*ਲੋਕ ਸਭਾ ਚੋਣਾਂ: ਵਸਨੀਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ 'ਨੁੱਕੜ ਨਾਟਕ' ਅਤੇ 'ਮਲਵਈ ਗਿੱਧਾ' ਕਰਵਾਇਆ .
ਲੁਧਿਆਣਾ, 7 ਅਪ੍ਰੈਲ (ਕੁਨਾਲ ਜੇਤਲੀ) :
ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਇੱਕ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਆਸਪੁਰਾ ਇਲਾਕੇ ਦੇ ਮਿੰਨੀ ਰੋਜ਼ ਗਾਰਡਨ ਵਿਖੇ 'ਨੁੱਕੜ ਨਾਟਕ' ਅਤੇ 'ਮਲਵਈ ਗਿੱਧਾ' ਦਾ ਆਯੋਜਨ ਕੀਤਾ ਗਿਆ।
ਇਹ ਸਮਾਗਮ ਲੁਧਿਆਣਾ ਦੱਖਣੀ ਹਲਕੇ ਵਿੱਚ ਸਵੀਪ ਪ੍ਰੋਗਰਾਮ ਤਹਿਤ ਕਰਵਾਇਆ ਗਿਆ।
ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ.), ਲੁਧਿਆਣਾ ਦੱਖਣੀ, ਨਵਨੀਤ ਕੌਰ ਬੱਲ; ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ, ਏ.ਸੀ.ਪੀ ਸਾਊਥ ਬ੍ਰਿਜ ਮੋਹਨ, ਲੁਧਿਆਣਾ ਸਾਊਥ ਦੇ ਸਵੀਪ ਨੋਡਲ ਅਫ਼ਸਰ ਵਰਿੰਦਰ ਪਾਠਕ ਨੇ ਵੀ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।
ਐਨ.ਜੀ.ਓ ਇਨੀਸ਼ੀਏਟਰਜ਼ ਆਫ਼ ਚੇਂਜ ਦੇ ਮੈਂਬਰਾਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਾਹਨੇਵਾਲ ਦੇ ਵਿਦਿਆਰਥੀਆਂ ਵੱਲੋਂ ‘ਮਲਵਈ ਗਿੱਧਾ’ ਪੇਸ਼ ਕੀਤਾ ਗਿਆ।
ਏ.ਆਰ.ਓ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ.)-ਕਮ-ਡਿਪਟੀ ਕਮਿਸ਼ਨਰ (ਡੀ.ਸੀ.) ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਹਲਕੇ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਅਤੇ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਇਸ ਦਾ ਉਦੇਸ਼ ਲੋਕ ਸਭਾ-2024 ਚੋਣਾਂ ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਅਤੇ ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਵੋਟਰਾਂ (ਇਸ ਵਾਰ, 70 ਪਾਰ) ਦੇ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।
ਇਸ ਦੌਰਾਨ ਏ.ਆਰ.ਓ ਨਵਨੀਤ ਕੌਰ ਬੱਲ ਨੇ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਅਤੇ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਬਿਨਾਂ ਕਿਸੇ ਦੇ ਪ੍ਰਭਾਵ ਹੇਠ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।