ਫਰੀਦਕੋਟ 'ਚ ਫਸਣਗੇ ਸਿੰਗਰਾਂ ਦੇ ਸਿੰਗ / ਅਸ਼ਵਨੀ ਜੇਤਲੀ .
+ 'ਆਪ' ਵੱਲੋਂ ਅਨਮੋਲ ਤੇ ਕਾਂਗਰਸ ਵੱਲੋਂ ਸਦੀਕ ਦਾ ਸੰਭਾਵੀ ਮੁਕਾਬਲਾ ਬਣਿਆ ਚਰਚਾ ਦਾ ਵਿਸ਼ਾ+
ਲੁਧਿਆਣਾ : ਆਮ ਆਦਮੀ ਪਾਰਟੀ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 8 ਸੰਸਦੀ ਸੀਟਾਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੇ ਜਾਣ ਮਗਰੋਂ ਫਰੀਦਕੋਟ ਸੀਟ ਦੀ ਚੋਣ ਤਸਵੀਰ ਬਾਰੇ ਚਰਚੇ ਸ਼ੁਰੂ ਹੋ ਗਏ ਹਨ। 'ਆਪ' ਨੇ ਜਿਹਨਾਂ 8 ਸੀਟਾਂ ਤੋਂ ਉਮੀਦਵਾਰ ਐਲਾਨੇ ਹਨ, ਓਹਨਾਂ ਵਿਚੋਂ ਸੱਭ ਤੋਂ ਵੱਧ ਚਰਚਾ ਹੀ ਫਰੀਦਕੋਟ ਸੀਟ ਦੀ ਉਮੀਦਵਾਰੀ ਨੂੰ ਲੈਕੇ ਹੋ ਰਹੀ ਹੈ। ਇਸ ਸੀਟ ਤੋਂ 'ਆਪ' ਨੇ ਪੰਜਾਬੀ ਗਾਇਕ, ਐਕਟਰ, ਪ੍ਰੋਡਿਊਸਰ ਤੇ ਕਾਮੇਡੀਅਨ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨਿਆ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਰੀਬੀ ਦੋਸਤ ਤੇ ਪੁਰਾਣੇ ਸਾਥੀ ਕਲਾਕਾਰ ਹਨ। ਫਰੀਦਕੋਟ ਦੇ ਮੌਜੂਦਾ ਸਾਂਸਦ ਕਾਂਗਰਸ ਦੇ ਮੁਹੰਮਦ ਸਦੀਕ ਵੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਹਨ ਅਤੇ ਕਈ ਪੰਜਾਬੀ ਫ਼ਿਲਮਾਂ ਵਿਚ ਐਕਟਰ ਵਜੋਂ ਵੀ ਦਿਖਾਈ ਦਿੱਤੇ ਹਨ। ਅਜੇ ਕਾਂਗਰਸ ਪਾਰਟੀ ਨੇ ਮੁਹੰਮਦ ਸਦੀਕ ਨੂੰ ਫਰੀਦਕੋਟ ਤੋਂ ਦੋਬਾਰਾ ਚੋਣ ਲੜਾਉਣ ਜਾਂ ਨਾ ਲੜਾਉਣ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਕੁਝ ਸੂਤਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਇਸ ਹਲਕੇ ਤੋਂ ਆਪਣਾ ਉਮਦੀਵਾਰ ਬਦਲ ਸਕਦੀ ਹੈ, ਪਰ ਜੇਕਰ ਸਦੀਕ ਨੂੰ ਹੀ ਇਸ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਇਸ ਸੀਟ 'ਤੇ ਦੋ ਸਿੰਗਰਾਂ ਵਿਚਾਲੇ ਸਿੰਗ ਫਸਣ ਦੀ ਸੰਭਾਵਨਾ ਹੋ ਜਾਵੇਗੀ।
*ਸਿੰਗਰਾਂ ਤੇ ਐਕਟਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਰਿਵਾਇਤ*
ਸਿਆਸੀ ਪਾਰਟੀਆਂ ਵੱਲੋਂ ਐਕਟਰਾਂ ਤੇ ਗਾਇਕਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਸਿਲਸਿਲਾ ਜਾਂ ਰਿਵਾਇਤ ਕੋਈ ਨਵੀਂ ਨਹੀਂ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਿਆਸੀ ਪਾਰਟੀਆਂ ਕਲਾਕਾਰਾਂ ਨੂੰ ਟਿਕਟਾਂ ਦਿੰਦੀਆਂ ਰਹੀਆਂ ਹਨ। ਇੱਕਲੇ ਪੰਜਾਬ ਦੀ ਗੱਲ ਕਰੀਏ ਤਾਂ ਭਾਜਪਾ ਵੱਲੋਂ ਗੁਰਦਾਸਪੁਰ ਤੋਂ ਸਵ: ਵਿਨੋਦ ਖੰਨਾ ਤੇ ਸੰਨੀ ਦਿਓਲ ਨੂੰ ਟਿਕਟ ਦੇ ਚੁੱਕੀ ਹੈ ਤੇ ਉਹ ਦੋਵੇਂ ਇਸ ਸੀਟ ਤੋਂ ਜਿੱਤ ਵੀ ਚੁੱਕੇ ਹਨ। ਪੰਜਾਬੀ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਨੂੰ ਵੀ ਭਾਜਪਾ ਸਾਂਸਦ ਬਣਾ ਚੁੱਕੀ ਹੈ। ਕਾਂਗਰਸ ਨੇ ਮੁਹੰਮਦ ਸਦੀਕ ਨੂੰ ਪਹਿਲਾਂ ਭਦੌੜ ਤੋਂ ਵਿਧਾਨ ਸਭਾ ਚੋਣ ਲੜਾਈ ਅਤੇ ਫਿਰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਤੋਂ ਟਿਕਟ ਦਿੱਤੀ। ਦੋਵੇਂ ਵਾਰ ਸਦੀਕ ਜੇਤੂ ਵੀ ਰਹੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੀ ਕਾਂਗਰਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਅਤੇ ਐਕਟਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਮੋਗਾ ਤੋਂ ਟਿਕਟ ਦਿੱਤੀ, ਪਰ ਦੋਵੇਂ ਬਦਕਿਸਮਤੀ ਨਾਲ ਚੋਣ ਹਾਰ ਗਏ ਸਨ। ਆਮ ਆਦਮੀ ਪਾਰਟੀ ਨੇ ਵੀ ਪਿਛਲੀਆਂ ਅਸੰਬਲੀ ਚੋਣਾਂ ਵਿੱਚ ਕਈ ਕਲਾਕਾਰ ਮੈਦਾਨ ਵਿੱਚ ਉਤਾਰੇ ਅਤੇ ਉਹ ਜੇਤੂ ਵੀ ਹੋਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਿਸੇ ਸਮੇਂ ਪੰਜਾਬ ਦੇ ਹਰਮਨਪਿਆਰੇ ਕਲਾਕਾਰ ਰਹੇ ਹਨ। ਗਾਇਕ ਬਲਕਾਰ ਸਿੱਧੂ ਰਾਮਪੁਰਾ ਫੂਲ, ਨਾਭਾ ਤੋਂ ਦੇਵ ਮਾਨ ਤੇ ਖਰੜ ਤੋਂ ਅਨਮੋਲ ਗਗਨ ਮਾਨ ਨੂੰ ਵੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ।