅਤੇ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ*.
ਲੁਧਿਆਣਾ, 3 ਜਨਵਰੀ : ਪੀਣਯੋਗ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬੁੱਧਵਾਰ ਨੂੰ ਵਾਰਡ ਨੰਬਰ 30 ਅਤੇ 75 ਵਿੱਚ ਕ੍ਰਮਵਾਰ ਜਲ ਸਪਲਾਈ ਲਾਈਨਾਂ ਅਤੇ ਟਿਊਬਵੈੱਲ ਲਗਾਉਣ ਲਈ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।
ਵਿਜੇ ਨਗਰ ਨੇੜੇ ਇੰਦਰਾ ਕਲੋਨੀ (ਵਾਰਡ ਨੰਬਰ 30) ਵਿੱਚ ਕਰੀਬ 36.67 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਲਾਈਨ ਪਾਈ ਜਾ ਰਹੀ ਹੈ। ਜਦਕਿ 25 ਐਚ.ਪੀ. ਦਾ ਟਿਊਬਵੈੱਲ ਮੁਸ਼ਤਾਕ ਗੰਜ ਇਲਾਕੇ (ਵਾਰਡ ਨੰਬਰ 75) ਨੇੜੇ ਸ੍ਰੀ ਚੰਦ ਗੁਰਦੁਆਰਾ ਸਾਹਿਬ ਵਿਖੇ ਲਗਭਗ 10.67 ਲੱਖ ਦੀ ਲਾਗਤ ਨਾਲ ਲਗਾਇਆ ਜਾ ਰਿਹਾ ਹੈ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਕੇਂਦਰੀ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਲੋੜ ਅਨੁਸਾਰ ਟਿਊਬਵੈੱਲ ਲਗਾਉਣ ਲਈ ਕਈ ਪ੍ਰੋਜੈਕਟ ਕੀਤੇ ਜਾ ਰਹੇ ਹਨ। ਇਸ ਦਾ ਉਦੇਸ਼ ਵਸਨੀਕਾਂ ਲਈ ਪੀਣ ਯੋਗ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਇੰਦਰਾ ਕਲੋਨੀ ਵਿੱਚ ਪੁਰਾਣੀਆਂ ਵਾਟਰ ਸਪਲਾਈ ਲਾਈਨਾਂ ਨੂੰ ਬਦਲਣ ਦਾ ਪ੍ਰਾਜੈਕਟ ਵੀ ਸ਼ੁਰੂ ਕੀਤਾ ਗਿਆ ਹੈ।
ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ।
ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਹੋਰ ਵੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।