ਅਹਿਰਾਰ ਫਾਊੰਡੇਸ਼ਨ ਵੱਲੋਂ ਹਬੀਬ ਚੈਰੀਟੇਬਲ ਡਿਸਪੈਂਸਰੀ ਦੀ ਸਥਾਪਨਾ, ਵਿਧਾਇਕ ਅਸ਼ੋਕ ਪਰਾਸ਼ਰ ਅਤੇ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਨੇ ਕੀਤਾ ਉਦਘਾਟਨ.

 

ਲੁਧਿਆਣਾ, 5 ਫਰਵਰੀ (ਕੁਨਾਲ ਜੇਤਲੀ) : ਅੱਜ ਇੱਥੇ ਫੀਲਡਗੰਜ ਦੇ ਕੂਚਾ ਨੰਬਰ-10 ਵਿਖੇ ਮਸਜਿਦ ਹਬੀਬ ਦੀ ਇਮਾਰਤ 'ਚ ਅਹਿਰਾਰ ਫਾਊੰਡੇਸ਼ਨ ਵੱਲੋਂ ਹਬੀਬ ਚੈਰੀਟੇਬਲ ਡਿਸਪੈਂਸਰੀ ਦੀ ਸਥਾਪਨਾ ਕੀਤੀ ਗਈ | 

ਡਿਸਪੈਂਸਰੀ ਦਾ ਉਦਘਾਟਨ ਹਲਕਾ ਸੈਂਟਰਲ ਦੇ ਵਿਧਾਇਕ ਸ਼੍ਰੀ ਅਸ਼ੋਕ ਪਰਾਸ਼ਰ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਕੀਤਾ | 

ਇਸ ਮੌਕੇ 'ਤੇ ਅਹਿਰਾਰ ਫਾਊੰਡੇਸ਼ਨ ਦੇ ਚੇਅਰਮੈਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਦੱਸਿਆ ਕਿ ਇਹ ਚੈਰੀਟੇਬਲ ਡਿਸਪੈਂਸਰੀ ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਦੀ ਯਾਦ 'ਚ ਬਣਾਈ ਗਈ ਹੈ ਤਾਂ ਕਿ ਇੱਥੇ ਜਰੂਰਤਮੰਦ ਲੋਕਾਂ ਨੂੰ ਮੁਫ਼ਤ ਦਵਾਈ ਦਿੱਤੀ ਜਾ ਸਕੇ | 

ਸ਼ਾਹੀ ਇਮਾਮ ਨੇ ਦੱਸਿਆ ਕਿ ਇਸ ਡਿਸਪੈਂਸਰੀ 'ਚ ਰੋਜਾਨਾ ਹੋਮਿ�"ਪੈਥਿਕ, ਐਲੋਪੈਥਿਕ ਅਤੇ ਹੱਡੀਆਂ ਦੇ ਡਾਕਟਰ ਬੈਠਣਗੇ | ਉਹਨਾਂ ਦੱਸਿਆ ਕਿ ਅਹਿਰਾਰ ਫਾਊੰਡੇਸ਼ਨ ਵੱਲੋਂ ਜਿੱਥੇ ਹੋਰ ਵਧੇਰੇ ਸਮਾਜਿਕ ਕੰਮ ਕੀਤੇ ਜਾ ਰਹੇ ਹਨ ਉਥੇ ਕੁੜੀਆਂ ਲਈ ਹਬੀਬ ਗਰਲਜ਼ ਕਾਲਜ ਵੀ ਬਣਾਇਆ ਜਾ ਰਿਹਾ ਹੈ, ਮੁਫ਼ਤ ਕੰਪਿਊਟਰ ਸੈਂਟਰ ਚਲਾਇਆ ਜਾ ਰਿਹਾ ਹੈ ਅਤੇ ਕਈ ਦਰਜਨ ਮਸਜਿਦਾਂ 'ਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ | 

ਵਿਧਾਇਕ ਸ਼੍ਰੀ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਹਬੀਬ ਚੈਰੀਟੇਬਲ ਡਿਸਪੈਂਸਰੀ ਦੀ ਸਥਾਪਨਾ ਲਈ ਅਹਿਰਾਰ ਫਾਉਂਡੇਸ਼ਨ ਵਧਾਈ ਦੀ ਪਾਤਰ ਹੈ | ਉਹਨਾਂ ਕਿਹਾ ਕਿ ਮਰਹੂਮ ਵੱਡੇ ਭਰਾ ਮੌਲਾਨਾ ਹਬੀਬ ਉਰ ਰਹਿਮਾਨ ਤੋਂ ਬਾਅਦ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚਲਦੇ ਹੋਏ ਸਮਾਜ ਅਤੇ ਦੇਸ਼ ਦੀ ਸੇਵਾ ਕਰ ਰਹੇ ਹਨ | ਸ਼੍ਰੀ ਪਰਾਸ਼ਰ ਨੇ ਕਿਹਾ ਕਿ ਇਹਨਾਂ ਵੱਲੋਂ ਆਏ ਦਿਨ ਕੀਤੇ ਜਾਂਦੇ ਸਮਾਜਿਕ ਕੰਮਾਂ ਨਾਲ ਭਾਈਚਾਰਾ ਮਜਬੂਤ ਹੁੰਦਾ ਹੈ | ਉਹਨਾਂ ਕਿਹਾ ਕਿ ਅਸੀਂ ਸੱਭ ਇੱਕ ਹੀ ਪਰਿਵਾਰ ਹਾਂ ਅਤੇ ਪੰਜਾਬ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖਣ ਲਈ ਸਮਾਜਿਕ ਕੰਮ ਕਰਦੇ ਰਹਾਂਗੇਂ | 

ਇਸ ਮੌਕੇ 'ਤੇ ਗਾਜ਼ੀ ਮੁਹੰਮਦ ਮੁਸਤਕੀਮ ਤੋਂ ਇਲਾਵਾ ਸ਼ਹਿਰ ਦੀਆਂ ਕਈ ਮਸਜਿਦਾਂ ਦੇ ਮੌਲਵੀ ਸਾਹਿਬ, ਪ੍ਰਧਾਨ ਅਤੇ ਲੀਡਰ ਵਿਸ਼ੇਸ਼ ਤੌਰ 'ਤੇ ਮੋਜੂਦ ਸਨ |