ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਤੱਕ ਐਲੀਵੇਟਿਡ ਸੜਕ ਲਗਭਗ ਤਿਆਰ, ਖਰਾਬ ਮੌਸਮ ਕਾਰਨ ਹੋਈ ਦੇਰੀ: ਐਮ.ਪੀ ਅਰੋੜਾ.
ਪ੍ਰੈਸ ਨੋਟ
ਲੁਧਿਆਣਾ, 25 ਜਨਵਰੀ (ਕੁਨਾਲ ਜੇਤਲੀ) - ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਰੋਲਨੀਆ ਦੇ ਨਾਲ ਚੱਲ ਰਹੇ ਨਿਰਮਾਣ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਭਾਰਤ ਨਗਰ ਚੌਂਕ ਅਤੇ ਬੱਸ ਸਟੈਂਡ ਦੇ ਵਿਚਕਾਰ ਐਲੀਵੇਟਿਡ ਰੋਡ ਦਾ ਦੌਰਾ ਕੀਤਾ।
ਰੋਲਨੀਆ ਨੇ ਅਰੋੜਾ ਨੂੰ ਦੱਸਿਆ ਕਿ ਕੰਮ ਪੂਰਾ ਹੋਣ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਕਰੀਬ 1.5 ਕਿਲੋਮੀਟਰ ਏਰੀਆ 'ਤੇ ਬਿਟੂਮਿਨਸ ਦਾ ਕੰਮ ਪੈਂਡਿੰਗ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਜਲਦੀ ਤੋਂ ਜਲਦੀ ਕੰਮ ਨੂੰ ਪੂਰਾ ਕਰਨ ਲਈ ਤਿਆਰ ਹਨ ਅਤੇ ਉਹ ਕੰਮ ਸ਼ੁਰੂ ਕਰਨ ਅਤੇ ਪੂਰਾ ਕਰਨ ਲਈ ਸਾਫ਼ ਮੌਸਮ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਠੰਢ ਦੇ ਮੌਸਮ ਕਾਰਨ ਫਿਲਹਾਲ ਪ੍ਰੀਮਿਕਸ ਕਾਰਪੇਟਿੰਗ ਨਹੀਂ ਕੀਤੀ ਜਾ ਸਕਦੀ। ਮੌਸਮ ਠੀਕ ਹੁੰਦੇ ਹੀ ਸੜਕ ਪੰਜ ਦਿਨਾਂ ਵਿੱਚ ਚਾਲੂ ਹੋ ਜਾਵੇਗੀ।
ਅਰੋੜਾ ਨੇ ਆਸ ਪ੍ਰਗਟਾਈ ਕਿ ਐਲੀਵੇਟਿਡ ਰੋਡ ਦੇ ਇਸ ਹਿੱਸੇ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਹਿਸੂਸ ਹੋਵੇਗੀ। ਰੋਲਾਨੀਆ ਨੇ ਅੱਗੇ ਦੱਸਿਆ ਕਿ ਪਹਿਲਾਂ ਉਹ ਗਣਤੰਤਰ ਦਿਵਸ ਤੱਕ ਇਸ ਮਾਰਗ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਦੀ ਉਮੀਦ ਕਰ ਰਹੇ ਸਨ। ਅੱਜ ਵੀ ਸੰਘਣੀ ਧੁੰਦ ਛਾਈ ਹੋਈ ਸੀ।