ਵਿਧਾਇਕ ਬੱਗਾ ਨੇ ਬੁੱਢੇ ਨਾਲੇ ਦੀਆਂ ਥਾਵਾਂ ਦਾ ਕੀਤਾ ਦੌਰਾ , ਸਬੰਧਤ ਅਧਿਕਾਰੀਆਂ ਨੂੰ ਨਾਲੇ ਦੇ ਦੂਜੇ ਪਾਸੇ ਸੜਕ ਬਣਾਉਣ ਦਾ ਕੰਮ ਤੇਜ਼ ਕਰਨ ਦੇ ਨਿਰਦੇਸ਼*.

 

ਲੁਧਿਆਣਾ, 12 ਜਨਵਰੀ (ਇੰਦ੍ਰਜੀਤ) -
ਬੁੱਢੇ ਨਾਲੇ ਦੇ ਦੂਜੇ ਪਾਸੇ ਵੀ ਸੜਕ ਬਣਾਉਣ ਦੇ ਪ੍ਰਾਜੈਕਟ ਤਹਿਤ ਇਕ ਕਦਮ ਅੱਗੇ ਵਧਾਉਂਦੇ ਹੋਏ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਨਾਲੇ ਦੀਆਂ ਥਾਵਾਂ ਦਾ ਦੌਰਾ ਕੀਤਾ।

ਇਸ ਦਾ ਉਦੇਸ਼ ਉੱਤਰੀ ਹਲਕੇ ਵਿੱਚ ਕੀਤੇ ਜਾ ਰਹੇ ਕਈ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਸੜਕ ਬਣਾਉਣ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨਾ ਸੀ।

ਚੰਦਰ ਨਗਰ, ਵਿਵੇਕ ਨਗਰ, ਨਿਊ ਦੀਪ ਨਗਰ ਸਮੇਤ ਹੋਰ ਖੇਤਰਾਂ ਵਿੱਚ ਕੀਤੇ ਨਿਰੀਖਣ ਦੌਰਾਨ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਕੁਝ ਨਿੱਜੀ ਵਿਅਕਤੀਆਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ, ਜੋ ਕਿ ਸੜਕ ਬਣਾਉਣ ਦੇ ਪ੍ਰਾਜੈਕਟ ਵਿੱਚ ਅੜਿੱਕਾ ਬਣ ਰਹੇ ਹਨ।

ਇਸ ਤੋਂ ਇਲਾਵਾ ਵਿਧਾਇਕ ਬੱਗਾ ਨੇ ਅਧਿਕਾਰੀਆਂ ਨੂੰ ਪਾੜ ਨੂੰ ਜੋੜਨ ਦੇ ਨਿਰਦੇਸ਼ ਦਿੱਤੇ ਤਾਂ ਜੋ ਨਾਲੇ ਦੇ ਦੂਜੇ ਪਾਸੇ ਚਾਂਦ ਸਿਨੇਮਾ ਨਾਲੇ ਦੇ ਪੁਲ ਤੱਕ ਸੜਕ ਬਣਾਈ ਜਾ ਸਕੇ।

ਵਿਧਾਇਕ ਨੇ ਅਧਿਕਾਰੀਆਂ ਨੂੰ ਪਾਰਕਾਂ ਦੇ ਪੁਨਰ ਵਿਕਾਸ, ਟਿਊਬਵੈੱਲ ਲਗਾਉਣ ਆਦਿ ਦੇ ਪ੍ਰੋਜੈਕਟਾਂ ਸਮੇਤ ਹਲਕੇ ਵਿੱਚ ਸ਼ੁਰੂ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ।

ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਨਾਲੇ ਦੇ ਦੂਜੇ ਪਾਸੇ ਸੜਕ ਬਣਨ ਨਾਲ ਨਾ ਸਿਰਫ਼ ਨਾਲੇ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ, ਸਗੋਂ ਇਸ ਨਾਲ ਆਵਾਜਾਈ ਵੀ ਸੁਚਾਰੂ ਹੋਵੇਗੀ।

ਵਿਧਾਇਕ ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹਿਰ ਵਾਸੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰ ਰਹੀ ਹੈ ਅਤੇ ਬੁੱਢੇ ਨਾਲੇ ਦੇ ਦੂਜੇ ਪਾਸੇ ਸੜਕ ਬਣਾਉਣ ਦਾ ਪ੍ਰਾਜੈਕਟ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।  ਲੁਧਿਆਣਾ ਉੱਤਰੀ ਹਲਕੇ ਵਿੱਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।