ਡੀ.ਸੀ ਵੱਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ.
*ਆਬਕਾਰੀ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਕੀਤੀ ਸਮੀਖਿਆ*
*ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਵਚਨਬੱਧਤਾ ਨੂੰ ਦੁਹਰਾਇਆ*
ਲੁਧਿਆਣਾ, 7 ਅਪ੍ਰੈਲ (ਕੁਨਾਲ ਜੇਤਲੀ) - :
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਤਵਾਰ ਨੂੰ ਪੰਜਾਬ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਰਾਬ ਦੀ ਨਾਜਾਇਜ਼ ਤਸਕਰੀ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਲ੍ਹਾ ਪੱਧਰੀ ਵਰਚੁਅਲ ਸਮੀਖਿਆ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਡਿਸਟਿਲਰੀ, ਬੋਟਲਿੰਗ ਪਲਾਂਟ, ਗੋਦਾਮਾਂ ਆਦਿ ਨੂੰ 24X7 ਸੀ.ਸੀ.ਟੀ.ਵੀ ਨਿਗਰਾਨੀ ਹੇਠ ਰੱਖਿਆ ਜਾਵੇ ਤਾਂ ਜੋ ਬਿਨਾਂ ਉਚਿਤ ਲਾਇਸੈਂਸ ਤੋਂ ਕੋਈ ਵੀ ਸ਼ਰਾਬ ਬਾਹਰ ਨਾ ਜਾ ਸਕੇ. ਉਹਨਾਂ ਸ਼ਰਾਬ ਦੇ ਠੇਕਿਆਂ ਦੀ 24 ਘੰਟੇ ਨਿਗਰਾਨੀ ਕਰਨ ਤੋਂ ਇਲਾਵਾ ਡਿਸਟਿਲਰੀ, ਬੋਟਲਿੰਗ ਪਲਾਂਟ ਅਤੇ ਹੋਰ ਪੁਆਇੰਟਾਂ ਦੇ ਆਲੇ ਦੁਆਲੇ ਖਾਲੀ ਪਏ ਮਕਾਨਾਂ/ਪਲਾਟਾਂ/ਫਲੈਟਾਂ ਦੀ ਜਾਂਚ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਿਨ੍ਹਾਂ ਨੂੰ ਅਣਅਧਿਕਾਰਤ ਸ਼ਰਾਬ ਸਟੋਰੇਜ ਦੇ ਸੰਦਰਭ ਵਿੱਚ ਸੰਭਾਵੀ ਸਟੋਰੇਜ ਪੁਆਇੰਟਾਂ ਵਜੋਂ ਵਰਤਿਆ ਜਾ ਸਕਦਾ ਹੈ।
ਸਹਾਇਕ ਕਮਿਸ਼ਨਰ (ਆਬਕਾਰੀ) ਇੰਦਰਜੀਤ ਸਿੰਘ ਨਾਗਪਾਲ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਦੱਸਿਆ ਕਿ ਫੋਕਲ ਪੁਆਇੰਟ ਵਿੱਚ ਬਰੂਅਰੀ ਅਤੇ ਹੰਬੜਾਂ ਵਿੱਚ ਬੋਟਲਿੰਗ ਪਲਾਂਟ ਦੀ ਨਿਗਰਾਨੀ ਲਈ ਇੱਕ ਸਮਰਪਿਤ ਟੀਮ ਪਹਿਲਾਂ ਹੀ ਤਾਇਨਾਤ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਸੈਕਟਰੀ, ਰੀਜਨਲ ਟਰਾਂਸਪੋਰਟ ਅਥਾਰਟੀ ਨੂੰ ਵੀ ਹਦਾਇਤ ਕੀਤੀ ਕਿ ਜਦੋਂ ਵੀ ਉਨ੍ਹਾਂ ਵੱਲੋਂ ਕੋਈ ਵਿਸ਼ੇਸ਼ ਨਾਕਾ ਲਗਾਇਆ ਜਾਵੇ ਤਾਂ ਆਬਕਾਰੀ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।
ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਾਹਨੀ ਨੇ ਕਿਹਾ ਕਿ ਸ਼ਰਾਬ ਦੀ ਨਾਜਾਇਜ਼ ਤਸਕਰੀ ਅਤੇ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਸ਼ਰਾਬ ਬਣਾਉਣ ਲਈ ਕੱਚੇ ਮਾਲ ਵਜੋਂ ਵਰਤੇ ਜਾ ਸਕਣ ਵਾਲੇ ਅਲਕੋਹਲ/ਸਪਿਰਿਟ/ਕੈਮੀਕਲ ਦੀ ਸਪਲਾਈ ਨੂੰ ਰੋਕ ਲਈ ਟਰਾਂਸਪੋਰਟ/ਆਬਕਾਰੀ/ਪੁਲਿਸ ਵੱਲੋਂ ਵਿਸ਼ੇਸ਼ ਨਾਕੇ ਲਗਾਏ ਜਾਣ ਅਤੇ ਸ਼ਰਾਬ ਦੀ ਨਾਜਾਇਜ਼ ਵਿਕਰੀ/ਸ਼ਰਾਬ ਤਸਕਰੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਪ੍ਰਭਾਵੀ ਕਾਰਵਾਈ ਯਕੀਨੀ ਬਣਾਈ ਜਾਵੇ।