ਭਾਰਤੀ ਕਿਸਾਨ ਯੂਨੀਅਨ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 14 ਮਾਰਚ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਲਵੇਗੀ ਹਿੱਸਾ - ਲੱਖੋਵਾਲ.

 

ਲੁਧਿਆਣਾ (ਇੰਦਰਜੀਤ) - ਭਾਰਤੀ ਕਿਸਾਨ ਯੂਨੀਅਨ (ਰਜਿ:) ਦੇ ਪ੍ਰਧਾਨ  ਹਰਮੀਤ ਸਿੰਘ ਕਾਦੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੀ ਜੱਥੇਬੰਦੀ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ  13 ਮਾਰਚ ਨੂੰ ਰੇਲਵੇ ਦੇ ਸਾਧਨ ਦਾ ਉਪਯੋਗ ਕਰਕੇ ਦਿੱਲੀ ਜਾਵੇਗੀ ਤਾਂ ਜੋ 14 ਤਾਰੀਖ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋ ਰਹੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕੇ।


ਉਹਨਾਂ ਨੇ ਅੱਗੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਵੱਖ - ਵੱਖ ਜਿਲਿਆ ਵਿੱਚ ਜੋ ਭਾਰੀ ਗੇੜੇਮਾਰੀ ਹੋਈ ਸੀ, ਜਿਸ ਕਰਕੇ ਕਣਕ ਅਤੇ ਸਰ੍ਹੋਂ ਆਦਿ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸਰਕਾਰ ਨੂੰ ਜਲਦੀ ਤੋ ਜਲਦੀ ਗਰਦਵਾਰੀ ਕਰਵਾ ਕੇ ਉਹਨਾਂ ਦਾ ਮੁਆਵਜਾ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਦੇਵੇ, ਕਿਉਂਕਿ ਕਿਸਾਨ ਇੱਕ ਲਾਹੇਵੰਦ ਧੰਦਾ ਅੱਜਕੱਲ ਦੇ ਜਮਾਨੇ ਵਿੱਚ ਨਹੀ ਹੈ। ਕਿਸਾਨੀ ਉਲਟ ਘਾਟੇ ਦਾ ਸੌਦਾ ਸਿੱਧ ਹੋ ਰਹੀ ਹੈ। ਪੰਜਾਬ ਦਾ ਕਿਸਾਨ ਪਹਿਲਾਂ ਤੋ ਹੀ ਕਰਜੇ ਦੇ ਜਾਲ ਵਿੱਚ ਜਕੜਿਆ ਹੋਇਆ ਹੈ।


ਉਹਨਾਂ ਨੇ ਅੱਗੇ ਬੋਲਦਿਆ ਕਿਹਾ ਕਿ ਪੰਜਾਬ ਵਿੱਚ ਭਾਰੀ ਮਾਤਰਾ ਵਿੱਚ ਪਸ਼ੂਆਂ ਨੂੰ ਗੱਲਘੋਟੂ ਨਾਮਕ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਫਲਸਰੂਪ ਪਿੰਡਾਂ ਵਿੱਚ ਕੋਈ ਵੀ ਵੈਟਨਰੀ ਡਾਕਟਰ ਨਹੀ ਜਾ ਰਿਹਾ ਹੈ। ਜਿਸ ਕਾਰਣ ਇਹ ਬਿਮਾਰੀ ਭਿਆਨਕ ਰੂਪ ਲੈ ਰਹੀ ਹੈ। ਇਸ ਬਿਮਾਰੀ ਦੇ ਕਾਰਣ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂ ਬਿਮਾਰ ਹਨ, ਅਤੇ ਪਸ਼ੂਆਂ ਦੀ ਮੌਤ ਵੀ ਹੋ ਰਹੀ ਹੈ। ਪਿੰਡਾਂ ਵਿੱਚ ਨਾ ਤਾਂ ਕੋਈ ਵੈਟਨਰੀ ਡਾਕਟਰ ਜਾਂਦੇ ਹਨ ਅਤੇ ਨਾ ਹੀ ਕੋਈ ਸਿਆਸੀ ਨੇਤਾ ਪਹੁੰਚ ਰਹੇ ਹਨ।


ਉਹਨਾਂ ਨੇ ਅੱਗੇ ਬੋਲਦਿਆ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਸਰਕਾਰ ਤੋ ਇਹ ਅਪੀਲ ਕਰਦੀ ਹੈ ਕਿ ਜਲਦੀ ਤੋ ਜਲਦੀ ਸਰਕਾਰੀ ਵੈਟਨਰੀ ਹਸਪਤਾਲਾਂ ਨੂੰ ਇਹ ਦਿਸ਼ਾਂ ਨਿਰਦੇਸ਼ ਜਾਰੀ ਕਰਨ ਤਾਂ ਜੋ ਪਿੰਡਾਂ ਵਿੱਚ ਵੈਟਨਰੀ ਡਾਕਟਰ ਅਤੇ ਦਵਾਈਆਂ ਉਪਲੱਬਧ ਹੋਣ। ਇਸ ਦੇ ਨਾਲ ਨਾਲ ਉਹ ਸਰਕਾਰ ਤੋ ਇਹ ਵੀ ਅਪੀਲ ਕਰਦੇ ਹਨ ਕਿ ਜਲਦੀ ਤੋ ਜਲਦੀ ਸਪੈਸ਼ਲ ਗਰਦਵਾਰੀ ਕਰਵਾ ਕੇ ਮਾਰੇ ਹੋਏ ਪਸ਼ੂਆਂ ਦਾ ਮੁਆਵਜਾਂ ਜਲਦੀ ਤੋ ਜਲਦੀ ਦੁੱਧ ਉਤਪਾਦਕ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰੇ।