ਲੁਧਿਆਣਾ 'ਚ ਦਿਨ-ਦਿਹਾੜੇ ਜਵੈਲਰ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ.
*ਗਾਹਕ ਬਣ ਕੇ ਦੁਕਾਨ ਵਿਚ ਵੜੇ ਸਨ ਆਰੋਪੀ ਅਤੇ ਮੁੰਦਰੀ ਲੈ ਕੇ ਭੱਜ ਫਰਾਰ, ਵਿਰੋਧ ਕਰਨ 'ਤੇ ਜਵੈਲਰ 'ਤੇ ਕੀਤਾ ਹਮਲਾ, CCTV ਵੀਡੀਓ ਆਈ ਸਾਹਮਣੇ
ਲੁਧਿਆਣਾ - ਮੋਤੀ ਨਗਰ ਥਾਣਾ ਅਧੀਨ ਪੈਂਦੀ ਲੇਬਰ ਕਾਲੋਨੀ 'ਚ ਦਿਨ ਦਿਹਾੜੇ ਤਿੰਨ ਲੁਟੇਰਿਆਂ ਵੱਲੋਂ ਗਹਿਣਿਆਂ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਦੋ ਬਦਮਾਸ਼ ਦੁਕਾਨ ਦੇ ਅੰਦਰ ਵੜੇ, ਜਦਕਿ ਇਕ ਦੁਕਾਨ ਦੇ ਬਾਹਰ ਹੀ ਰੁਕਿਆ ਰਿਹਾ। ਵਾਰਦਾਤ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ’ਤੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਪੀੜਤ ਜਿਯੂਲਰ ਮੁੰਨਾ ਪ੍ਰਸਾਦ ਨੇ ਦੱਸਿਆ ਕਿ ਦੋ ਮੁਲਜ਼ਮ ਗਾਹਕ ਬਣ ਕੇ ਦੁਕਾਨ ਵਿੱਚ ਦਾਖ਼ਲ ਹੋਏ। ਇਸ ਦੌਰਾਨ ਜਦੋਂ ਮੁਲਜ਼ਮਾਂ ਨੇ ਮੁੰਦਰੀ ਲੈਣੀ ਚਾਹੀ ਤਾਂ ਉਨ੍ਹਾਂ ਵਿਰੋਧ ਕੀਤਾ, ਜਿਨ੍ਹਾਂ ਕੋਲ ਦੇਸੀ ਪਿਸਤੌਲ ਸੀ। ਹਾਲਾਂਕਿ ਉਨ੍ਹਾਂ ਨਾਲ ਝਗੜਾ ਹੋਣ ਕਾਰਨ ਪਿਸਤੌਲ ਦੀ ਗੋਲੀ ਜ਼ਮੀਨ 'ਤੇ ਡਿੱਗ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਕਿਸੇ ਚੀਜ਼ ਨਾਲ ਮਾਰਿਆ ਅਤੇ ਉਨ੍ਹਾਂ ਦਾ ਦੰਦ ਵੀ ਟੁੱਟ ਗਿਆ। ਫਿਰ ਮੁਲਜ਼ਮ ਦੁਕਾਨ ਦੇ ਬਾਹਰ ਖੜੇ ਮੋਟਰਸਾਈਕਲ ਦੇ ਫਰਾਰ ਹੋ ਗਏ, ਜਿਸ ਨੂੰ ਪਹਿਲਾਂ ਹੀ ਤੀਸਰਾ ਆਰੋਪੀ ਸਟਾਰਟ ਕਰਕੇ ਤਿਆਰ ਸੀ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਛੋਟੀਆਂ-ਮੋਟੀਆਂ ਘਟਨਾਵਾਂ ਤੋਂ ਇਲਾਵਾ ਲੁੱਟ-ਖੋਹ ਦੀਆਂ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਇਲਾਕੇ ਵਿੱਚ ਪਹਿਲਾਂ ਕਦੇ ਨਹੀਂ ਵਾਪਰੀਆਂ। ਪੁਲਿਸ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ।
ਮੌਕੇ 'ਤੇ ਪਹੁੰਚੇ ਏ.ਸੀ.ਪੀ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਘਟਨਾ 'ਚ ਕੁੱਲ ਤਿੰਨ ਵਿਅਕਤੀ ਸ਼ਾਮਲ ਸਨ। ਉਨ੍ਹਾਂ ਵਿੱਚੋਂ ਦੋ ਦੁਕਾਨ ਦੇ ਅੰਦਰ ਚਲੇ ਗਏ ਜਦਕਿ ਤੀਜਾ ਬਾਹਰ ਮੌਜੂਦ ਸੀ। ਹਾਲਾਂਕਿ ਉਸ ਨੇ ਪਿਸਤੌਲ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
