ਪ੍ਰਸਿੱਧ ਪੰਥਕ ਕਵੀ ਸਵ. ਰਾਮ ਨਰੈਣ ਸਿੰਘ ਦਰਦੀ ਦੇ ਧਰਮਪਤਨੀ ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਤੇਜ ਕੌਰ ਦਰਦੀ ਦਾ ਦੇਹਾਂਤ.

 

ਲੁਧਿਆਣਾ - ਉਘੇ ਪੰਥਕ ਕਵੀ ਸਵਰਗੀ ਸ. ਰਾਮ ਨਰੈਣ ਸਿੰਘ ਦਰਦੀ ਦੀ ਪਤਨੀ ਪ੍ਰੋ: ਤੇਜ ਕੌਰ ਦਰਦੀ (95 ) ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਪ੍ਰੋ. ਤੇਜ ਕੌਰ ਦਰਦੀ ਨੇ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਪੰਜਾਬੀ ਲੈਕਚਰਾਰ ਵਜੋਂ ਲੰਮਾ ਸਮਾਂ ਸੇਵਾ ਨਿਭਾਈ ਅਤੇ ਹਜ਼ਾਰਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਅਤੇ ਵਿਕਾਸ ਲਈ ਕੰਮ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਈ। ਆਪ ਨੇ ਉਘੇ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਪੰਜਾਬੀ ਲਿਖਣੀ ਉਸ ਵਕਤ ਸਿਖਾਈ ਸੀ ਜਦੋਂ ਉਹ 1948-49 ਵਿੱਚ ਇਨ੍ਹਾਂ ਦੇ ਬਗੀਚੇ ਵਿੱਚ ਮਾਲੀ ਵਜੋਂ ਬੂਟੇ ਪਾਲ ਰਹੇ ਸਨ। ਆਪ ਪੰਜਾਬੀ ਸ਼ਾਇਰ ਸ: ਰਾਮ ਨਰੈਣ ਸਿੰਘ ਦਰਦੀ ਦੀ ਜੀਵਨ ਸਾਥਣ ਹੁੰਦਿਆਂ ਪੰਜਾਬੀ ਸੂਬਾ ਮੋਰਚਾ ਵਿੱਚ ਵੀ ਦਰਦੀ ਜੀ ਦੀ ਜੇਲ੍ਹ ਸਾਥਣ ਰਹੇ ਸਨ। ਉਨ੍ਹਾਂ ਦੀ ਸੰਪਾਦਿਤ ਪੁਸਤਕ “ਵੀਰ ਹਕੀਕਤ ਰਾਏ” ਕ੍ਰਿਤ ਆਗਰਾ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਦੋ ਵਾਰ ਪ੍ਰਕਾਸ਼ਿਤ ਕੀਤੀ ਗਈ ਹੈ। ਉਨ੍ਹਾਂ ਨੂੰ 2015 ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਆਪ ਦੇ ਸਪੁੱਤਰਾਂ ਪ੍ਰੋ: ਸਵ: ਗੁਣਵੰਤ ਸਿੰਘ ਦੂਆ, ਪ੍ਰੋ: (ਡਾ:) ਅਮਰਜੀਤ ਸਿੰਘ ਦੂਆ, ਪਰਮਜੀਤ ਸਿੰਘ ਦੂਆ ਅਤੇ ਇਨ੍ਹਾਂ ਦੇ ਪਰਿਵਾਰਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੇ ਪੋਤਰੇ ਪ੍ਰੋ: (ਡਾ:) ਹਰਪ੍ਰੀਤ ਸਿੰਘ ਦੂਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟਰ ਅਤੇ ਡਾ: ਤ੍ਰਿਪਤ ਦੀਪ ਸਿੰਘ ਦੂਆ ਖਾਲਸਾ ਕਾਲਜ ਆਫ ਮੈਨੇਜਮੈਂਟ ਮਾਡਲ ਟਾਊਨ ਵਿੱਚ ਸੇਵਾ ਨਿਭਾਅ ਰਹੇ ਹਨ। ਆਪਦਾ ਅੰਤਿਮ ਸੰਸਕਾਰ ਭਲਕੇ 8 ਮਾਰਚ ਨੂੰ ਬਾਅਦ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿੱਚ ਹੋਵੇਗਾ।