ਗ਼ਜ਼ਲ / ਅਸ਼ਵਨੀ ਜੇਤਲੀ 'ਪ੍ਰੇਮ '.
ਤਾਬੀਰ ਜੋ ਵੀ ਸੁਪਨਿਆਂ ਦੀ ਲੋੜਦਾ ਹੈ।
ਸ਼ਖ਼ਸ ਉਹ ਹੀ, ਰੁਖ਼ ਹਵਾ ਦਾ ਮੋੜਦਾ ਹੈ।
ਪ੍ਰਵਾਹ ਕਰੇ ਨਾ ਰੋਕਾਂ, ਟੋਕਾਂ, ਜੋਕਾਂ ਦੀ
ਰਾਹ 'ਚ ਆਈ ਹਰ ਰੁਕਾਵਟ ਤੋੜਦਾ ਹੈ।
ਧਰਮ ਹੁੰਦਾ ਹੈ ਉਹਦਾ ਇਨਸਾਨੀਅਤ,
ਤੋੜਦਾ ਕੁਝ ਵੀ ਨਹੀਂ, ਬਸ ਜੋੜਦਾ ਹੈ।
ਚੰਗੇ ਵੱਲ ਹੁੰਦਾ ਹੈ ਉਸਦਾ ਹਰ ਕਦਮ,
ਮਾੜੇ ਰਾਹ ਤੋਂ ਖ਼ੁਦ ਹੀ ਖ਼ੁਦ ਨੂੰ ਹੋੜਦਾ ਹੈ।
ਲੱਭਦਾ ਫਿਰਦੈ ਓਸ ਨੂੰ ਪੱਥਰਾਂ 'ਚ ਵੀ,
ਪ੍ਰੇਮ ਲਈ ਤਾਂ 'ਪ੍ਰੇਮ' ਹਰ ਥਾਂ ਬਹੁੜਦਾ ਹੈ।