*ਨਹੀਂ ਹੋਇਆ ਗਠਜੋੜ, ਹੁਣ ਇੱਕਲੇ ਇੱਕਲੇ ਚੋਣ ਲੜਨਗੇ ਭਾਜਪਾ ਤੇ ਅਕਾਲੀ ਦਲ.

 

ਲੁਧਿਆਣਾ : ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਕਰੀਬ 3 ਸਾਲ ਪਹਿਲਾਂ ਹੋਇਆ ਤੋੜ ਵਿਛੋੜਾ ਹੁਣ ਜਿਉਂ ਦਾ ਤਿਉਂ ਹੀ ਰਹਿ ਗਿਆ ਹੈ। ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਬਾਰੇ ਚੱਲ ਰਹੇ ਚਰਚਿਆਂ ਨੂੰ ਅੱਜ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਦੋਹਾਂ ਪਾਰਟੀਆਂ ਨੇ ਗਠਜੋੜ ਵਾਰਤਾ ਸਿਰੇ ਨਾ ਚੜ੍ਹਨ ਕਾਰਨ ਸੰਸਦੀ ਚੋਣਾਂ ਵੱਖੋ ਵੱਖਰੇ ਤੌਰ 'ਤੇ ਇੱਕਲਿਆਂ ਲੜਨ ਦਾ ਐਲਾਨ ਕਰ ਦਿੱਤਾ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਇਕੱਲੇ ਹੀ ਚੋਣਾਂ ਲੜੇਗੀ।


 ਭਾਜਪਾ ਵੱਲੋਂ ਇਸ ਦਾ ਐਲਾਨ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਟਵਿਟਰ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਹੈ ਕਿ ਪੰਜਾਬ 'ਚ ਭਾਜਪਾ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ। ਜਾਖੜ ਨੇ ਅੱਗੇ ਕਿਹਾ ਕਿ ਲੋਕਾਂ, ਪਾਰਟੀ ਵਰਕਰਾਂ ਅਤੇ ਆਗੂਆਂ ਦੀ ਰਾਏ ਲੈਣ ਮਗਰੋਂ ਪੰਜਾਬ ਦੇ ਭਵਿੱਖ, ਜਵਾਨੀ, ਕਿਸਾਨੀ ਅਤੇ ਸਾਰਿਆਂ ਦੀ ਬਿਹਤਰੀ ਵਾਸਤੇ ਇਹ ਫ਼ੈਸਲਾ ਲਿਆ ਗਿਆ ਹੈ।


 ਜਾਖੜ ਨੇ ਕਿਹਾ ਕਿ ਜੋ ਕੰਮ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੀਤੇ ਹਨ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ। ਕਿਸਾਨਾਂ ਦਾ  ਫ਼ਸਲਾਂ ਦਾ ਇਕ ਇਕ ਦਾਣਾ ਪਿਛਲੇ 10 ਸਾਲਾਂ ਵਿਚ ਚੁੱਕਿਆ ਗਿਆ ਹੈ ਅਤੇ ਫ਼ਸਲ ਦਾ ਭੁਗਤਾਨ ਹਫ਼ਤੇ ਦੇ ਅੰਦਰ ਅੰਦਰ ਕਿਸਾਨਾਂ ਦੇ ਖ਼ਾਤਿਆਂ ਵਿਚ ਪਹੁੰਚਿਆ ਹੈ। 


ਜਾਖੜ ਨੇ ਕਿਹਾ ਕਿ ਜੋ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ  ਹੈ, ਇਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੀ ਹੋਇਆ ਹੈ।


ਦੂਜੇ ਪਾਸੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਪਾਰਟੀ ਨੇ ਕਿਹਾ ਕਿ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਭਾਜਪਾ ਨਾਲ ਗਠਜੋੜ ਲਈ ਰੱਖੀਆਂ ਸ਼ਰਤਾਂ ਉਪਰ ਸਹਿਮਤੀ ਨਾ ਹੋਣ ਕਾਰਨ ਇੱਕਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ ਹੈ।