ਡੀ.ਸੀ. ਸਾਕਸ਼ੀ ਸਾਹਨੀ ਵਲੋਂ ਡਿਜ਼ੀਟਲ ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ.
*ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਡਿਜ਼ੀਟਲ ਮੋਬਾਇ
*-ਕਿਹਾ! ਵੱਖ-ਵੱਖ 14 ਵਿਧਾਨ ਸਭਾ ਹਲਕਿਆਂ 'ਚ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਕਰਨਗੀਆਂ ਜਾਗਰੂਕ*
*- 8 ਫਰਵਰੀ ਤੋਂ 8 ਮਾਰਚ ਤੱਕ ਚੱਲਣ ਵਾਲੀਆਂ ਜਾਗਰੂਕਤਾਂ ਵੈਨਾਂ 'ਚ ਵੋਟਿੰਗ ਮਸ਼ੀਨ 'ਤੇ ਵੋਟਾਂ ਪਾਉਣ ਦੀ ਵਿਧੀ ਬਾਰੇ ਲਈ ਜਾਵੇ ਜਾਣਕਾਰੀ - ਜ਼ਿਲ੍ਹਾ ਚੋਣ ਅਫ਼ਸਰ*
ਲੁਧਿਆਣਾ, 8 ਫਰਵਰੀ (ਇੰਦਰਜੀਤ) - ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ, ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵਲੋਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ, ਜ਼ਿਲ੍ਹਾ ਲੁਧਿਆਣਾ ਦੀ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਜੀਟਲ ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਹ ਜਾਗਰੂਕਤਾ ਵੈਨਾਂ ਅੱਜ 8 ਫਰਵਰੀ ਤੋਂ 8 ਮਾਰਚ, 2024 ਤੱਕ 30 ਦਿਨਾਂ ਲਈ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਨਿਰਧਾਰਿਤ ਕਾਰਜਕ੍ਰਮ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨਗੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਓਜਸਵੀ ਅਲੰਕਾਰ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਸੀਨੀਆਰ ਅਧਿਕਾਰੀ ਵੀ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਸਾਡਾ ਮੁਲਕ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਡਿਜੀਟਲ ਮੋਬਾਇਲ ਰਾਹੀਂ ਆਮ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਨਾਗਰਿਕਾਂ ਦੀ ਵੋਟ ਨਹੀਂ ਬਣੀ ਹੈ, ਵੋਟ ਕਿਵੇਂ ਪਾਣੀ ਹੈ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਵੈਨ ਈ.ਵੀ.ਐਮ., ਵੀ.ਵੀ.ਪੈਟ, ਐਲ.ਈ.ਡੀ. ਨਾਲ ਲੈਸ ਹੈ ਜੋ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਮੁਹੱਲਿਆਂ ਵਿੱਚ ਜਾਵੇਗੀ। ਆਮ ਲੋਕਾਂ ਵਲੋਂ ਡੈਮੋ ਵੋਟਾਂ ਪਾ ਕੇ ਵੀ ਵੇਖੀਆਂ ਜਾ ਸਕਦੀਆਂ ਹਨ ਐਲ.ਈ.ਡੀ. ਵਿੱਚ ਵੋਟਾਂ ਦੇ ਸਬੰਧ ਵਿੱਚ ਵੀਡੀਓ ਵੀ ਦਿਖਾਈਆਂ ਜਾਣਗੀਆਂ ਜਿਸ ਰਾਹੀਂ ਆਮ ਜਨਤਾ ਨੂੰ ਵੋਟਾਂ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 1950 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਜਾਰੀ ਹੁਕਮਾਂ ਤਹਿਤ ਅੱਜ 08 ਫਰਵਰੀ ਤੋਂ 8 ਮਾਰਚ, 2024 ਤੱਕ 30 ਦਿਨਾਂ ਲਈ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਨਿਰਧਾਰਿਤ ਕਾਰਜਕ੍ਰਮ ਅਨੁਸਾਰ ਇਹ ਡਿਜ਼ੀਟਲ ਮੋਬਾਇਲ ਵੈਨ ਲੋਕਾਂ ਨੂੰ ਜਾਗਰੂਕ ਕਰਨਗੀਆਂ। ਉਨ੍ਹਾਂ ਅੱਗੇ ਦੱਸਿਆ ਕਿ 08 ਅਤੇ 09 ਫਰਵਰੀ ਨੂੰ ਹਲਕਾ 64-ਲੁਧਿਆਣਾ (ਪੱਛਮੀ) ਵਿੱਚ, 10 ਤੋਂ 12 ਫਰਵਰੀ ਨੂੰ ਹਲਕਾ 66-ਗਿੱਲ (ਐਸ.ਸੀ.) 13-14 ਫਰਵਰੀ ਨੂੰ ਹਲਕਾ 61-ਲੁਧਿਆਣਾ (ਦੱਖਣੀ), 15-16 ਫਰਵਰੀ ਨੂੰ ਹਲਕਾ 62-ਆਤਮ ਨਗਰ, 17-18 ਫਰਵਰੀ ਨੂੰ ਹਲਕਾ 63-ਲੁਧਿਆਣਾ (ਕੇਂਦਰੀ), 19-20 ਫਰਵਰੀ ਨੂੰ ਹਲਕਾ 65-ਲੁਧਿਆਣਾ (ਉੱਤਰੀ), 21-23 ਫਰਵਰੀ ਨੂੰ ਹਲਕਾ 59-ਸਾਹਨੇਵਾਲ, 24-25 ਫਰਵਰੀ ਨੂੰ ਹਲਕਾ 60-ਲੁਧਿਆਣਾ (ਪੂਰਬੀ), 26-27 ਫਰਵਰੀ ਨੂੰ ਹਲਕਾ 68-ਦਾਖਾ, 28-29 ਫਰਵਰੀ ਨੂੰ 69-ਰਾਏਕੋਟ (ਐਸ.ਸੀ.), 1-2 ਮਾਰਚ ਨੂੰ ਹਲਕਾ 70-ਜਗਰਾਉਂ (ਐ.ਸੀ.), 3-4 ਮਾਰਚ ਨੂੰ ਹਲਕਾ 67-ਪਾਇਲ (ਐਸ.ਸੀ.), 05-06 ਮਾਰਚ ਹਲਕਾ 57-ਖੰਨਾ ਜਦਕਿ 7 ਅਤੇ 8 ਮਾਰਚ ਨੂੰ ਹਲਕਾ 58-ਸਮਰਾਲਾ ਕਵਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਕਤ ਸ਼ੈਡਿਊਲ ਅਨੁਸਾਰ ਡਿਜੀਟਲ ਮੋਬਾਇਲ ਵੈਨਾਂ ਦੇ ਆਪਦੇ ਹਲਕੇ ਵਿੱਚ ਪਹੁੰਚਣ 'ਤੇ ਵੈਨ ਕੋਲ ਜਾ ਕੇ ਵੋਟਿੰਗ ਮਸ਼ੀਨ 'ਤੇ ਵੋਟਾਂ ਪਾਉਣ ਦੀ ਵਿਧੀ ਅਤੇ ਵੈਨ ਵਿੱਚ ਲੱਗੀ ਐਲ.ਈ.ਡੀ. ਤੋਂ ਚਲਾਈਆਂ ਜਾਣ ਵਾਲੀਆਂ ਵੀਡੀਓਜ ਰਾਹੀਂ ਵੋਟਾਂ ਦੀ ਮਹੱਤਤਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ।