ਐਮਪੀ ਅਰੋੜਾ ਨੇ ਮੁਫ਼ਤ ਡਾਇਲਸਿਸ ਸੈਂਟਰ ਦਾ ਦੌਰਾ ਕੀਤਾ ਅਤੇ ਇਸ ਦੀ ਸ਼ਲਾਘਾ ਕੀਤੀ.
ਲੁਧਿਆਣਾ, 24 ਜਨਵਰੀ, 2024: ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਨਰ ਸੇਵਾ ਨਰਾਇਣ ਸੇਵਾ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਦੇ ਮੁਫਤ ਡਾਇਲਸਿਸ ਸੈਂਟਰ ਦਾ ਦੌਰਾ ਕੀਤਾ, ਜਿੱਥੇ ਡਾਇਲਸਿਸ ਇਲਾਜ ਲਈ ਪੰਜ ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ।
ਐਨਜੀਓ ਦੇ ਪ੍ਰਧਾਨ ਦੀਪਕ ਗਰਗ ਅਤੇ ਹੋਰਨਾਂ ਸਮੇਤ ਸੰਦੀਪ ਗੁਪਤਾ, ਸਵਰਨ ਬਾਂਸਲ, ਵਿਸ਼ਾਲ ਗਰਗ, ਰਮੇਸ਼ ਬਾਂਸਲ, ਸੁਭਾਸ਼ ਜਿੰਦਲ, ਸੂਰਜ ਕੁਮਾਰ, ਦਵਿੰਦਰ ਸੇਠ ਅਤੇ ਪ੍ਰਦੀਪ ਢੱਲ ਨੇ ਅਰੋੜਾ ਨੂੰ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ, ਜੋ ਕਿ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਕੀਤਾ ਗਿਆ ਸੀ।
ਅਰੋੜਾ ਨੂੰ ਦੱਸਿਆ ਗਿਆ ਕਿ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਡਾਇਲਸਿਸ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਕਰੀਬ 1.25 ਕਰੋੜ ਰੁਪਏ ਦੀ ਲਾਗਤ ਨਾਲ 15 ਅਜਿਹੀਆਂ ਮਸ਼ੀਨਾਂ ਲਗਾਈਆਂ ਗਈਆਂ ਸਨ। ਸੈਂਟਰ ਨੇ ਹੁਣ ਤੱਕ ਲਗਭਗ 1,500 ਮਰੀਜ਼ਾਂ ਦਾ ਇਲਾਜ ਕੀਤਾ ਹੈ। ਇਸ ਸਮੇਂ ਸੈਂਟਰ ਵਿੱਚ 12 ਮਰੀਜ਼ ਇਲਾਜ ਅਧੀਨ ਹਨ।
ਇਸ ਤੋਂ ਇਲਾਵਾ ਅਰੋੜਾ ਨੂੰ ਦੱਸਿਆ ਗਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਸਾਰੇ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਸੈਂਟਰ ਵਿੱਚ ਡਾਕਟਰਾਂ ਸਮੇਤ 16 ਸਟਾਫ਼ ਮੈਂਬਰਾਂ ਦੀ ਟੀਮ ਹੈ। ਕੁਝ ਡਾਕਟਰਾਂ ਨੂੰ ਨਿੱਜੀ ਹਸਪਤਾਲਾਂ ਤੋਂ ਵੀ ਆਪਣੀਆਂ ਸੇਵਾਵਾਂ ਦੇਣ ਲਈ ਬੁਲਾਇਆ ਜਾਂਦਾ ਹੈ।
ਐਨਜੀਓ ਟੀਮ ਨੇ ਐਂਬੂਲੈਂਸ ਦੀ ਲੋੜ ਸਮੇਤ ਆਪਣੀਆਂ ਕੁਝ ਮੰਗਾਂ ਵੀ ਦੱਸੀਆਂ। ਉਨ੍ਹਾਂ ਅਰੋੜਾ ਨੂੰ ਸੈਂਟਰ ਨੂੰ ਵਾਧੂ ਜਗ੍ਹਾ ਮੁਹੱਈਆ ਕਰਵਾਉਣ ਲਈ ਦਖਲ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਲਈ ਦਾਨ ਕਰਨ ਸਮੇਤ ਸੈਂਟਰ ਦੀਆਂ ਹੋਰ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਅਰੋੜਾ ਨੇ ਸਮਾਜ ਸੇਵੀ ਸੰਸਥਾ ਵੱਲੋਂ ਲੋੜਵੰਦ ਅਤੇ ਪੀੜਤ ਸਮਾਜ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਸ਼ਲਾਘਾਯੋਗ ਹੈ ਕਿ ਐਨਜੀਓ ਦਾਨੀ ਸੱਜਣਾਂ ਦੇ ਭਰਵੇਂ ਸਹਿਯੋਗ ਨਾਲ ਸੈਂਟਰ ਚਲਾ ਰਹੀ ਹੈ। ਉਨ੍ਹਾਂ ਮੰਗ ਮੰਨਦਿਆਂ ਐਂਬੂਲੈਂਸ ਦਾਨ ਕਰਨ ਦਾ ਐਲਾਨ ਕੀਤਾ। ਨਾਲ ਹੀ ਹੋਰ ਮੁਫਤ ਡਾਇਲਸਿਸ ਮਸ਼ੀਨਾਂ ਲਈ ਵਾਧੂ ਜਗ੍ਹਾ ਦਾ ਮੁੱਦਾ ਪੰਜਾਬ ਸਰਕਾਰ ਕੋਲ ਉਠਾਉਣ ਦਾ ਵਾਅਦਾ ਕੀਤਾ।
ਅਰੋੜਾ ਨੂੰ ਇਹ ਵੀ ਦੱਸਿਆ ਗਿਆ ਕਿ ਇਲਾਕੇ ਵਿੱਚ ਕੋਈ ਵੀ ਫਾਇਰ ਬ੍ਰਿਗੇਡ ਦਫ਼ਤਰ ਨਹੀਂ ਹੈ। ਐਮਰਜੈਂਸੀ ਦੀ ਸਥਿਤੀ ਵਿੱਚ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਹੰਬੜਾਂ ਰੋਡ ਤੋਂ ਬੁਲਾਇਆ ਜਾਂਦਾ ਹੈ। ਜੋ ਕਿ ਦੂਰੀ 'ਤੇ ਸਥਿਤ ਹੈ। ਜਿਸ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਪਹੁੰਚਣ ਵਿੱਚ ਦੇਰੀ ਹੋ ਰਹੀ ਹੈ। ਇਸ 'ਤੇ ਅਰੋੜਾ ਨੇ ਉਨ੍ਹਾਂ ਨੂੰ ਲਿਖਤੀ ਰੂਪ 'ਚ ਦੇਣ ਲਈ ਕਿਹਾ ਤਾਂ ਜੋ ਉਹ ਇਸ ਮਾਮਲੇ ਨੂੰ ਸੂਬਾ ਸਰਕਾਰ ਪੱਧਰ 'ਤੇ ਉਠਾ ਸਕਣ।
