*ਆਈ.ਡੀ.ਐਫ.ਸੀ. ਬੈਂਕ ਦਾ ਮੈਨੇਜਰ 40,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ.

 

ਚੰਡੀਗੜ, 23 ਜਨਵਰੀ - ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਜਾਰੀ ਆਪਣੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਫਿਰੋਜ਼ ਗਾਂਧੀ ਮਾਰਕੀਟ, ਲੁਧਿਆਣਾ ਵਿਖੇ ਸਥਿਤ ਆਈ.ਡੀ.ਐਫ.ਸੀ. ਬੈਂਕ ਦੇ ਕੁਲੈਕਸ਼ਨ ਮੈਨੇਜਰ ਬਿਕਰਮਜੀਤ ਸਿੰਘ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਨਿੱਜੀ ਬੈਂਕ ਦੇ ਉਕਤ ਕਰਮਚਾਰੀ ਵਿਰੁੱਧ ਇਹ ਕੇਸ ਰਵਿੰਦਰ ਕੁਮਾਰ ਵਾਸੀ ਸਰਾਭਾ ਨਗਰ, ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਰੇਂਜ ਲੁਧਿਆਣਾ ਵਿਖੇ ਪਹੁੰਚ ਕਰਕੇ ਬਿਆਨ ਦਰਜ ਕਰਵਾਇਆ ਕਿ ਉਹ ਪੱਖੋਵਾਲ ਰੋਡ ਲੁਧਿਆਣਾ ਵਿਖੇ 'ਸਿਲਵਰ ਮੋਡ ਫੈਸ਼ਨ' ਦੇ ਨਾਮ ਹੇਠ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਰ.ਬੀ.ਆਈ. ਦੀ ਗ੍ਰੈਂਡ ਐਮਰਜੈਂਸੀ ਕ੍ਰੈਡਿਟ ਲਾਈਨ (ਜੀ.ਈ.ਸੀ.ਐਲ.) ਸਕੀਮ ਅਧੀਨ ਉਪਰੋਕਤ ਆਈ.ਡੀ.ਐਫ.ਸੀ. ਬੈਂਕ ਤੋਂ 30.9.2020 ਨੂੰ 4 ਸਾਲਾਂ ਲਈ 13,32,379 ਰੁਪਏ ਦਾ ਕਰਜ਼ਾ ਲਿਆ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸਨੇ ਕਰਜ਼ ਦੀ ਸਾਰੀ ਰਕਮ/ਕਿਸ਼ਤਾਂ ਅਦਾ ਕਰਕੇ ਆਪਣਾ ਲੋਨ ਖਾਤਾ ਬੰਦ ਕਰਵਾਉਣ ਲਈ ਉਕਤ ਕੁਲੈਕਸ਼ਨ ਮੈਨੇਜਰ ਨਾਲ ਸੰਪਰਕ ਕੀਤਾ। ਕੁਲੈਕਸ਼ਨ ਮੈਨੇਜਰ ਨਾਲ ਗੱਲਬਾਤ ਤੋਂ ਬਾਅਦ ਉਸ ਨੇ ਕਰਜ਼ ਦੀ ਸਾਰੀ ਰਕਮ ਅਦਾ ਕਰ ਦਿੱਤੀ ਪਰ ਫਿਰ ਵੀ ਉਸ ਦਾ ਕਰਜ਼ੇ ਵਾਲਾ ਖਾਤਾ ਬੰਦ ਨਹੀਂ ਕੀਤਾ ਗਿਆ। ਇਸ ਸਬੰਧੀ ਜਦੋਂ ਉਹ ਉਕਤ ਕੁਲੈਕਸ਼ਨ ਮੈਨੇਜਰ ਨੂੰ ਮਿਲਿਆ ਤਾਂ ਉਸ ਨੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਤੋਂ ਇਹ ਖਾਤਾ ਬੰਦ ਕਰਵਾਉਣ ਬਦਲੇ ਉਸ ਤੋਂ 40 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਕਿਉਂਕਿ ਦੋਸ਼ੀ ਕੁਲੈਕਸ਼ਨ ਮੈਨੇਜਰ ਇੱਕ ਬੈਂਕ ਕਰਮਚਾਰੀ ਹੈ, ਇਸ ਲਈ ਬੈਂਕਿੰਗ ਰੈਗੂਲੇਸ਼ਨ ਐਕਟ 1946 ਦੀ ਧਾਰਾ 46-ਏ ਅਨੁਸਾਰ ਉਹ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਜਨਤਕ ਸੇਵਕ ਹੈ। ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਰੇਂਜ ਲੁਧਿਆਣਾ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਬੈਂਕ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਉਸਦੀ ਦੁਕਾਨ ਵਿੱਚ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਮੁਲਜ਼ਮ ਕੁਲੈਕਸ਼ਨ ਮੈਨੇਜਰ ਬਿਕਰਮਜੀਤ ਸਿੰਘ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।