ਗੁਰਜਤਿੰਦਰ ਸਿੰਘ ਰੰਧਾਵਾ ਦੀ ਪੁਸਤਕ 'ਪ੍ਰਵਾਸੀ ਕਸਕ' ਲੋਕ ਅਰਪਨ .
ਲੁਧਿਆਣਾ, 14 ਫਰਵਰੀ (ਇੰਦਰਜੀਤ )- ਅਮਰੀਕਾ ਵੱਸਦੇ
ਉੱਘੇ ਪੰਜਾਬੀ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਦੀ ਪੁਸਤਕ 'ਪ੍ਰਵਾਸੀ ਕਸਕ' ਦਾ ਲੋਕ ਅਰਪਨ ਅੱਜ ਇੱਥੇ ਪੰਜਾਬੀ ਭਵਨ ਵਿਖੇ ਸਾਹਿਤਕ ਅਤੇ ਸਭਿਆਚਾਰਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਹੋਇਆ। ਪੁਸਤਕ ਰਿਲੀਜ਼ ਕਰਨ ਦੀ ਰਸਮ ਅਮਰਜੀਤ ਸਿੰਘ ਟਿੱਕਾ, ਜਨਮੇਜਾ ਸਿੰਘ ਜੌਹਲ, ਕੇ.ਕੇ. ਬਾਵਾ, ਦਰਸ਼ਨ ਸਿੰਘ ਸ਼ੰਕਰ, ਜਗਰੂਪ ਸਿੰਘ ਜਰਖੜ, ਸਤੀਸ਼ ਗੁਲਾਟੀ, ਜਸਮੇਰ ਢੱਟ,
ਪ੍ਰੀਤਮ ਸਿੰਘ ਭਰੋਵਾਲ, ਸੁਖਮਿੰਦਰਪਾਲ ਸਿੰਘ ਗਰਚਾ, ਸਤਿੰਦਰਪਾਲ ਸਿੰਘ ਸਿੱਧਵਾਂ ਤੇ ਅਸ਼ਵਨੀ ਜੇਤਲੀ ਵੱਲੋਂ ਸਾਂਝੇ ਤੌਰ 'ਤੇ ਅਦਾ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਗੁਰਜਤਿੰਦਰ ਸਿੰਘ ਰੰਧਾਵਾ ਦੇ ਪੱਤਕਾਰੀ ਦੇ ਖੇਤਰ ਵਿਚ ਪਿਛਲੇ ਲਗਪਗ ਚਾਰ ਦਹਾਕਿਆਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ, ਉਨ੍ਹਾਂ ਦੀ ਅਜ਼ੀਮ ਸ਼ਖਸੀਅਤ ਅਤੇ ਅਮਰੀਕਾ ਪਰਵਾਸ ਉਪਰੰਤ ਸੈਕਰਾਮੈਂਟੋ ਸ਼ਹਿਰ ਵਿਚ ਰਹਿੰਦਿਆਂ
ਨਿਰੰਤਰ ਸਪਤਾਹਿਕ ਪੰਜਾਬੀ ਅਖਬਾਰ ਅਤੇ ਚੈਨਲ 'ਪੰਜਾਬ ਮੇਲ ਯੂ. ਐਸ. ਏ.' ਰਾਹੀਂ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਬੇਬਾਕ ਰਿਪੋਰਟਾਂ ਛਾਪਣ ਅਤੇ ਪ੍ਰਸਾਰਿਤ ਕਰਨ ਦੇ ਸ਼ਲਾਘਾਯੋਗ ਕਾਰਜ ਬਾਰੇ ਵਿਸਥਾਰਪੂਰਵਕ ਜ਼ਿਕਰ ਕੀਤਾ। ਇਹਨਾਂ ਲਿਖਤਾਂ ਵਿਚ ਪੰਜਾਬੀਆਂ ਦੀਆਂ ਸਮਸਿਆਵਾਂ ਤੇ ਜਦੋ-ਜਹਿਦ, ਉਨ੍ਹਾਂ ਦੇ ਸਮਾਧਾਨ ਬਾਰੇ ਲੇਖਕ ਦੀ ਸੰਜੀਦਗੀ ਤੇ ਪ੍ਰਤੀਬੱਧਤਾ ਦੀ ਉਭਰਦੀ ਹੈ। ਤਸਵੀਰ
'ਪ੍ਰਵਾਸੀ ਕਸਕ' ਬਾਰੇ ਬੋਲਦਿਆਂ ਪੁਸਤਕ ਦੇ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਵਿਚ ਉਹਨਾਂ ਵੱਲੋਂ ਅਖ਼ਬਾਰ ਵਿਚ ਲਿਖੀਆਂ ਸੰਪਾਦਕੀਆਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ। ਇਹ ਇਸ ਲੜੀ ਦੀ ਉਹਨਾਂ ਵੱਲੋਂ ਸਮੇਂ ਸਮੇਂ ਲਿਖੀਆਂ ਸੰਪਾਦਕੀਆਂ ਦੀ ਸੱਤਵੀਂ ਪੁਸਤਕ ਹੈ। ਉਨ੍ਹਾਂ 1986 ਵਿੱਚ ਪੰਜਾਬ ਰਹਿੰਦਿਆਂ ਸ਼ੁਰੂ ਕੀਤੇ ਪੱਤਰਕਾਰੀ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਅਮਰੀਕਾ ਜਾ ਕੇ 'ਪੰਜਾਬ ਮਹਾਨ' ਅਖ਼ਬਾਰ ਸ਼ੁਰੂ ਕੀਤਾ, ਜੋ ਉਹ ਪਹਿਲਾਂ ਲੁਧਿਆਣਾ ਰਹਿੰਦਿਆਂ ਵੀ ਚਲਾਉਂਦੇ ਸਨ। ਉਪਰੰਤ 'ਪੰਜਾਬ ਮੇਲ ਯੂਐਸਏ' ਸਪਤਾਹਿਕ ਅਖਬਾਰ ਸ਼ੁਰੂ ਕੀਤਾ ਅਤੇ ਫਿਰ ਇਸੇ ਨਾਂਅ ਹੇਠ ਟੀ. ਵੀ. ਚੈਨਲ ਸ਼ੁਰੂ ਕੀਤਾ, ਜੋ ਲਗਾਤਾਰ ਪੰਜਾਬੀ ਭਾਈਚਾਰੇ, ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਵਿਸ਼ਵ ਭਰ ਵਿੱਚ ਵਾਪਰਦੀਆਂ ਹੋਰ ਸਿਆਸੀ ਅਤੇ ਸੱਭਿਆਚਾਰਕ ਘਟਨਾਵਾਂ ਬਾਰੇ ਪਾਠਕਾਂ/ਦਰਸ਼ਕਾਂ ਨੂੰ ਨਿਰਪੱਖ ਅਤੇ ਸਟੀਕ ਜਾਣਕਾਰੀ ਮੁਹੱਈਆ ਕਰਵਾਉਣ ਦਾ ਕਾਰਜ ਕਰ ਰਹੇ ਹਨ। ਇਸਦੇ ਨਾਲ ਹੀ ਵਿਦੇਸ਼ ਵਿਚ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਸਿਆਸੀ ਅਤੇ ਸਮਾਜਿਕ ਮੰਚਾਂ' ਤੇ ਸਤਿਕਾਰਿਤ ਸਥਾਨ ਦਿਵਾਉਣ ਲਈ ਉਨ੍ਹਾਂ ਨੇ ਰਾਜਨੀਤੀ ਦੇ ਖੇਤਰ ਵਿਚ ਵੀ ਕਦਮ ਰੱਖਿਆ ਅਤੇ 2007 ਤੋਂ ਲਗਾਤਾਰ ਸੈਕਰਾਮੈਂਟੋ ਦੇ ਕਮਿਸ਼ਨਰ ਦੇ ਅਹੁਦੇ ਉਪਰ ਵੀ ਸੇਵਾ ਨਿਭਾਅ ਰਹੇ ਹਨ। ਸਮਾਗਮ ਦਾ ਸੰਚਾਲਨ ਦਰਸ਼ਨ ਸਿੰਘ ਸ਼ੰਕਰ ਸਾਬਕਾ ਡੀਪੀਆਰਉ" ਨੇ ਬਹੁਤ ਹੀ ਨਫੀਸ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਬਲਕੌਰ ਸਿੰਘ, ਉੱਘੇ ਗੀਤਕਾਰ ਅਮਰਜੀਤ ਸ਼ੇਰਪੁਰੀ ਬਲਜੀਤ ਸਿੰਘ ਢਿੱਲੋਂ, ਮਨੋਜ ਧੀਮਾਨ, ਪਰਮੇਸ਼ਰ ਸਿੰਘ, ਰਾਜੂ ਸਿੰਘ ਵੜੈਚ, ਜਗਮੋਹਨ ਸਿੰਘ ਭਿੰਡਰ, ਗੁਰਮੀਤ ਸਿੰਘ ਧਨੋਆ, ਹਰੀ ਸਿੰਘ ਜਾਚਕ, ਸਰਬਜੀਤ ਸਿੰਘ ਵਿਰਦੀ ਵੀ ਹਾਜ਼ਰ ਸਨ।