ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ ਮੁਆਵਜ਼ੇ ਦੀ ਤੁਰੰਤ ਅਦਾਇਗੀ ਦੀ ਕੀਤੀ.
ਲੁਧਿਆਣਾ (ਇੰਦਰਜੀਤ) : ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜਿਵੇਂ ਕਿ ਮੌਸਮ ਵਿਭਾਗ ਨੇ ਮੌਸਮ ਸਬੰਧੀ ਭਵਿੱਖਵਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਧੁੱਪਾਂ ਲੱਗਣ ਨਾਲ ਦਿਨ ਖੁੱਲ ਜਾਣਗੇ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ।
ਉਪਰੋਕਤ ਭਵਿੱਖਵਾਣੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਕਿਹਾ ਕਿ ਉਪਰੋਕਤ ਹਾਲਾਤਾਂ ਨੂੰ ਵੇਖਦੇ ਹੋਏ ਕਣਕਾਂ ਦੀ ਫਸਲਾਂ ਨੂੰ ਪਾਣੀ ਦੀ ਬਹੁਤ ਜਿਆਦਾ ਲੋੜ ਹੋਵੇਗੀ, ਇਸ ਕਰਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਖੇਤਾਂ ਵਿੱਚ ਘੱਟੋ ਘੱਟ 10 ਘੰਟੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਫਸਲਾਂ ਨੂੰ ਪਾਣੀ ਲਗਾਉਣ ਵਿੱਚ ਮਹਿੰਗੇ ਡੀਜ਼ਲ ਤੇ ਨਿਰਭਰ ਨਾ ਹੋਣਾ ਪਾਵੇ। ਕਿਉਂਕਿ ਇਸ ਨਾਲ ਜਿੱਥੇ ਵਾਤਾਵਰਣ ਨੂੰ ਹਾਨੀ ਹੁੰਦੀ ਹੈ ਉਥੇ ਹੀ ਮਾਲੀ ਤੌਰ ਤੇ ਕਿਸਾਨਾਂ ਲਈ ਇਹ ਇਕ ਬਹੁਤ ਵੱਡਾ ਬੋਝ ਹੁੰਦਾ ਹੈ।
ਉਹਨਾਂ ਅੱਗੇ ਕਿਹਾ ਕਿ ਕਿਸਾਨ ਆਪਣੀ ਫਸਲ ਬਚਾਉਣ ਲਈ ਕਈ ਵਾਰੀ ਤਾਂ ਕਰਜ਼ਾ ਚੁੱਕ ਕੇ ਵੀ ਖੇਤੀ ਬਾੜੀ ਕਰਦੇ ਹਨ ਇਸ ਕਰਕੇ ਖੇਤੀਬਾੜੀ ਇਹ ਲਾਹੇਵੰਦ ਧੰਦਾ ਨਹੀ ਹੈ। ਉਹ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਖੇਤਾਂ ਵਿੱਚ 10 ਘੰਟੇ ਬਿਜਲੀ ਨੂੰ ਯਕੀਨੀ ਬਣਾਉਣ ਲਈ ਇਕ ਵਾਰ ਫਿਰ ਤੇ ਅਪੀਲ ਕਰਦੇ ਹਨ।
ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਕਿਸਾਨੀ ਇੱਕ ਲਾਹੇਵੰਦ ਧੰਦਾ ਨਹੀ ਰਿਹਾ ਹੈ। ਕਿਸਾਨੀ ਉਲਟ ਘਾਟੇ ਦਾ ਸੌਦਾ ਸਿੱਧ ਹੋ ਰਹੀ ਹੈ। ਪੰਜਾਬ ਦਾ ਕਿਸਾਨ ਪਹਿਲਾਂ ਤੋ ਹੀ ਕਰਜੇ ਦੇ ਜਾਲ ਵਿੱਚ ਜਕੜਿਆ ਹੋਇਆ ਹੈ ਅਤੇ ਕਿਸਾਨੀ ਕਰਜੇ ਬਾਬਤ ਨਾ ਇਸ ਬਜਟ ਵਿੱਚ ਕੋਈ ਗੱਲ ਕੀਤੀ ਗਈ ਹੈ ਅਤੇ ਨਾ ਹੀ ਇਸ ਸਬੰਧੀ ਕਿਸੇ ਵੀ ਕਿਸਮ ਦੀ ਸਹੂਲਤ ਕਿਸਾਨ ਨੂੰ ਨਹੀ ਪ੍ਰਦਾਨ ਕੀਤੀ ਗਈ ਹੈ।
ਉਹਨਾਂ ਨੇ ਅੱਗੇ ਬੋਲਦਿਆ ਕਿਹਾ ਕਿ ਪੰਜਾਬ ਸਰਕਾਰ ਪਿਛਲੇ 2 ਸਾਲ ਪਹਿਲਾਂ ਜੋ ਲੰਪੀ ਸਕਿਨ ਦੀ ਬਿਮਾਰੀ ਨਾਲ ਗਾਵਾਂ ਦੀ ਮੌਤ ਹੋਈ ਸੀ ਉਹਨਾਂ ਦਾ ਮੁਆਵਜਾ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਨਹੀ ਦਿੱਤਾ ਹੈ ਅਤੇ ਇਸ ਦੇ ਨਾਲ ਨਾਲ ਪਿਛਲੇ ਦਿਨੀਂ ਆਏ ਹੜ੍ਹਾ ਵਿੱਚ ਕਿਸਾਨਾਂ ਦੀ ਖੜੀ ਫਸਲ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਮੁਆਵਜਾ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਹੀ ਦਿੱਤਾ ਹੈ।
ਉਹਨਾਂ ਨੇ ਅੱਗੇ ਬੋਲਦਿਆ ਕਿਹਾ ਕਿ ਉਪਰੋਕਤ ਮੁਆਵਜੇ ਦੀ ਬਣਦੀ ਉਚਿੱਤ ਰਕਮ ਪੰਜਾਬ ਸਰਕਾਰ ਨੂੰ ਜਲਦੀ ਤੋ ਜਲਦੀ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਤੇ ਵਾਧੂ ਮਾਲੀ ਬੋਝ ਨਾ ਪਾਵੇ।