ਵੇਖਣ ਵਾਲਾ ਸੀ ਖੇਡ ਮੇਲਾ ਪਿੰਡ ਸਰੀਂਹ ਦਾ.

 


  ਹਾਕੀ  ਵਿੱਚ ਆਰ ਸੀ ਐਫ ਤੇ ਲਸਾੜਾ ਕਬੱਡੀ ਵਿੱਚ ਮੱਲੀਆਂ ਬਣੇ ਚੈਂਪੀਅਨ 


  ਸਰੀਂਹ ਦਾ ਖੇਡ ਮੇਲਾ ਬੀਤੀ  18 ਫਰਵਰੀ ਨੂੰ ਧੂਮ  ਧੜੱਕੇ  ਨਾਲ ਸਮਾਪਤ ਹੋਇਆ ।ਦੁਆਬੇ ਦੇ ਪਿੰਡ ਸਰੀਂਹ ਦੀ ਪੰਜਾਬ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਪਹਿਚਾਣ ਹੈ ।  ਇਸ ਪਿੰਡ ਨੇ ਹਾਕੀ ਦੇ ਨਾਮੀ ਸਟਾਰ ਪੈਦਾ ਕੀਤੇ ਹਨ।  ਜਿਹਨਾਂ ਵਿੱਚੋਂ ਓਲੰਪੀਅਨ ਅਤੇ ਦਰੋਣਾਚਾਰੀਆ ਐਵਾਰਡ ਜੇਤੂ ਰਜਿੰਦਰ ਸਿੰਘ  ਜੂਨੀਅਰ ਨੇ ਇਸ ਪਿੰਡ ਦੀ ਪਹਿਚਾਣ ਨੂੰ ਹੋਰ ਵੱਡਿਆਂ ਕੀਤਾ ਹੈ ।  ਲੰਬੇ ਅਰਸੇ ਤੋਂ ਮੇਰੇ ਵੀਰ ਤਾਂਘ ਸੀ ਕਿ ਸਰੀਂਹ ਦਾ ਖੇਡ ਮੇਲਾ ਵੇਖੀਏ,  ਕਿਉਂਕਿ ਪਿੰਡ  ਸਰੀਂਹ ਦੀ ਹਾਕੀ  ਜਰਖੜ ਹਾਕੀ ਨਾਲ ਗੂੜੀ ਸਾਂਝ ਹੈ ।  ਪਿੰਡ ਸਰੀਂਹ ਦੀ ਹਾਕੀ ਟੀਮ  ਕਈ ਵਾਰ ਪਿੰਡ ਜਰਖੜ ਦੀਆਂ ਖੇਡਾਂ ਵਿੱਚ ਚੈਂਪੀਅਨ ਬਣੀ ਹੈ  ਅਤੇ ਜਰਖੜ ਹਾਕੀ ਅਕੈਡਮੀ ਵੀ ਇੱਕ ਵਾਰ  ਸਰੀਹ ਦੇ ਖੇਡ ਮੇਲੇ ਵਿੱਚ ਜੇਤੂ ਮੰਚ ਤੇ ਚੜੀ  ਹੈ।  ਇਸ ਵਾਰ ਬਾਈ ਬਲਦੇਵ ਸਿੰਘ ਅਤੇ ਸਰਪੰਚ ਗੁਰਮੁਖ ਸਿੰਘ ਹੋਰਾਂ ਦਾ ਫੋਨ ਆਇਆ  ਕਿ ਬਾਈ ਜੀ ਖੇਡ ਮੇਲਾ ਵੇਖਣ ਜਰੂਰ ਆਓ ।

              ਮੈਂ ਆਪਣੇ ਮਿੱਤਰ ਹਰਦੀਪ ਸਿੰਘ ਸੈਣੀ, ਮਨਜਿੰਦਰ ਸਿੰਘ  ਇਆਲੀ  ਅਤੇ  ਯੂਕੇ ਤੋਂ ਆਏ ਬਾਈ ਅਜੈਬ ਸਿੰਘ ਗਰਚਾ ਨਾਲ  ਵਿਓੁਂਤਂਬੰਦੀ ਬਣਾ ਕੇ   ਸਰੀਂਹ ਦਾ  ਖੇਡ ਮੇਲਾ ਵੇਖਣ ਲਈ   ਨੂਰਮਹਿਲ ਹੁੰਦੇ ਹੋਏ ਸਰੀਂਹ ਸਟੇਡੀਅਮ ਪੁੱਜੇ , ਪਿੰਡ ਸਰੀਂਹ ਦੇ ਲੋਕਾਂ ਦੀ ਇਹ ਖਾਸੀਅਤ ਹੈ ਕਿ ਇਹ  ਪਿੰਡ ਹਾਕੀ  ਖੇਡ  ਪ੍ਰਤੀ ਸਮਰਪਿਤ ਹੈ ਅਤੇ ਹਾਕੀ ਦਾ ਜਨੂੰਨ ਵੀ ਇਹਨਾਂ ਦੇ ਸਿਰ ਚੜ ਕੇ ਬੋਲਦਾ ਹੈ ।  ਸਾਡੇ ਜਾਂਦਿਆਂ ਨੂੰ ਹਾਕੀ ਦਾ ਫਾਈਨਲ ਮੁਕਾਬਲਾ ਚੱਲ ਰਿਹਾ ਸੀ , ਜਿਸ ਵਿੱਚ ਆਰਸੀਐਫ ਕਪੂਰਥਲਾ ਅਤੇ ਆਈਟੀਬੀਪੀ ਵਿਚਕਾਰ ਜਿੱਤ ਲਈ  ਜਦੋ ਜਹਿਦ ਹੋ ਰਹੀ ਸੀ , ਉਸ ਵੇਲੇ ਮਨ ਨੂੰ ਸਕੂਨ ਜਿਹਾ ਆਇਆ ਕਿ ਆਈਟੀਬੀਪੀ ਵਿੱਚ ਜਰਖੜ ਹਾਕੀ ਅਕੈਡਮੀ ਦਾ ਇੱਕ ਟਰੇਨੀ ਗਗਨ  ਖੇਡ ਰਿਹਾ ਸੀ । ਅਖੀਰ  ਰੇਲ ਕੋਚ ਫੈਕਟਰੀ ਕਪੂਰਥਲਾ ਨੇ  ਆਈ ਟੀ ਬੀ ਪੀ ਨੂੰ 1-0 ਨਾਲ਼ ਹਰਾ ਕੇ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ  ਜਤਿੰਦਰ ਸਿੰਘ  ਗੁੱਲੀ ਯਾਦਗਾਰੀ ਕੱਪ ਜਿੱਤ ਲਿਆ ।  ਪਤਾ ਲੱਗਿਆ ਜੂਨੀਅਰ ਵਰਗ ਵਿੱਚ ਲਸਾੜੇ ਦੇ ਮੁੰਡਿਆਂ ਨੇ  ਸਰੀਂਹ ਦੇ ਬੱਚਿਆਂ ਨੂੰ ਹਰਾ ਕੇ  ਖਿਤਾਬੀ ਜਿੱਤ ਹਾਸਿਲ ਕੀਤੀ ।  ਅਸੀਂ ਵੀ  ਸਰੀਂਹ ਅਕੈਡਮੀ ਦੇ ਬੱਚਿਆਂ ਨੂੰ  ਡਾਬਰ ਕੰਪਨੀ ਵੱਲੋਂ  ਜਰਖੜ ਖੇਡਾਂ ਤੇ ਸਪੋਂਸਰ ਕੀਤੇ ਚਮਨਪਰਾਸ ਦੇ ਡੱਬੇ   ਵੰਡ ਕੇ  ਉਹਨਾਂ ਦਾ ਜੇਤੂ ਮਾਣ ਵਧਾਇਆ ।  ਨਕੋਦਰ ਦੀ  ਵਿਧਾਇਕ  ਬੀਬੀ  ਇੰਦਰਜੀਤ ਕੌਰ  ਅਤੇ ਜਲੰਧਰ ਦੇ ਮੈਂਬਰ ਪਾਰਲੀਮੈਂਟ ਸ੍ਰੀ  ਸੁਸ਼ੀਲ  ਕੁਮਾਰ ਰਿੰਕੂ  ਆਪਣੇ ਕਾਫਲਿਆਂ ਸਮੇਤ ਮੁੱਖ ਮਹਿਮਾਨ ਵਜੋਂ ਪੁੱਜੇ ।  ਸਰੀਂਹ ਸਪੋਰਟਸ ਕਲੱਬ ਅਤੇ ਗਰਾਮ ਪੰਚਾਇਤ ਦੇ ਪਤਵੰਤਿਆਂ ਨੇ  ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਉਨਾ ਦੀ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਵਾਈ ਅਤੇ   ਆਈਆਂ ਸਖਸ਼ੀਅਤਾਂ ਦਾ ਉਹਨਾਂ ਹੱਥੋਂ ਮਾਣ ਸਨਮਾਨ ਕਰਵਾਇਆ ।  ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ  ਭਾਵੇਂ  ਸਰੀਂਹ ਦੇ ਖੇਡ ਸਟੇਡੀਅਮ ਵਿੱਚ ਐਸਟਰੋਟਰਫ ਹਾਕੀ ਲਗਾਉਣ ਦਾ ਐਲਾਨ ਕਰ ਦਿੱਤਾ ਅਤੇ 5 ਲੱਖ  ਰੁਪਏ ਦੀ ਗਰਾਂਟ ਦੇਣ ਦਾ ਵੀ  ਕਹਿ ਦਿੱਤਾ ਪਰ  ਇਹ ਸਾਰਾ ਕੁਝ ਲੈਣ ਲਈ ਸਰੀਂਹ ਵਾਲਿਆ ਨੂੰ ਵੱਡੀ ਹਿੰਮਤ ਦਿਖਾਉਣੀ ਪਵੇਗੀ ਕਿਉਂਕਿ ਕੁਝ ਦਿਨਾਂ ਤੱਕ ਚੋਣ ਜਾਪਤਾ ਵੀ ਲੱਗ ਜਾਣਾ ਹੈ ।  ਕਿਉਂਕਿ ਜਿਸ ਤਰ੍ਹਾਂ ਬਾਬਾ ਮਰੇ ਤੋਂ ਬਾਅਦ ਮਕਾਣਾ ਹੀ ਹੁੰਦੀਆਂ ਹਨ,  ਇਸ ਤਰ੍ਹਾਂ ਚੋਣ ਜਾਬਤੇ ਤੋਂ ਬਾਅਦ ਫਿਰ ਐਲਾਨ ਕੀਤੇ ਐਲਾਨ ਹੀ ਰਹਿ ਜਾਂਦੇ ਹਨ ।  ਜਰਖੜ ਖੇਡਾਂ ਤੇ ਇਦਾਂ ਦੀ ਕੁੱਤੇ ਖਾਣੀ ਸਾਡੇ ਨਾਲ ਕਈ ਵਾਰ ਹੋਈ ਹੈ।

                 ਦੂਜੇ ਪਾਸੇ ਕਬੱਡੀ ਦਾ ਫਾਈਨਲ ਮੁਕਾਬਲਾ ਦੇਰ ਰਾਤ  ਖੇਡਿਆ ਗਿਆ ਜਿਸ ਵਿੱਚ  ਮਁਲੀਆਂ ਨੇ ਬੜਾ ਪਿੰਡ ਨੂੰ ਹਰਾ ਕੇ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ  ਵਾਲਾ ਕੱਪ ਜਿੱਤਿਆ ।   ਖੁਸ਼ੀ  ਇਸ ਗੱਲ ਦੀ ਵੀ ਹੋਈ ਕਿ ਹਾਕੀ  ਖੇਡ ਦੀ ਬੇਹਤਰੀ ਲਈ  ਕੰਮ ਕਰਨ ਵਾਲੇ ਵਧੀਆ ਪ੍ਰਬੰਧਕ  ਰੋਪੜ ਹਾਕੀ ਦੇ  ਪਿਤਾਮਾ ਐਸਐਸ ਸੈਣੀ ਅਤੇ ਸਰਜੀਤ ਹਾਕੀ ਦੇ ਸੁਰਿੰਦਰ ਸਿੰਘ ਭਾਪਾ  ਦੇ ਨਾਲ ਦਾਸ ਨੂੰ ਵੀ ਸਨਮਾਨਿਤ ਕੀਤਾ ।  ਸਰਪੰਚ ਗੁਰਮੁਁਖ ਸਿੰਘ ਅਤੇ ਓਲੰਪੀਅਨ ਰਜਿੰਦਰ ਸਿੰਘ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਹੇ ਸਨ। 

           ਇਸ ਤੋਂ ਇਲਾਵਾ  ਮੇਰੇ ਸਾਥੀ  ਅਜੈਬ ਸਿੰਘ ਗਰਚਾ ਯੂਕੇ ,  ਸਾਡਾ ਮਿੱਤਰ ਬਲਦੇਵ ਸਿੰਘ,  ਲਖਬੀਰ ਸਿੰਘ ਬੱਬੂ  ,  ਕੁਲਵਿੰਦਰ ਸਿੰਘ ਬਿੱਲਾ , ਕੋਚ ਕਿਰਪਾਲ ਸਿੰਘ ਮਠਾੜੂ,  ਬਾਈ ਜਸਵਿੰਦਰ ਸਿੰਘ ਸੰਧੂ  ਅਮਰੀਕਾ ,ਬਾਈ ਕਮਲਜੀਤ ਸਿੰਘ , ਚੈਅਰਮੈਨ ਪਰਮਜੀਤ ਸਿੰਘ,  ਪ੍ਰਧਾਨ ਬਲਦੇਵ ਸਿੰਘ, ਨਰਿੰਦਰ ਸਿੰਘ ,ਹਰਨੇਕ ਕੁਮਾਰ , ਹਰਦੀਪ ਸਿੰਘ, ਇੰਦਰਜੀਤ ਸਿੰਘ ,ਰਵੀਪਾਲ ਸਿੰਘ, ਮੇਜਰ ਸਿੰਘ , ਗੁਰਮੀਤ ਸਿੰਘ ਸੀਲਾ , ਅਵਤਾਰ ਸਿੰਘ, ਅਮਨਜੀਤ ਸਿੰਘ , ਸੁਮੇਲ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ ਸੁੱਖੀ ਤੇ ਸੌਕਤ ਅਲੀ ,  ਹਰਪ੍ਰੀਤ ਕੁਮਾਰ  ਗੁਰਮੇਲ ਸਿੰਘ  ਗੇਲਾ ,  ਹੋਰ ਦੋਸਤਾਂ ਮਿੱਤਰਾਂ ਦਾ ਵੱਡਾ ਕਾਫਲਾ  ਸਟੇਜ ਦੇ ਖੇਡ ਮੇਲੇ ਨੂੰ ਕਾਮਯਾਬ ਕਰਨ ਲਈ ਆਪਣਾ ਤਨ ਮਨ ਧਨ ਲਾ ਰਿਹਾ ਸੀ।   ਇਸ ਤੋਂ ਇਲਾਵਾ ਪ੍ਰਵਾਸੀ ਵੀਰਾਂ ਅਤੇ ਖੇਡ ਪ੍ਰਮੋਟਰਾਂ ਦਾ ਵੱਡਾ ਕਾਫਲਾ ਪਿੰਡ  ਸਰੀਂਹ ਦੀਆਂ ਖੇਡਾਂ ਨੂੰ ਵੇਖਣ ਲਈ ਇਸ ਵਰੇ ਆਇਆ ਹੋਇਆ ਸੀ ।  ਸਾਰੇ ਸਹਿਯੋਗੀਆਂ ਦਾ ਸਰਪੰਚ ਗੁਰਮੁਖ ਸਿੰਘ ਨੇ ਕੋਟ ਕੋਟ ਧੰਨਵਾਦ ਕੀਤਾ । ਅਗਲੇ ਵਰੇ ਫਿਰ ਮਿਲਣ ਦੇ ਵਾਅਦੇ ਨਾਲ ਸਰੀਂਹ ਦਾ ਖੇਡ ਮੇਲਾ ਖੱਟੀ ਮਿੱਠੀਆਂ ਜਾਦਾ ਛਁਡਦਾ ਹੋਇਆ ਸਮਾਪਤ ਹੋਇਆ।