ਕਵਿਤਾ / ਸਤਵੰਤ ਕਾਲਕਟ ਅਹਿਸਾਸ'.

ਦੁੱਧ ਮੱਖਣਾਂ 'ਚ ਪਲ ਹੋਇਆ ਸੀ ਜਵਾਨ

ਡਰਦਾ ਸੀ ਜੱਟ ਕੋਲੋਂ ਸਾਰਾ ਹੀ ਜਹਾਨ

ਕੰਬਦਾ ਸਰੀਰ ਹੁਣ ਸੁੱਕੇ ਪੱਤੇ ਵਾਂਗੂ

ਜਦ ਸਾਰਾ ਜ਼ੋਰ ਲਾ ਕੇ ਮਸਾਂ ਪੈਰ ਪੱਟਦਾ

ਖਾ ਲਿਆ ਸ਼ਰੀਰ ਨਸ਼ਿਆਂ ਨੇ ਜੱਟ ਦਾ


ਪਹਿਲੇ ਤੇ ਸ਼ਰਾਬ ਨੇ ਕਲੇਜਾ ਖਾ ਲਿਆ

ਬੀੜੇ ਜ਼ਰਦੇ ਨੇ ਸਾਰਾ ਲਹੂ ਜਾਲਿਆ

ਰਹਿੰਦਾ ਖੂੰਹਦਾ ਕੰਮ ਇਨ੍ਹਾਂ ਟੀਕਿਆਂ ਨੇ ਕੀਤਾ

ਜਾਪੇ ਵੱਗੀ ਲੱਕੜੀ ਨੂੰ ਜਿਵੇਂ ਘੁਣ ਚੱਟਦਾ

ਨਸ਼ਿਆਂ ਨੇ ਖਾ ਲਿਆ ਸ਼ਰੀਰ ਜੱਟ ਦਾ


ਮਾਪਿਆਂ ਦੇ ਵਿਚ ਵੀ ਰਹੀ ਨਾ ਸੱਤਿਆ

ਚਾਵਾਂ ਸੱਧਰਾਂ ਦੀ ਜਦ ਹੋਈ ਹੱਤਿਆ

ਪੁੱਛੋਂ ਉਸ ਬੰਦੇ ਕੋਲੋਂ ਪੁੱਤ ਜੀਹਦਾ ਹੋਵੇ ਮਾੜਾ

ਕਿਸ ਤਰਾਂ ਜ਼ਿੰਦਗੀ ਦੇ ਦਿਨ ਕੱਟਦਾ

ਖਾ ਲਿਆ ਸ਼ਰੀਰ ਨਸ਼ਿਆਂ ਨੇ ਜੱਟ ਦਾ


ਚੰਦਰੀਆਂ ਸੋਹਬਤਾਂ ਦੇ ਵਿਚ ਰੁਲ ਗਏ

ਸੱਚੇ ਦੋਸਤਾਂ ਦੀ ਵੀ ਪਛਾਣ ਭੁੱਲ ਗਏ

ਮੰਨਣੀ ਤੇ ਦੂਰ 'ਅਹਿਸਾਸ' ਦੀ ਨਸੀਹਤ

ਮੈਂ ਤਾਂ ਦੁੰਬਾ ਸੀ ਬਣਾਇਆ ਉਸ ਮੂੰਹ ਫੱਟ ਦਾ

ਖਾ ਲਿਆ ਸ਼ਰੀਰ ਨਸ਼ਿਆਂ ਨੇ ਜੱਟ ਦਾ