*ਪੰਜਾਬ ਦੀਆਂ ਜੇਲ੍ਹਾਂ 'ਚ ਰੋਜੇਦਾਰਾਂ ਨੂੰ ਦਿੱਤੀਆਂ ਜਾਣਗੀਆਂ ਖਾਸ ਸਹੂਲਤਾਂ.

 

+ਲੁਧਿਆਣਾ ਅਹਿਰਾਰ ਫਾਊਡੇਂਸ਼ਨ ਵੱਲੋਂ ਕੀਤੀ ਜਾ ਰਹੀ ਹੈ 23 ਸਾਲਾਂ ਤੋਂ ਸੇਵਾ+


ਲੁਧਿਆਣਾ, 13 ਮਾਰਚ (ਇੰਦਰਜੀਤ) : ਪਵਿੱਤਰ ਰਮਜਾਨ ਦੇ ਮਹੀਨੇ 'ਚ ਗੁੰਮਰਾਹ ਹੋਏ ਲੋਕਾਂ ਨੂੰ ਸਿੱਧੇ ਰਾਹ 'ਤੇ ਲਿਆਉਣ ਲਈ ਪੰਜਾਬ ਦੇ ਸਾਬਕਾ ਸ਼ਾਹੀ ਇਮਾਮ ਮਰਹੂਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਦੇ ਵੱਲੋਂ 2001 'ਚ ਸ਼ੁਰੂ ਕੀਤੇ ਗਏ ਜੇਲ੍ਹ ਇਫਤਾਰ ਪ੍ਰੋਗਰਾਮ ਨੂੰ ਅਹਿਰਾਰ ਫਾਊਡੇਸ਼ਨ ਵੱਲੋਂ ਬੀਤੇ 23 ਸਾਲਾਂ ਤੋਂ ਬਾਖੂਬੀ ਅੰਜਾਮ ਦਿੱਤਾ ਜਾ ਰਿਹਾ ਹੈ।  ਫਾਊਡੇਸ਼ਨ ਦੇ ਪ੍ਰਧਾਨ ਅਤੇ ਮੌਜੂਦਾ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਦੱਸਿਆ ਕਿ ਇਸ ਸਾਲ ਵੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੂਬੇ ਭਰ ਦੀਆਂ ਜੇਲ੍ਹਾਂ 'ਚ ਰੋਜਾ ਰੱਖਣ ਵਾਲੇ ਬੰਦੀਆਂ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਖਾਨ-ਪੀਣ ਦੀਆਂ ਚੀਜਾਂ ਤੋਂ ਅਲਾਵਾ ਨਮਾਜ ਅਦਾ ਕਰਨ ਲਈ ਜਾਨਮਾਜ, ਤਸਬੀ, ਟੋਪੀ, ਮਿਸਵਾਕ ਅਤੇ ਧਾਰਮਿਕ ਸੱਮਗਰੀ ਮੁਹਈਆ ਕਰਵਾਈ ਜਾ ਰਹੀ ਹੈ।  ਸ਼ਾਹੀ ਇਮਾਮ ਨੇ ਕਿਹਾ ਕਿ ਇਸ ਸੇਵਾ ਦਾ ਮਕਸਦ ਇਹ ਹੈ ਕਿ ਭੱਟਕੇ ਹੋਏ ਲੋਕਾਂ ਨੂੰ ਸਮਾਜਿਕ ਵਿਵਸਥਾ 'ਚ ਇੱਕ ਚੰਗਾ ਵਿਅਕਤੀ ਬਣਾਇਆ ਜਾ ਸਕੇ ਅਤੇ ਬੇਕਸੂਰ ਹੋਵੇ ਤਾਂ ਉਸਦੀ ਮਦਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਰੋਜਾ ਰੱਖਣ ਵਾਲੇ ਅਤੇ ਨਮਾਜ ਪੜ੍ਹਣ ਵਾਲੇ ਮੁਸਲਮਾਨ ਹਵਾਲਾਤੀਆਂ ਅਤੇ ਕੈਦੀਆਂ 'ਚ ਇਸ ਸੇਵਾ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ। ਉਹਨਾਂ ਦੱਸਿਆ ਕਿ ਲੁਧਿਆਣਾ ਜਾਮਾ ਮਸਜਿਦ ਵੱਲੋਂ ਇੱਕ ਵਫਦ ਕੱਲ ਤੋਂ ਹੀ ਸੂਬੇ ਭਰ ਦੀਆਂ ਜੇਲ੍ਹਾਂ 'ਚ ਸਾਮਾਨ ਪਹੁੰਚਾਏਗਾ ਜਿਸ 'ਚ ਈਦ ਦੇ ਨਵੇ ਕਪੜੇ ਅਤੇ ਹੋਰ ਸਾਮਾਨ ਵੀ ਸ਼ਾਮਿਲ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਰੋਜੇ ਦੇ ਨਾਲ-ਨਾਲ ਬੰਦੀਆਂ ਦੀ ਪੰਜ ਸਮੇਂ ਦੀ ਨਮਾਜ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਈਦ ਦੇ ਸਮੇਂ ਇਹ ਕੈਦੀ ਸਾਰੇ ਧਰਮਾਂ ਦੇ ਕੈਦੀਆਂ ਨਾਲ ਮਿਲ-ਜੁਲ ਕੇ ਆਪਣੀ ਖੁਸ਼ੀ ਸਾਂਝੀ ਕਰਨਗੇ।



*ਸ਼ਾਹੀ ਇਮਾਮ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ*



ਪੰਜਾਬ ਜੇਲ੍ਹ ਪ੍ਰਸ਼ਾਸਨ ਵੱਲੋਂ ਰੋਜਾ ਰੱਖਣ ਵਾਲੇ ਕੈਦੀਆਂ ਨੰੂ ਰੋਜਾਨਾ ਵੈਲਫੇਅਰ ਦੇ ਵੱਲੋਂ ਸਹਿਰੀ ਅਤੇ ਇਫਤਾਰੀ 'ਚ ਵਿਸ਼ੇਸ਼ ਖਾਣ-ਪੀਣ ਦੇ ਸਾਮਾਨ ਦਾ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰਨ 'ਤੇ ਅੱਜ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇੱਕ ਪੱਤਰ ਜਾਰੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਬੀਤੇ ਦਿਨੀ ਸ਼ਾਹੀ ਇਮਾਮ ਨੇ ਮੁੱਖ ਮੰਤਰੀ ਨਾਲ ਇਸ ਸਬੰਧ 'ਚ ਮੁਲਾਕਾਤ  ਕਰ ਇੱਕ ਮੰਗ ਪੱਤਰ ਦਿੱਤਾ ਸੀ, ਜਿਸਤੋਂ ਬਾਅਦ ਜੇਲ੍ਹ ਪ੍ਰਸਾਸ਼ਨ ਨੇ ਇਹ ਕਦਮ ਚੁੱਕਿਆ। ਸ਼ਾਹੀ ਇਮਾਮ ਨੇ ਪੰਜਾਬ ਦੇ ਸਾਰੇ ਜੇਲ੍ਹ ਅਫਸਰਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਹਰ ਸਾਲ ਪਵਿੱਤਰ ਰਮਜਾਨ ਦੇ ਮਹੀਨੇ 'ਚ ਬੜਾ ਸਹਿਯੋਗ ਕਰਦੇ ਹਨ ਜੋ ਕਿ ਬੜਾ ਸ਼ਲਾਘਾਯੋਗ ਹੈ।