ਅਰੋੜਾ ਪੰਜਾਬ ਵਿੱਚ ਆਈਆਈਐਚਟੀ ਖੋਲ੍ਹਣ ਦਾ ਮੁੱਦਾ ਉਠਾਉਣਗੇ ਟੈਕਸਟਾਈਲ ਮੰਤਰਾਲੇ ਕੋਲ.
ਲੁਧਿਆਣਾ, 3 ਫਰਵਰੀ (ਇੰਦਰਜੀਤ) -: ਲੁਧਿਆਣਾ ਵਿੱਚ ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮ ਟੈਕਨਾਲੋਜੀ (ਆਈਆਈਐਚਟੀ) ਖੋਲ੍ਹਣ ਦਾ ਫਿਲਹਾਲ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।
ਇਹ ਪ੍ਰਗਟਾਵਾ ਕੇਂਦਰੀ ਕੱਪੜਾ ਰਾਜ ਮੰਤਰੀ ਦਰਸ਼ਨਾ ਜਰਦੋਸ਼ ਨੇ ਰਾਜ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤਾ। ਅਰੋੜਾ ਨੇ ਲੁਧਿਆਣਾ ਵਿੱਚ ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮ ਟੈਕਨਾਲੋਜੀ ਖੋਲ੍ਹਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਪੁੱਛਿਆ ਸੀ ਕਿਉਂਕਿ ਲੁਧਿਆਣਾ ਐਕਰੀਲਿਕ, ਵੂਲਨ ਨਿਟਵੀਅਰ ਅਤੇ ਹਰ ਤਰ੍ਹਾਂ ਦੇ ਫਾਈਬਰਾਂ ਦੇ ਨਿਰਮਾਣ ਲਈ ਪ੍ਰਮੁੱਖ ਕਲੱਸਟਰਾਂ ਵਿੱਚੋਂ ਇੱਕ ਹੈ, ਪਰ ਹੈਂਡਲੂਮ ਟੈਕਨਾਲੋਜੀ ਦਾ ਕੋਈ ਸੰਸਥਾਨ ਨਹੀਂ ਹੈ।
ਅਰੋੜਾ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਕਿਹਾ ਕਿ ਟੈਕਸਟਾਈਲ ਮੰਤਰਾਲੇ ਦੇ ਹੈਂਡਲੂਮ ਡਿਵੈਲਪਮੈਂਟ ਕਮਿਸ਼ਨਰ ਦੇ ਦਫ਼ਤਰ ਦੇ ਪ੍ਰਸ਼ਾਸਨਿਕ ਨਿਯੰਤਰਣ ਅਧੀਨ, 6 ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮ ਟੈਕਨਾਲੋਜੀ (ਆਈਆਈਐਚਟੀ) ਸੇਲਮ (ਤਾਮਿਲਨਾਡੂ), ਵਾਰਾਣਸੀ (ਉੱਤਰ ਪ੍ਰਦੇਸ਼), ਗੁਹਾਟੀ (ਅਸਾਮ), ਜੋਧਪੁਰ (ਰਾਜਸਥਾਨ), ਬਰਗੜ੍ਹ (ਓਡੀਸ਼ਾ) ਅਤੇ ਫੁਲੀਆ, ਸ਼ਾਂਤੀਪੁਰ (ਪੱਛਮੀ ਬੰਗਾਲ) ਵਿੱਚ ਸਥਿਤ ਹੈ।
ਮੰਤਰੀ ਨੇ ਇਹ ਵੀ ਜਵਾਬ ਦਿੱਤਾ ਕਿ ਪੰਜਾਬ ਆਈਆਈਐਚਟੀ, ਜੋਧਪੁਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਪੰਜਾਬ ਲਈ ਡਿਪਲੋਮਾ ਇਨ ਹੈਂਡਲੂਮ ਅਤੇ ਟੈਕਸਟਾਈਲ ਟੈਕਨਾਲੋਜੀ (ਡੀਐਚਟੀਟੀ) ਕੋਰਸ ਲਈ 3 ਸੀਟਾਂ ਉਪਲਬਧ ਹਨ।
ਇਸ ਦੌਰਾਨ ਅਰੋੜਾ ਨੇ ਕਿਹਾ ਕਿ ਉਹ ਕੇਂਦਰ ਨੂੰ ਪੰਜਾਬ ਲਈ ਨਿਰਧਾਰਿਤ ਡਿਪਲੋਮਾ ਇਨ ਹੈਂਡਲੂਮ ਐਂਡ ਟੈਕਸਟਾਈਲ ਟੈਕਨਾਲੋਜੀ (ਡੀਐਚਟੀਟੀ) ਕੋਰਸ ਦੀਆਂ ਸੀਟਾਂ ਵਧਾਉਣ ਦੀ ਅਪੀਲ ਕਰਨਗੇ ਜਾਂ ਲੁਧਿਆਣਾ ਵਿੱਚ ਆਈਆਈਐਚਟੀ ਸਥਾਪਤ ਕਰਨ ਲਈ ਉਪਰਾਲੇ ਕਰਨ ਲਈ ਕਹਿਣਗੇ, ਜੋ ਕਿ ਐਕਰੀਲਿਕ ਅਤੇ ਵੂਲਨ ਨਿਟਵੀਅਰ ਲਈ ਮਸ਼ਹੂਰ ਕਲੱਸਟਰ। ਹੈ ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਏ ਰੇਸ਼ਿਆਂ ਤੋਂ ਹਰ ਕਿਸਮ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਹ ਵੱਖ-ਵੱਖ ਕਾਰੋਬਾਰੀ ਪਰਿਵਾਰਾਂ ਲਈ ਜਾਣੀ ਜਾਂਦੀ ਜਗ੍ਹਾ ਹੈ ਜੋ ਪੀੜ੍ਹੀਆਂ ਤੋਂ ਟੈਕਸਟਾਈਲ ਕਾਰੋਬਾਰ ਵਿੱਚ ਹਨ।