ਈ.ਡੀ. ਦੀ ਟੀਮ ਨੇ ਦਿੱਤੀ ਲੁਧਿਆਣਾ ਦੀ ਪੇਪਰ ਮਿਲ ਤੇ ਦਬਿਸ਼ .

ਲੁਧਿਆਣਾ (ਕੁਨਾਲ ਜੇਤਲੀ) - ਇੰਫੋਰਸਮੈਂਟ ਡਾਇਰੈਕਟੋਰੇਟ (ਈ ਡੀ)ਦੀ ਟੀਮ ਨੇ ਅੱਜ  ਲੁਧਿਆਣਾ ਸਥਿਤ ਭਾਰਤ ਪੇਪਰਜ਼ ਲਿਮਟਿਡ 'ਤੇ ਛਾਪਾ ਮਾਰਿਆ ਹੈ। ਪੇਪਰਜ਼ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਕਈ ਸੂਬਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਈ ਡੀ ਦੀ ਟੀਮ ਨੇ ਜੰਮੂ-ਕਸ਼ਮੀਰ, ਪੰਜਾਬ ਅਤੇ ਯੂਪੀ 'ਚ 9 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।


ਸਤੰਬਰ 2006 ਵਿੱਚ, ਭਾਰਤ ਪੇਪਰਜ਼ ਲਿਮਿਟੇਡ (BPL) ਨੇ ਜੰਮੂ ਅਤੇ ਲੁਧਿਆਣਾ ਵਿੱਚ ਪੇਪਰ ਬੋਰਡ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਕੀਤੀ। ਕੰਪਨੀ 'ਤੇ ਦੋਸ਼ ਹੈ ਕਿ ਇਸ ਦੇ ਡਾਇਰੈਕਟਰਾਂ ਨੇ ਕਈ ਬੈਂਕਾਂ ਨਾਲ ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਭਾਰਤ ਪੇਪਰਜ਼ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ ਅਤੇ ਅਨਿਲ ਕਸ਼ਯਪ ਹਨ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਈਡੀ ਦੀ ਟੀਮ ਸਵੇਰੇ 7.30 ਵਜੇ ਲੁਧਿਆਣਾ ਦੇ ਭਾਮੀਆਂ ਰੋਡ 'ਤੇ ਸਥਿਤ ਭਾਰਤ ਬਾਕਸ ਫੈਕਟਰੀ ਪਹੁੰਚੀ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਅੱਜ ਦੁਪਹਿਰ ਸਮੇਂ ਫੈਕਟਰੀ ਦੇ ਅਧਿਕਾਰੀਆਂ ਵੱਲੋਂ ਕਈ ਮੁਲਾਜ਼ਮਾਂ ਨੂੰ ਪਿਛਲੇ ਪਾਸੇ ਸ਼ਟਰਾਂ ਤੋਂ ਬਾਹਰ ਕੱਢਿਆ ਗਿਆ।