ਭਾਜਪਾ ਨੂੰ ਪੰਜਾਬ ਵਿੱਚ ਚੋਣਾਂ ਜਿੱਤਣ ਦਾ ਸੁਪਨਾ ਤਿਆਗ ਦੇਣਾ ਚਾਹੀਦੈ : ਭਗਵੰਤ ਸਿੰਘ ਮਾਨ .
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ 117 ਵਿਧਾਨ ਸਭਾ ਸੀਟਾਂ ’ਚੋਂ 92 ਵਿਧਾਇਕ ਆਮ ਆਦਮੀ ਪਾਰਟੀ ਦੇ ਹਨ, ਜਦੋਂਕਿ ਭਾਜਪਾ ਕੋਲ ਸਿਰਫ਼ 2 ਵਿਧਾਇਕ ਹਨ। ਇਸ ਲਈ ਭਾਜਪਾ ਨੂੰ ਪੰਜਾਬ ’ਚ ਲੋਕ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਦਾ ਸੁਪਨਾ ਛੱਡ ਦੇਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ 13-0 ਨਾਲ ਜਿੱਤੇਗੀ ਅਤੇ ਇਸ ਤੋਂ ਬਾਅਦ ਦਿੱਲੀ, ਗੁਜਰਾਤ ਅਤੇ ਕੁਰੂਕਸ਼ੇਤਰ ’ਚ ਵੀ ਜਿੱਤ ਹਾਸਲ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਪੰਜਾਬ ਨਾਲ ਨਫਰਤ ਕਰਦੀ ਹੈ ਪਰ ਪੰਜਾਬ ਉਹ ਸੂਬਾ ਹੈ ਜੋ ਪੂਰੇ ਦੇਸ਼ ਦਾ ਪੇਟ ਭਰਦਾ ਹੈ। ਆਮ ਆਦਮੀ ਪਾਰਟੀ ਹੁਣ ਛੋਟੀ ਪਾਰਟੀ ਨਹੀਂ ਰਹੀ। 10 ਸਾਲਾਂ ’ਚ ਇਹ ਕੌਮੀ ਪਾਰਟੀ ਬਣ ਚੁੱਕੀ ਹੈ। 10 ਸਾਲਾਂ ’ਚ ਸਾਡੀਆਂ 2 ਸੂਬਿਆਂ ’ਚ ਸਰਕਾਰਾਂ ਬਣੀਆਂ ਹਨ। ਸਾਡੇ ਕੋਲ ਰਾਜ ਸਭਾ ਦੇ 10 ਮੈਂਬਰ ਹਨ, ਜਦੋਂਕਿ ਇਕ ਲੋਕ ਸਭਾ ਦਾ ਮੈਂਬਰ ਵੀ ਹੈ। ਗੁਜਰਾਤ ’ਚ ਸਾਡੇ ਕੋਲ 5 ਅਤੇ ਗੋਆ ਵਿਚ 2 ਵਿਧਾਇਕ ਹਨ। ਚੰਡੀਗੜ੍ਹ ਦੇ ਮੇਅਰ ਵੀ ਸਾਡੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਉਭਰਨ ਤੋਂ ਰੋਕਿਆ ਜਾਵੇ।ਅਜਿਹਾ ਹੀ ਯਤਨ ਉਹ ਦਿੱਲੀ ’ਚ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਨਿਰਾਸ਼ ਹੋ ਕੇ ਉਹ ‘ਆਪ’ ਦੇ ਨੇਤਾਵਾਂ ਦਾ ਅਕਸ ਖ਼ਰਾਬ ਕਰਨ ਦਾ ਯਤਨ ਕਰ ਰਹੇ ਹਨ ਪਰ ਇਸ ’ਚ ਵੀ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲਣ ਵਾਲੀ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ, ਭਾਜਪਾ ਨੂੰ ਖ਼ਤਮ ਕਰਨ ਦੇ ਮੁੱਖ ਦੋਸ਼ੀ ਹਨ ਕਿਉਂਕਿ ਭਾਜਪਾ ਨੂੰ ਸਿਰਫ਼ ਕੇਜਰੀਵਾਲ ਦਾ ਹੀ ਡਰ ਹੈ ਅਤੇ ਉਨ੍ਹਾਂ ਤੋਂ ਹੀ ਖ਼ਤਰਾ ਹੈ। ਉਨ੍ਹਾਂ ਦਾ ਪਰਿਵਾਰ ਹੌਂਸਲੇ 'ਚ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਨੇ ਪਹਿਲੀ ਵਾਰ ਅਜਿਹਾ ਨਹੀਂ ਦੇਖਿਆ ਹੈ, ਸਗੋਂ ਜਦੋਂ ਰਾਮ ਲੀਲਾ ਗਰਾਊਂਡ 'ਚੋਂ ਪਾਰਟੀ ਨਿਕਲੀ ਸੀ ਤਾਂ ਕੇਜਰੀਵਾਲ ਜੀ ਪਹਿਲਾਂ ਵੀ ਜੇਲ੍ਹ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੋਚ ਹੈ ਕਿ ਸਾਡੀ ਪਾਰਟੀ ਨੂੰ ਪ੍ਰਚਾਰ ਕਰਨ ਤੋਂ ਰੋਕ ਲੈਣਗੇ ਪਰ ਇਹ ਪ੍ਰਚਾਰ ਤਾਂ ਦੁੱਗਣੇ-ਤਿੱਗਣੇ ਜੋਸ਼ ਨਾਲ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਟੁਕੜੇ-ਟੁਕੜੇ ਗੈਂਗ ਹਨ, ਜੋ ਦੇਸ਼ ਨੂੰ ਤੋੜਨ 'ਚ ਲੱਗੀ ਹੋਈ ਹੈ ਅਤੇ ਅਸੀਂ ਇਸ ਬਾਰੇ ਚੋਣ ਕਮਿਸ਼ਨ ਨੂੰ ਵੀ ਲਿਖਾਂਗੇ ਅਤੇ ਕੇਜਰੀਵਾਲ ਜੀ ਵੱਡੇ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਉਣਗੇ।