ਡੀ.ਸੀ. ਸਾਕਸ਼ੀ ਸਾਹਨੀ ਜਾਮਾ ਮਸਜਿਦ, ਦੁਰਗਾ ਮਾਤਾ ਮੰਦਿਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ.
ਲੁਧਿਆਣਾ,30 ਜਨਵਰੀ (ਕੁਨਾਲ ਜੇਤਲੀ) - ਡਿਪਟੀ ਕਮਿਸ਼ਨਰ ਲੁਧਿਆਣਾ ਵਜੋਂ ਅਹੁਦੇ ਦਾ ਕਾਰਜ ਸੰਭਾਲਣ ਉਪਰੰਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਜਗਰਾਓਂ ਪੁਲ ਨੇੜੇ ਸ਼੍ਰੀ ਦੁਰਗਾ ਮਾਤਾ ਮੰਦਰ, ਜਾਮਾ ਮਸਜਿਦ ਅਤੇ ਫੀਲਡ ਗੰਜ ਸਥਿਤ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ।
ਜਾਮਾ ਮਸਜਿਦ ਪਹੁੰਚਣ 'ਤੇ ਡੀ.ਸੀ. ਸਾਹਿਬਾ ਦਾ ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਲੁਧਿਆਣਵੀ ਵੱਲੋਂ ਸਵਾਗਤ ਕੀਤਾ ਗਿਆ। ਸ਼ਾਹੀ ਇਮਾਮ ਸਾਹਿਬ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਆਪਣੇ ਦੁਆਰਾ ਲਿਖਿਤ ਪੁਸਤਕ 'ਲੁਧਿਆਣੇ ਦਾ ਇਤਿਹਾਸ' ਵੀ ਭੇਂਟ ਕੀਤੀ। ਡਿਪਟੀ ਕਮਿਸ਼ਨਰ ਸਾਹਿਬ ਨੇ ਪੁਸਤਕ ਵਿੱਚ ਪੂਰੀ ਦਿਲਚਸਪੀ ਪ੍ਰਗਟ ਕਰਦਿਆਂ ਇਸਨੂੰ ਇੱਕ ਇਤਿਹਾਸਿਕ ਦਸਤਾਵੇਜ਼ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਾਜ਼ੀ ਮੁਹੰਮਦ ਮੁਸਤਕੀਮ ਲੁਧਿਆਣਵੀ ਵੀ ਮੌਜੂਦ ਸਨ।
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਡੀ.ਸੀ. ਸਾਕਸ਼ੀ ਸਾਹਨੀ ਨੂੰ ਬਾਅਦ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਸ. ਪ੍ਰਿਤਪਾਲ ਸਿੰਘ ਵੱਲੋਂ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਮੈਡਮ ਸਾਕਸ਼ੀ ਸਾਹਨੀ ਸ੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਵਿਖੇ ਵੀ ਨਤਮਸਤਕ ਹੋਏ। ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਹਰਿਮੋਹਨ ਅਤੇ ਮੰਦਿਰ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸਨਮਾਨਿਤ ਵੀ ਕੀਤਾ ਗਿਆ। ਮੈਡਮ ਸਾਹਨੀ ਨੇ ਲੁਧਿਆਣਾ ਸ਼ਹਿਰ ਦੀ ਧਾਰਮਿਕ ਸਦਭਾਵਨਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸੇ ਸਦਭਾਵਨਾ ਨੂੰ ਬਰਕਰਾਰ ਰੱਖਦਿਆਂ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਬਣਾਈ ਰੱਖਣ ਲਈ ਉਹ ਯਤਨਸ਼ੀਲ ਰਹਿਣਗੇ।
