ਸਰੀ ਦੀ ਨਾਮਵਰ ਸ਼ਖ਼ਸੀਅਤ ਡਾ. ਜਸਵਿੰਦਰ ਦਿਲਾਵਰੀ ‘ਕੁਈਨਜ਼ ਪਲੈਟਨਮ ਜੁਬਲੀ ਐਵਾਰਡ’ ਨਾਲ ਸਨਮਾਨਿਤ : ਹਰਦਮ ਮਾਨ.
ਸਰੀ, 8 ਅਪ੍ਰੈਲ - ਸਰੀ ਦੇ ਵਿਦਿਅਕ, ਸਮਾਜਿਕ ਅਤੇ ਮੀਡੀਆ ਖੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਜਸਵਿੰਦਰ ਦਿਲਾਵਰੀ ਨੂੰ ਉਨ੍ਹਾਂ ਵੱਲੋਂ ਸਮਾਜਿਕ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਕੈਨੇਡਾ ਸਰਕਾਰ ਵੱਲੋਂ ‘ਕੁਈਨਜ਼ ਪਲੈਟਨਮ ਜੁਬਲੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਅੱਜ ਸਰੀ ਵਿਖੇ ਹੋਏ ਇਕ ਸਮਾਗਮ ਵਿਚ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਦੇ ਆਫਿਸ ਮੈਨੇਜਰ ਵੱਲੋਂ ਉਨ੍ਹਾਂ ਨੂੰ ਪ੍ਰਦਾਨ ਕੀਤਾ ਗਿਆ। ਮਹਾਰਾਣੀ ਐਲਿਜ਼ਾਬੈਥ-II ਦੇ ਗੱਦੀ 'ਤੇ ਬਿਰਾਜਮਾਨ ਹੋਣ ਦੀ 70ਵੀਂ ਵਰ੍ਹੇਗੰਢ ਦਾ ਪ੍ਰਤੀਕ ਇਹ ਸਨਮਾਨ ਸਮਾਜ ਅਤੇ ਕਮਿਊਨਿਟੀ ਲਈ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਅਹਿਮ ਵਿਅਕਤੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਇਸ ਅਵਾਰਡ ਲਈ ਕੈਨੇਡਾ ਸਰਕਾਰ ਅਤੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਦਾ ਧੰਨਵਾਦ ਕਰਦਿਆਂ ਡਾ. ਜਸਵਿੰਦਰ ਦਿਲਾਵਰੀ ਨੇ ਕਿਹਾ ਕਿ ਇਹ ਅਵਾਰਡ ਉਨ੍ਹਾਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।
ਵਰਨਣਯੋਗ ਹੈ ਕਿ ਡਾ. ਜਸਵਿੰਦਰ ਦਿਲਾਵਰੀ ਪਿਛਲੇ ਕਈ ਸਾਲਾਂ ਤੋਂ ਸਰੀ ਦੇ ਵਿਦਿਅਕ, ਸਮਾਜਿਕ, ਪੱਤਰਕਾਰੀ, ਇਮੀਗ੍ਰੇਸ਼ਨ ਅਤੇ ਰੀਅਲ ਇਸਟੇਟ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਅ ਰਹੇ ਹਨ ਅਤੇ ਕਮਿਊਨਿਟੀ ਦੇ ਕਾਰਜਾਂ ਵਿਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੂੰ ਇਹ ਸਨਮਾਨ ਮਿਲਣ ‘ਤੇ ਡੈਲਟਾ ਦੇ ਨੌਜਵਾਨ ਰਾਜਨੀਤਕ ਆਗੂ ਅੰਮ੍ਰਿਤਪਾਲ ਸਿੰਘ ਢੋਟ, ਨੌਜਵਾਨ ਆਗੂ ਲਖਵੀਰ ਸਿੰਘ ਗਰੇਵਾਲ, ਕਰਮਜੀਤ ਬਾਠ, ਸ਼ਾਮ ਸਰਮਾ, ਹਰਮੀਤ ਮਨਕਟਲਾ, ਜਸਬੀਰ ਸਿੰਘ ਭਾਟੀਆ ਅਤੇ ਨਵਦੀਪ ਚਾਹਲ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਡਾ. ਦਿਲਾਵਰੀ ਬਹੁਤ ਹੀ ਮਿਲਣਸਾਰ, ਸਹਿਯੋਗੀ, ਮਦਦਗਾਰ ਵਿਅਕਤੀ ਹੈ ਅਤੇ ਹਮੇਸ਼ਾ ਹਰ ਮਿਲਣ ਵਾਲੇ ਨੂੰ ਆਪਣੀ ਸਹੀ ਅਤੇ ਸੁਹਿਰਦ ਸਲਾਹ ਪ੍ਰਦਾਨ ਕਰਦੇ ਹਨ।
