ਹਵਾ, ਪਾਣੀ ਅਤੇ ਮਿੱਟੀ ਬਚਾਉਣ ਦੇ ਸੰਦੇਸ਼ ਨਾਲ ਸਮਾਪਤ ਹੋਇਆ ਤੀਜਾ ਵਾਤਾਵਰਣ ਸੰਭਾਲ ਮੇਲਾ.
*ਬਰਸਾਤ ਦੇ ਬਾਵਜੂਦ ਮੇਲੇ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਨਿਵਾਸੀ ਪੁਹੰਚੇ*
*ਪੀ.ਪੀ.ਸੀ.ਬੀ ਦੇ ਚੇਅਰਮੈਨ ਪ੍ਰੋ.(ਡਾ.) ਆਦਰਸ਼ ਪਾਲ ਵਿਗ, ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਨਗਰ ਨਿਗਮ ਜ਼ੋਨਲ ਕਮਿਸ਼ਨਰ (ਜ਼ੋਨ-ਡੀ) ਜਸਦੇਵ ਸਿੰਘ ਸੇਖੋਂ ਸਮੇਤ ਹੋਰਨਾਂ ਨੇ ਵਸਨੀਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਕੰਮ ਕਰਨ ਦੀ ਕੀਤੀ ਅਪੀਲ*
*ਸੰਸਥਾਵਾਂ, ਗ੍ਰਾਮ ਪੰਚਾਇਤਾਂ, ਵਸਨੀਕਾਂ ਸਮੇਤ ਹੋਰਨਾਂ ਨੂੰ ਵਾਤਾਵਰਨ ਦੀ ਸੰਭਾਲ ਵਿੱਚ ਪਾਏ ਯੋਗਦਾਨ ਲਈ ਲਗਭਗ 5 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ*
ਲੁਧਿਆਣਾ, 4 ਫਰਵਰੀ (ਕੁਨਾਲ ਜੇਤਲੀ) - ਨਗਰ ਨਿਗਮ ਅਤੇ ਸੁਸਾਇਟੀ ਫਾਰ ਕੰਜ਼ਰਵੇਸ਼ਨ ਐਂਡ ਹੀਲਿੰਗ ਆਫ ਐਨਵਾਇਰਮੈਂਟ (ਸੋਚ-ਐਨ.ਜੀ.ਓ) ਦੁਆਰਾ ਆਯੋਜਿਤ ਤੀਜਾ ਵਾਤਾਵਰਣ ਸੰਭਾਲ ਮੇਲਾ - 2024 ਆਉਣ ਵਾਲੀਆਂ ਪੀੜ੍ਹੀਆਂ ਲਈ ਹਵਾ, ਪਾਣੀ ਅਤੇ ਮਿੱਟੀ ਬਚਾਉਣ ਦੇ ਸੰਦੇਸ਼ ਨਾਲ ਐਤਵਾਰ ਨੂੰ ਨਹਿਰੂ ਰੋਜ਼ ਗਾਰਡਨ ਵਿਖੇ ਸਮਾਪਤ ਹੋਇਆ।
ਦੋ ਰੋਜ਼ਾ ਮੇਲੇ ਦੇ ਆਖ਼ਰੀ ਦਿਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਚੇਅਰਮੈਨ ਪ੍ਰੋ.(ਡਾ.) ਆਦਰਸ਼ ਪਾਲ ਵਿਗ, ਪਦਮ ਸ੍ਰੀ ਡਾ.ਸੁਰਜੀਤ ਪਾਤਰ, ਨਗਰ ਨਿਗਮ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਮੇਲੇ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਹੋਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸਮਾਜ ਸੇਵੀ ਸੰਸਥਾ-ਸੋਚ ਦੇ ਸਰਪ੍ਰਸਤ ਬਾਬਾ ਗੁਰਮੀਤ ਸਿੰਘ, ਪ੍ਰਧਾਨ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਸਕੱਤਰ ਡਾ. ਬ੍ਰਿਜ ਮੋਹਨ ਭਾਰਦਵਾਜ ਨੇ ਕਿਹਾ ਕਿ ਐਨ.ਜੀ.ਓ. ਦਾ ਉਦੇਸ਼ ਲੋਕਾਂ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਅਤੇ ਉਨ੍ਹਾਂ ਨੂੰ ਵਾਤਾਵਰਣ ਨਾਲ ਮੁੜ ਜੁੜਨ ਲਈ ਪ੍ਰੇਰਿਤ ਕਰਨਾ ਹੈ। ਇਨ੍ਹਾਂ ਲੀਹਾਂ 'ਤੇ ਕੰਮ ਕਰਦੇ ਹੋਏ ਇਹ ਮੇਲਾ ਵੱਖ-ਵੱਖ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਕੰਪਨੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ, ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਲਈ ਸਾਂਝੇ ਉਪਰਾਲੇ ਕਰ ਸਕੀਏ।
ਮੇਲੇ ਦੌਰਾਨ ਵੱਖ-ਵੱਖ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਾਇੰਸ ਮਾਡਲ ਲਗਾਏ ਗਏ। ਇਸੇ ਤਰ੍ਹਾਂ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਵੀ ਜਾਗਰੂਕਤਾ ਫੈਲਾਉਣ ਦੇ ਉਪਰਾਲੇ ਕੀਤੇ ਗਏ। ਵਰਮੀ ਕੰਪੋਸਟ, ਬੋਨਸਾਈ ਆਦਿ 'ਤੇ ਲਾਈਵ ਵਰਕਸ਼ਾਪ ਵੀ ਲਗਾਈ ਗਈ, ਜਿਸ ਨਾਲ ਲੋਕਾਂ ਨੂੰ ਵਾਤਾਵਰਣ ਨਾਲ ਸਬੰਧਤ ਚੁਣੌਤੀਆਂ ਦੇ ਹੱਲ ਲਈ ਕੁਝ ਵਿਕਲਪ ਮਿਲੇ।
ਲੱਖੇਵਾਲੀ ਅਤੇ ਭਾਰਦਵਾਜ ਨੇ ਦੱਸਿਆ ਕਿ ਐਤਵਾਰ ਨੂੰ ਹੋਈ ਬਰਸਾਤ ਦੇ ਬਾਵਜੂਦ ਲੋਕਾਂ ਨੇ ਵੱਡੀ ਗਿਣਤੀ ਵਿੱਚ ਮੇਲੇ ਵਿੱਚ ਪਹੁੰਚ ਕੀਤੀ ਅਤੇ ਉਨ੍ਹਾਂ ਦਾ ਇਹ ਉਤਸ਼ਾਹ ਸ਼ਲਾਘਾਯੋਗ ਹੈ। ਲੋਕਾਂ ਵੱਲੋਂ ਮਿਲੇ ਇਸ ਹੁੰਗਾਰੇ ਨੇ ਉਨ੍ਹਾਂ ਨੂੰ ਵਾਤਾਵਰਣ ਨੂੰ ਬਚਾਉਣ ਦੇ ਵਿਚਾਰ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਹੈ।
ਪੀ.ਪੀ.ਸੀ.ਬੀ ਦੇ ਚੇਅਰਮੈਨ ਪ੍ਰੋ. (ਡਾ.) ਆਦਰਸ਼ ਪਾਲ ਵਿਗ ਨੇ ਵੀ ਵੱਖ-ਵੱਖ ਸੰਸਥਾਵਾਂ, ਜੋ ਕਿ ਵਾਤਾਵਰਣ ਦੀ ਸੰਭਾਲ ਲਈ ਕੰਮ ਕਰ ਰਹੀਆਂ ਹਨ, ਨੂੰ ਇੱਕ ਛੱਤ ਹੇਠਾਂ ਇਕੱਠੇ ਕਰਨ ਲਈ ਸੋਚ ਐਨ.ਜੀ.ਓ ਦੀ ਸ਼ਲਾਘਾ ਕੀਤੀ।
ਮੇਲੇ ਦੌਰਾਨ ਲਗਾਏ ਗਏ ਵੱਖ-ਵੱਖ ਸਟਾਲਾਂ, ਖਾਸ ਤੌਰ 'ਤੇ ਪਰਾਲੀ ਦੇ ਪ੍ਰਬੰਧਨ ਅਤੇ ਪਲਾਸਟਿਕ ਦੇ ਵਿਕਲਪਾਂ ਬਾਰੇ, ਨੇ ਵੀ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ। ਇਹ ਉਨ੍ਹਾਂ ਲੋਕਾਂ ਲਈ ਵੀ ਲਾਹੇਵੰਦ ਹੈ ਜੋ ਵਾਤਾਵਰਨ ਦੀ ਸੰਭਾਲ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਵੀ ਲੱਭ ਰਹੇ ਹਨ।
ਉਘੇ ਪੰਜਾਬੀ ਕਵੀ ਪਦਮ ਸ੍ਰੀ ਡਾ.ਸੁਰਜੀਤ ਪਾਤਰ ਨੇ ਇਸ ਮੌਕੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਹਵਾ, ਪਾਣੀ ਅਤੇ ਧਰਤੀ ਨੂੰ ਸਾਫ਼ ਰੱਖਣਾ ਚਾਹੀਦਾ ਹੈ।
ਨਗਰ ਨਿਗਮ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਸਾਡੇ ਵਿਰਾਸਤੀ ਰੁੱਖਾਂ ਅਤੇ ਉਨ੍ਹਾਂ ਦੇ ਫਾਇਦਿਆਂ ਸਬੰਧੀ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਇਸੇ ਤਰ੍ਹਾਂ ਪਰਾਲੀ ਅਤੇ ਰਸੋਈ ਦੇ ਕੂੜੇ ਦੇ ਪ੍ਰਬੰਧਨ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਮੇਲੇ ਦੌਰਾਨ ਵੇਸਟ ਮਟੀਰੀਅਲ ਦੀ ਵਰਤੋਂ ਕਰਕੇ ਵੱਖ-ਵੱਖ ਵਸਤੂਆਂ ਤਿਆਰ ਕਰਨ ਸਬੰਧੀ ਵੀ ਵੱਖ-ਵੱਖ ਵਿਚਾਰ ਸਾਂਝੇ ਕੀਤੇ ਗਏ।
ਇਸ ਮੇਲੇ ਦਾ ਉਦੇਸ਼ ਵਾਤਾਵਰਣ ਦੀ ਸੰਭਾਲ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਵਿਰਾਸਤੀ ਰੁੱਖ ਲਗਾਉਣਾ, ਪਾਣੀ ਦੀ ਸੰਭਾਲ, ਮਿੱਟੀ ਦੀ ਸੰਭਾਲ, ਜੈਵਿਕ ਘਰੇਲੂ ਬਗੀਚੀ, ਕੂੜਾ ਦੇ ਪ੍ਰਬੰਧਨ ਅਤੇ ਖਾਦ, ਪ੍ਰਦੂਸ਼ਣ ਰਹਿਤ ਵਾਹਨ, ਹਵਾ ਪ੍ਰਦੂਸ਼ਣ ਵਿੱਚ ਕਮੀ, ਸ਼ੋਰ ਪ੍ਰਦੂਸ਼ਣ, ਊਰਜਾ ਸੰਭਾਲ, ਸੂਰਜੀ ਊਰਜਾ, ਸਿਹਤਮੰਦ ਜੀਵਨ ਸ਼ੈਲੀ ਅਤੇ ਮਨੁੱਖੀ ਸਿਹਤ ਨੂੰ ਉਜਾਗਰ ਕਰਨਾ ਸੀ।
ਇਸ ਮੌਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸੰਸਥਾਵਾਂ, ਗ੍ਰਾਮ ਪੰਚਾਇਤਾਂ ਆਦਿ ਨੂੰ ਕਰੀਬ 5 ਲੱਖ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਡੇਰਾ ਬਾਬਾ ਦਇਆ ਰਾਮ ਸਪੋਰਟਸ ਐਂਡ ਵੈਲਫੇਅਰ ਕਲੱਬ ਕੋਟਧਰਮੂ ਨੂੰ ਪੁਰਾਣਾ ਝਿੜੀ (ਗ੍ਰਾਮ ਪੰਚਾਇਤ) ਐਵਾਰਡ ਤਹਿਤ 1 ਲੱਖ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
'ਜਹਾਂ ਸਫ਼ਾਈ ਵਹਾਂ ਖੁਦਾਈ' (ਗ੍ਰਾਮ ਪੰਚਾਇਤ) ਐਵਾਰਡ ਤਹਿਤ ਗ੍ਰਾਮ ਪੰਚਾਇਤ ਮੋਹੀ ਕਲਾਂ, ਪਟਿਆਲਾ ਨੂੰ 75000 ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਵਾਈਲਡ ਲਾਈਫ ਪ੍ਰੋਟੈਕਸ਼ਨ ਐਵਾਰਡ ਤਹਿਤ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਕਰਮਚਾਰੀਆਂ ਨੂੰ 50,000 ਰੁਪਏ ਦੀਆਂ ਵਸਤੂਆਂ ਜਿਵੇਂ ਕਿ ਟਾਰਚ, ਕਾਠੀ, ਜੈਕਟ, ਜੁੱਤੀਆਂ ਆਦਿ ਦਿੱਤੀਆਂ ਗਈਆਂ। ਜੈਵਿਕ ਖੇਤੀ (ਵਿਅਕਤੀਗਤ ਵਿਸ਼ੇਸ਼) ਵਿੱਚ ਬਹਾਵਲਪੁਰ, ਪਟਿਆਲਾ ਤੋਂ ਗੁਰਮੀਤ ਸਿੰਘ ਨੂੰ 50000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਟੇਰੇਸ ਗਾਰਡਨ (ਵਿਅਕਤੀਗਤ ਵਿਸ਼ੇਸ਼) ਤਹਿਤ ਤਲਵੰਡੀ ਚੌਧਰੀਆਂ, ਕਪੂਰਥਲਾ ਦੀ ਮਨਿੰਦਰਜੀਤ ਕੌਰ ਨੂੰ 25,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਗਰੀਨ ਕੈਂਪਸ ਵਾਲੇ ਕੈਟਾਗਰੀ ਵਿੱਚ ਸਰਕਾਰੀ ਕਾਲਜ, ਪੰਜਾਬ ਯੂਨੀਵਰਸਿਟੀ ਕਡਿਆਲ, ਧਰਮਕੋਟ ਨੂੰ 25000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪ੍ਰਾਈਵੇਟ ਕਾਲਜ ਵਰਗ ਵਿੱਚ ਗਰਲਜ਼ ਕਾਲਜ, ਜਲੰਧਰ ਨੂੰ 25000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਵਾਤਾਵਰਣ ਅਨੁਕੂਲ ਮਾਡਲ (ਸਰਕਾਰੀ ਸਕੂਲ ਵਰਗ) ਤਹਿਤ ਕ੍ਰਮਵਾਰ 10,000, 8,000 ਅਤੇ 5,000 ਰੁਪਏ ਦਾ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਗਿਆ। ਵਾਤਾਵਰਨ ਅਨੁਕੂਲ ਮਾਡਲ ਵਾਲੇ ਪ੍ਰਾਈਵੇਟ ਸਕੂਲਾਂ ਦੀ ਸ਼੍ਰੇਣੀ ਤਹਿਤ 10,000 ਰੁਪਏ ਦਾ ਪਹਿਲਾ ਇਨਾਮ ਡੀ.ਏ.ਵੀ ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਨੂੰ ਦਿੱਤਾ ਗਿਆ। 8,000 ਰੁਪਏ ਦਾ ਦੂਜਾ ਇਨਾਮ ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਸਿਵਲ ਲਾਈਨ, ਲੁਧਿਆਣਾ ਨੂੰ ਅਤੇ 5,000 ਰੁਪਏ ਦਾ ਤੀਜਾ ਇਨਾਮ ਬੀ.ਸੀ.ਐਮ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਬੀ.ਸੀ.ਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੂੰ ਦਿੱਤਾ ਗਿਆ।
ਵਾਤਾਵਰਨ ਸੁਰੱਖਿਆ ਸਬੰਧੀ ਲਘੂ ਫ਼ਿਲਮ ਦੀ ਸ਼੍ਰੇਣੀ ਤਹਿਤ ਲੁਧਿਆਣਾ ਦੇ ਦੀਪਾਂਸ਼ੂ ਜੈਨ ਨੂੰ 20000 ਰੁਪਏ ਦਾ ਪਹਿਲਾ ਇਨਾਮ ਦਿੱਤਾ ਗਿਆ। 15,000 ਰੁਪਏ ਦਾ ਦੂਜਾ ਇਨਾਮ ਲੁਧਿਆਣਾ ਦੇ ਪਿਯੂਸ਼ ਢੀਂਗਰਾ ਨੂੰ ਅਤੇ ਤੀਜਾ 10,000 ਰੁਪਏ ਦਾ ਇਨਾਮ ਗੁਰਨੂਰ ਕੌਰ ਅਤੇ ਟੀਮ ਨੂੰ ਦਿੱਤਾ ਗਿਆ।
ਵਾਤਾਵਰਨ ਵਿਸ਼ੇ 'ਤੇ ਫੋਟੋਗ੍ਰਾਫੀ ਲਈ 10,000 ਰੁਪਏ ਦਾ ਪਹਿਲਾ ਇਨਾਮ ਅੰਮ੍ਰਿਤਸਰ ਦੇ ਸੰਜੀਵ ਕੁਮਾਰ ਨੂੰ ਦਿੱਤਾ ਗਿਆ। 8,000 ਰੁਪਏ ਦਾ ਦੂਜਾ ਇਨਾਮ ਲੁਧਿਆਣਾ ਦੇ ਅਰਨਵ ਦੂਆ ਅਤੇ 5,000 ਰੁਪਏ ਦਾ ਤੀਜਾ ਇਨਾਮ ਸੈਦਪੁਰ, ਮੋਹਾਲੀ ਦੇ ਹਰਦੀਪ ਸਿੰਘ ਨੂੰ ਦਿੱਤਾ ਗਿਆ।
ਡਾ. ਮਨੀਸ਼ ਕਪੂਰ, ਤਨਪ੍ਰੀਤ ਸਿੰਘ ਸਿੱਧੂ, ਤੋਤਾ ਸਿੰਘ, ਡਾ. ਮਨਮੀਤ ਮਾਨਵ, ਅਮਰਜੀਤ ਸਿੰਘ, ਚਰਨਦੀਪ ਸਿੰਘ, ਰਾਹੁਲ ਕੁਮਾਰ, ਵਿਕਾਸ ਸ਼ਰਮਾ, ਸਰਬਜੀਤ ਕੌਰ, ਅਦਾਕਾਰ ਸ਼ਵਿੰਦਰ ਮਾਹਲ, ਰਾਜ ਧਾਲੀਵਾਲ, ਮਲਕੀਤ ਸਿੰਘ ਰੌਣੀ, ਕਰਮਜੀਤ ਅਨਮੋਲ, ਭਾਰਤ ਭੂਸ਼ਣ ਵਰਮਾ, ਮੈਂਡੀ ਗਿੱਲ ਸਮੇਤ ਹੋਰਨਾਂ ਨੇ ਵੀ ਮੇਲੇ ਦੇ ਆਖਰੀ ਦਿਨ ਸ਼ਿਰਕਤ ਕੀਤੀ।
