ਦੋਰਾਹਾ-ਨੀਲੋਂ ਰੇਲਵੇ ਕਰਾਸਿੰਗ ਆਰਓਬੀ ਨੂੰ ਮਨਜ਼ੂਰੀ, ਰੇਲਵੇ ਵੱਲੋਂ ਕੀਤੀ ਜਾਵੇਗੀ 100 ਫੀਸਦੀ ਫੰਡਿੰਗ: ਐਮ.ਪੀ ਅਰੋੜਾ.

 

ਲੁਧਿਆਣਾ, 7 ਮਾਰਚ : ਆਖਰਕਾਰ ਦੋਰਾਹਾ- ਨੀਲੋਂ ਹਾਈਵੇ 'ਤੇ ਲੇਵਲ ਕਰਾਸਿੰਗ (ਐਲ.ਸੀ.)-164ਏ ਵਿਖੇ ਰੋਡ ਓਵਰ ਬ੍ਰਿਜ (ਆਰ.ਓ.ਬੀ.) ਦੇ ਨਿਰਮਾਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।




ਇਹ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਕੀਤੇ ਗਏ ਠੋਸ ਯਤਨਾਂ ਸਦਕਾ ਇਹ ਸੰਭਵ ਹੋ ਸਕਿਆ ਹੈ, ਜੋਕਿ ਮੁੱਦੇ ਨੂੰ ਰੇਲਵੇ, ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਸਾਹਮਣੇ ਚੁੱਕ ਰਹੇ ਹਨ।  ਉਹ ਹਰ ਪੱਧਰ 'ਤੇ ਇਸ ਪ੍ਰਸਤਾਵ ਦੀ ਪ੍ਰਗਤੀ ਦੀ ਬਾਕਾਇਦਾ ਨਿਗਰਾਨੀ ਕਰ ਰਹੇ ਹਨ।




ਪ੍ਰਸਤਾਵ ਨੂੰ ਮਨਜ਼ੂਰੀ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਡੀਆਰਐਮ ਰੇਲਵੇ ਅੰਬਾਲਾ ਡਿਵੀਜ਼ਨ ਮਨਦੀਪ ਸਿੰਘ ਭਾਟੀਆ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਦੋਰਾਹਾ ਨੇੜੇ ਐਲ.ਸੀ.-164ਏ ਦੇ ਬਦਲੇ 4 ਲੇਨ ਆਰ.ਓ.ਬੀ. ਦੀ ਤਜਵੀਜ਼ ਨੂੰ ਇੰਡੀਅਨ ਰੇਲਵੇਜ਼ ਪ੍ਰੋਜੈਕਟਸ ਸੈਂਕਸ਼ਨਜ਼ ਐਂਡ ਮੈਨੇਜਮੈਂਟ (ਆਈਆਰਪੀਐਸਐਮ)  ਵਿਚ ਸਾਲ 2023-24 ਵਿੱਚ ਸ਼ੋਰਟਲਿਸਟ ਅਤੇ 1 ਮਾਰਚ, 2024 ਨੂੰ ਰੇਲਵੇ ਬੋਰਡ ਵੱਲੋਂ  ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਰੇਲਵੇ ਵੱਲੋਂ 70.56 ਕਰੋੜ ਰੁਪਏ ਖਰਚ ਕੀਤੇ ਜਾਣਗੇ।




ਸ਼ੁਰੂ ਵਿੱਚ, ਐਲ.ਸੀ.-164ਏ  ਉੱਤੇ ਆਰਓਬੀ ਦੀ ਉਸਾਰੀ ਦਾ ਪ੍ਰਸਤਾਵ ਸਾਲ 2011 ਵਿੱਚ ਬਣਾਇਆ ਗਿਆ ਸੀ। ਸਾਲ 2016 ਵਿੱਚ, ਇੱਕ ਨਿੱਜੀ ਨਿਰਮਾਣ ਕੰਪਨੀ ਨੂੰ ਕਮਰਸ਼ੀਅਲ ਓਪਰੇਸ਼ਨ  ਡੇਟ (ਸੀਓਡੀ) ਦਿੱਤੀ ਗਈ ਸੀ। ਬਾਅਦ ਵਿੱਚ ਕੰਪਨੀ ਨੂੰ ਇਸ ਪ੍ਰੋਜੈਕਟ ਲਈ ਡਿਜ਼ਾਈਨ ਮਨਜ਼ੂਰੀ ਮਿਲੀ ਜਿਸ ਤਹਿਤ ਸਿੰਗਲ ਟਰੈਕ ਬਣਾਇਆ ਜਾਣਾ ਸੀ। ਪਰ ਬਾਅਦ ਵਿੱਚ ਡਬਲ ਟਰੈਕ ਬਣਾਉਣ ਦਾ ਪ੍ਰਸਤਾਵ ਆਇਆ। ਇਸ ’ਤੇ ਨਿੱਜੀ ਨਿਰਮਾਣ ਕੰਪਨੀ ਨੇ ਦਾਅਵਾ ਕੀਤਾ ਕਿ ਸਪੈਨ ਦੀ ਲੰਬਾਈ ਵੱਧਣ ਨਾਲ ਉਸਾਰੀ ਦੀ ਲਾਗਤ ਵਧ ਜਾਵੇਗੀ। ਬਾਅਦ ਵਿੱਚ ਇਸ ਪ੍ਰਸਤਾਵ ਠੰਡੇ ਬਸਤੇ ਵਿਚ ਚਲਾ ਗਿਆ ਅਤੇ  ਨਿਰਮਾਣ ਕੰਪਨੀ ਦਾ ਠੇਕਾ 5 ਅਗਸਤ 2021 ਨੂੰ ਰੱਦ ਕਰ ਦਿੱਤਾ ਗਿਆ।




ਹੁਣ ਅੰਬਰੇਲਾ ਸਕੀਮ ਤਹਿਤ ਰੇਲਵੇ ਵੱਲੋਂ ਐਲ.ਸੀ.-164ਏ  ਉੱਤੇ ਆਰਓਬੀ ਦਾ ਨਿਰਮਾਣ ਕੀਤਾ ਜਾਣਾ ਹੈ। ਅਰੋੜਾ ਨੇ ਕਿਹਾ, "ਸੰਬੰਧਿਤ ਅਧਿਕਾਰੀਆਂ ਨੇ ਮੈਨੂੰ ਸੂਚਿਤ ਕੀਤਾ ਹੈ ਕਿ ਕੰਮ ਜਲਦੀ ਸ਼ੁਰੂ ਹੋ ਜਾਵੇਗਾ।" ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਦੋਰਾਹਾ-ਨੀਲੋਂ ਮਾਰਗ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਸਮੇਂ ਅੰਬਾਲਾ-ਲੁਧਿਆਣਾ ਸੈਕਸ਼ਨ 'ਤੇ ਭਾਰੀ ਰੇਲ ਆਵਾਜਾਈ ਦੇ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਐਲ.ਸੀ.-164ਏ  'ਤੇ ਰੇਲਵੇ ਕਰਾਸਿੰਗ ਜ਼ਿਆਦਾਤਰ ਸਮੇਂ ਵਾਹਨਾਂ ਦੀ ਆਵਾਜਾਈ ਲਈ ਬੰਦ ਰਹਿੰਦਾ ਹੈ।